Today’s Hukamnama from Gurdwara Damdama Sahib Thatta

75

ਸਨਿੱਚਰਵਾਰ 21 ਅਪ੍ਰੈਲ 2018 (8 ਵੈਸਾਖ ਸੰਮਤ 550 ਨਾਨਕਸ਼ਾਹੀ)

ਰਾਗੁ ਸੋਰਠਿ ਵਾਰ ਮਹਲੇ ੪ ਕੀ    ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੧ ॥ ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥ ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ ॥ ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ ॥ ਪਰਹਰਿ ਕਪੜੁ ਜੇ ਪਿਰ ਮਿਲੈ ਖੁਸੀ ਰਾਵੈ ਪਿਰੁ ਸੰਗਿ ॥ ਸਦਾ ਸੀਗਾਰੀ ਨਾਉ ਮਨਿ ਕਦੇ ਨ ਮੈਲੁ ਪਤੰਗੁ ॥ ਦੇਵਰ ਜੇਠ ਮੁਏ ਦੁਖਿ ਸਸੂ ਕਾ ਡਰੁ ਕਿਸੁ ॥ ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭੁ ਸਚੁ ॥੧॥ {ਪੰਨਾ 642}

ਪਦਅਰਥ: ਮਨਿ = ਮਨ ਵਿਚ। ਦੰਦੀ ਮੈਲੁ = ਦੰਦਾਂ ਵਿਚ ਮੈਲ, ਦੰਦ = ਕਥਾਨਿੰਦਿਆ। ਕਤੁ = ਚੀਰ, ਵਿੱਥ, ਵੈਰ = ਵਿਰੋਧ। ਸਸੁਰੈ = ਸਹੁਰੇ ਘਰ, ਪਰਲੋਕ ਵਿਚ। ਪੇਈਐ = ਪੇਕੇ ਘਰ, ਇਸ ਲੋਕ ਵਿਚ। ਨਿਸੰਗ = ਨਿਝੱਕ। ਪਰਹਰਿ = ਛੱਡ ਕੇ। ਕਪੜੁ = ਵਿਖਾਵਾ। ਪਿਰ ਮਿਲੈ = ਪਤੀ ਨੂੰ ਮਿਲੇ। ਪਿਰੁ ਰਾਵੈ = ਪਤੀ ਮਾਣਦਾ ਹੈ। ਖੁਸੀ ਸੰਗਿ ਪ੍ਰਸੰਨਤਾ ਨਾਲ, ਤ੍ਰੁੱਠ ਕੇ। ਪਤੰਗੁ = ਰਤਾ ਭਰ ਭੀ। ਸਸੂ = ਮਾਇਆ। ਦੇਵਰ ਜੇਠ = (ਸੱਸ) ਮਾਇਆ ਦੇ ਪੁਤ੍ਰ, ਕਾਮਾਦਿਕ ਵਿਕਾਰ। ਪਿਰ ਭਾਵੈ = ਪਤੀ ਨੂੰ ਚੰਗੀ ਲੱਗੇ। ਕਰਮ ਮਣੀ = ਭਾਗਾਂ ਦੀ ਮਣੀ।

ਅਰਥ: ਸੋਰਠਿ ਰਾਗਣੀ ਸਦਾ ਸੋਹਣੀ ਲੱਗੇ ਜੇ (ਇਸ ਦੀ ਰਾਹੀਂ ਪ੍ਰਭੂ ਦੇ ਗੁਣ ਗਾਂਵਿਆਂ) ਸਦ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਵੱਸ ਪਏ, ਨਿੰਦਿਆ ਕਰਨ ਦੀ ਵਾਦੀ ਨਾਹ ਰਹੇ, ਮਨ ਵਿਚ ਕਿਸੇ ਨਾਲ ਵੈਰ-ਵਿਰੋਧ ਨਾਹ ਹੋਵੇ, ਤੇ ਜੀਭ ਉਤੇ ਉਹ ਸੱਚਾ ਮਾਲਕ ਹੋਵੇ। (ਇਸ ਤਰ੍ਹਾਂ ਜੀਵ-ਇਸਤ੍ਰੀ) ਲੋਕ ਪਰਲੋਕ ਵਿਚ (ਪਰਮਾਤਮਾ ਦੇ) ਡਰ ਵਿਚ ਜੀਵਨ ਗੁਜ਼ਾਰਦੀ ਹੈ ਤੇ ਗੁਰੂ ਦੀ ਸੇਵਾ ਕਰ ਕੇ ਨਿਝੱਕ ਹੋ ਜਾਂਦੀ ਹੈ (ਭਾਵ, ਕੋਈ ਸਹਿਮ ਦੱਬਾ ਨਹੀਂ ਪਾਂਦਾ। ਵਿਖਾਵਾ ਛੱਡ ਕੇ ਜੇ ਪਤੀ-ਪ੍ਰਭੂ ਨੂੰ ਮਿਲ ਪਏ ਤਾਂ ਪਤੀ ਭੀ ਤ੍ਰੁੱਠ ਕੇ ਇਸ ਨੂੰ ਆਪਣੇ ਨਾਲ ਮਿਲਾਂਦਾ ਹੈਜਿਸ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਦਾ ਨਾਮ ਟਿਕ ਜਾਏ ਉਹ (ਇਸ ਨਾਮ-ਸਿੰਗਾਰ ਨਾਲ) ਸਦਾ ਸਜੀ ਰਹਿੰਦੀ ਹੈ ਤੇ ਕਦੇ (ਵਿਕਾਰਾਂ ਦੀ ਉਸ ਨੂੰ) ਰਤਾ ਭਰ ਭੀ ਮੈਲ ਨਹੀਂ ਲੱਗਦੀ। ਉਸ ਜੀਵ-ਇਸਤ੍ਰੀ ਦੇ ਕਾਮਾਦਿਕ ਵਿਕਾਰ ਮੁੱਕ ਜਾਂਦੇ ਹਨ, ਮਾਇਆ ਦਾ ਭੀ ਕੋਈ ਦਬਾਅ ਉਸ ਉਤੇ ਨਹੀਂ ਰਹਿ ਜਾਂਦਾ। ਹੇ ਨਾਨਕ! ਪ੍ਰਭੂ-ਪਤੀ ਨੂੰ ਮਨ ਵਿਚ ਵਸਾ ਕੇ) ਜੇ ਜੀਵ-ਇਸਤ੍ਰੀ ਪਤੀ-ਪ੍ਰਭੂ ਨੂੰ ਚੰਗੀ ਲੱਗੇ ਤਾਂ ਉਸ ਦੇ ਮੱਥੇ ਤੇ ਭਾਗਾਂ ਦਾ ਟਿੱਕਾ (ਸਮਝੋਉਸ ਨੂੰ ਹਰ ਥਾਂ ਸੱਚਾ ਪ੍ਰਭੂ ਹੀ (ਦਿੱਸਦਾ ਹੈ੧।

ਮਃ ੪ ॥ ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ ॥ ਗੁਰ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ ॥ ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥ {ਪੰਨਾ 642}

ਪਦਅਰਥ: ਤਾਮਿ = ਤਦੋਂ। ਪ੍ਰੇਮਿ = ਪ੍ਰੇਮ ਦੀ ਰਾਹੀਂ। ਕਸਾਈ = ਖਿੱਚੀ ਹੋਈ। ਚੋਲਾ = ਸਰੀਰ।

ਅਰਥ: ਸੋਰਠਿ ਰਾਗਣੀ ਤਦੋਂ ਸੋਹਣੀ ਹੈਜੇ (ਇਸ ਦੀ ਰਾਹੀਂ ਜੀਵ-ਇਸਤ੍ਰੀ) ਹਰੀ ਦੇ ਨਾਮ ਦੀ ਖੋਜ ਕਰੇ, ਆਪਣੇ ਵੱਡੇ ਪਤੀ ਹਰੀ ਨੂੰ ਪ੍ਰਸੰਨ ਕਰੇ ਤੇ ਸਤਿਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦਾ ਸਿਮਰਨ ਕਰੇਦਿਨ ਰਾਤ ਹਰੀ ਦੇ ਪ੍ਰੇਮ ਦੀ ਖਿੱਚੀ ਹੋਈ ਆਪਣੇ (ਸਰੀਰ-ਰੂਪ) ਚੋਲੇ ਨੂੰ ਹਰੀ ਦੇ ਰੰਗ ਵਿਚ ਰੰਗੀ ਰੱਖੇ।

ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥ {ਪੰਨਾ 642}

ਅਰਥ: ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ ਪਰਮਾਤਮਾ ਜਿਹਾ ਕੋਈ ਪੁਰਖ ਨਹੀਂ ਲੱਭਾ।

ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮਨੁ ਅਨਤ ਨ ਕਾਹੂ ਡੋਲੇ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੋਲ ਗੋਲੇ ॥੨॥ {ਪੰਨਾ 642}

ਪਦਅਰਥ: ਅਨਤ = ਕਿਸੇ ਹੋਰ ਪਾਸੇ। ਗੋਲ ਗੋਲੇ = ਗੋਲਿਆਂ ਦਾ ਗੋਲਾ।

ਅਰਥ: ਗੁਰੂ ਸਤਿਗੁਰੂ ਨੇ ਹਰੀ ਦਾ ਨਾਮ (ਮੇਰੇ ਹਿਰਦੇ ਵਿਚ) ਦ੍ਰਿੜ੍ਹ ਕੀਤਾ ਹੈ, (ਇਸ ਕਰ ਕੇ ਹੁਣ) ਮੇਰਾ ਮਨ ਕਿਧਰੇ ਡੋਲਦਾ ਨਹੀਂਦਾਸ ਨਾਨਕ ਪ੍ਰਭੂ ਦਾ ਦਾਸ ਹੈ ਤੇ ਗੁਰੂ ਸਤਿਗੁਰੂ ਦੇ ਦਾਸਾਂ ਦਾ ਦਾਸ ਹੈ।

ਪਉੜੀ ॥ ਤੂ ਆਪੇ ਸਿਸਟਿ ਕਰਤਾ ਸਿਰਜਣਹਾਰਿਆ ॥ ਤੁਧੁ ਆਪੇ ਖੇਲੁ ਰਚਾਇ ਤੁਧੁ ਆਪਿ ਸਵਾਰਿਆ ॥ ਦਾਤਾ ਕਰਤਾ ਆਪਿ ਆਪਿ ਭੋਗਣਹਾਰਿਆ ॥ ਸਭੁ ਤੇਰਾ ਸਬਦੁ ਵਰਤੈ ਉਪਾਵਣਹਾਰਿਆ ॥ ਹਉ ਗੁਰਮੁਖਿ ਸਦਾ ਸਲਾਹੀ ਗੁਰ ਕਉ ਵਾਰਿਆ ॥੧॥ {ਪੰਨਾ 642}

ਪਦਅਰਥ: ਸਬਦੁ = ਹੁਕਮ, ਜੀਵਨ = ਰੌ। ਹਉ = ਮੈਂ। ਗੁਰਮੁਖਿ = ਗੁਰੂ ਦੀ ਰਾਹੀਂ।

ਅਰਥ: ਹੇ ਸਿਰਜਣਹਾਰ! ਤੂੰ ਆਪ ਹੀ ਸੰਸਾਰ ਦੇ ਰਚਣ ਵਾਲਾ ਹੈਂ; (ਸੰਸਾਰ-ਰੂਪ) ਖੇਡ ਬਣਾ ਕੇ ਤੂੰ ਆਪ ਹੀ ਇਸ ਨੂੰ ਸੋਹਣਾ ਬਣਾਇਆ ਹੈਸੰਸਾਰ ਰਚਣ ਵਾਲਾ ਤੂੰ ਆਪ ਹੈਂ। ਇਸ ਨੂੰ ਦਾਤਾਂ ਬਖ਼ਸ਼ਣ ਵਾਲਾ ਭੀ ਤੂੰ ਆਪ ਹੀ ਹੈਂ, ਉਹਨਾਂ ਦਾਤਾਂ ਨੂੰ ਭੋਗਣ ਵਾਲਾ ਭੀ ਤੂੰ ਹੀ ਹੈਂਹੇ ਪੈਦਾ ਕਰਨ ਵਾਲੇ! ਸਭ ਥਾਈਂ ਤੇਰੀ ਜੀਵਨ-ਰੌ ਵਰਤ ਰਹੀ ਹੈ। (ਪਰ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਜਿਸ ਦੇ ਸਨਮੁਖ ਹੋ ਕੇ ਤੇਰੀ ਸਿਫ਼ਤਿ-ਸਾਲਾਹ ਸਦਾ ਕਰ ਸਕਦਾ ਹਾਂ।੧।