ਸੋਮਵਾਰ 9 ਅਪ੍ਰੈਲ 2018 (27 ਚੇਤ ਸੰਮਤ 550 ਨਾਨਕਸ਼ਾਹੀ)
ਸੂਹੀ ਮਹਲਾ ੧ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਅੰਤਰਿ ਵਸੈ ਨ ਬਾਹਰਿ ਜਾਇ ॥ ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ ॥੧॥ ਐਸਾ ਗਿਆਨੁ ਜਪਹੁ ਮਨ ਮੇਰੇ ॥ ਹੋਵਹੁ ਚਾਕਰ ਸਾਚੇ ਕੇਰੇ ॥੧॥ ਰਹਾਉ ॥ ਗਿਆਨੁ ਧਿਆਨੁ ਸਭੁ ਕੋਈ ਰਵੈ ॥ ਬਾਂਧਨਿ ਬਾਂਧਿਆ ਸਭੁ ਜਗੁ ਭਵੈ ॥੨॥ ਸੇਵਾ ਕਰੇ ਸੁ ਚਾਕਰੁ ਹੋਇ ॥ ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ ॥੩॥ ਹਮ ਨਹੀ ਚੰਗੇ ਬੁਰਾ ਨਹੀ ਕੋਇ ॥ ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥ {ਅੰਗ 728}
ਪਦਅਰਥ: ਅੰਤਰਿ = ਅੰਤਰ ਆਤਮੇ। ਵਸੈ = ਟਿਕਿਆ ਰਹਿੰਦਾ ਹੈ। ਬਾਹਰਿ = ਦੁਨੀਆ ਦੇ ਰਸਾਂ ਪਦਾਰਥਾਂ ਵਲ। ਛੋਡਿ = ਛੱਡ ਕੇ। ਚਾਹੇ = ਕਿਉਂ? ਬਿਖੁ = ਜ਼ਹਿਰ, ਚਸਕਿਆਂ = ਰੂਪ ਜ਼ਹਿਰ।੧।
ਗਿਆਨੁ = ਡੂੰਘੀ ਸਾਂਝ, ਸੂਝ। ਜਪਹੁ = ਮੁੜ ਮੁੜ ਚੇਤੇ ਰੱਖੋ। ਹੋਵਹੁ = ਹੋ ਸਕੋ, ਬਣ ਸਕੋ। ਕੇਰੇ = ਦੇ।੧।ਰਹਾਉ।
ਗਿਆਨੁ = ਆਤਮਕ ਵਿੱਦਿਆ ਦੀ ਸੂਝ। ਧਿਆਨੁ = ਸੁਰਤਿ ਜੋੜਨੀ, ਮਨ ਇਕਾਗਰ ਕਰਨਾ। ਰਵੈ = ਜ਼ਬਾਨੀ ਜ਼ਬਾਨੀ ਆਖਦਾ ਹੈ। ਬਾਂਧਨਿ = ਬੰਧਨ ਵਿਚ, ਫਾਹੀ ਵਿਚ। ਸਭੁ ਜਗੁ = ਸਾਰਾ ਸੰਸਾਰ। ਭਵੈ = ਭਟਕਦਾ ਹੈ।੨।
ਸੁ = ਉਹ ਮਨੁੱਖ। ਥਲਿ = ਧਰਤੀ ਦੇ ਅੰਦਰ। ਮਹੀਅਲਿ = ਮਹੀਤਲਿ, ਧਰਤੀ ਦੇ ਤਲ ਉਤੇ, ਧਰਤੀ ਦੇ ਉਪਰਲੇ ਪੁਲਾੜ ਵਿਚ। ਸੋਇ = ਉਹੀ ਪ੍ਰਭੂ।੩।
ਪ੍ਰਣਵਤਿ = ਬੇਨਤੀ ਕਰਦਾ ਹੈ। ਸੋਇ = ਉਹ ਪਰਮਾਤਮਾ।੪।
ਅਰਥ: ਹੇ ਮਨ! ਪਰਮਾਤਮਾ ਨਾਲ ਅਜੇਹੀ ਡੂੰਘੀ ਸਾਂਝ ਪੱਕੀ ਕਰ, (ਜਿਸ ਦੀ ਬਰਕਤਿ ਨਾਲ) ਤੂੰ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ (ਸੱਚਾ) ਸੇਵਕ ਬਣ ਸਕੇਂ।੧।ਰਹਾਉ।
(ਸੇਵਕ ਉਹ ਹੈ ਜਿਸ ਦਾ ਮਨ) ਦੁਨੀਆ ਦੇ ਰਸਾਂ ਪਦਾਰਥਾਂ ਵਲ ਨਹੀਂ ਦੌੜਦਾ, ਤੇ ਆਪਣੇ ਅੰਤਰ ਆਤਮੇ ਹੀ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ; ਪਰਮਾਤਮਾ ਦਾ ਨਾਮ-ਅੰਮ੍ਰਿਤ ਛੱਡ ਕੇ ਉਹ ਵਿਸ਼ਿਆਂ ਦਾ ਜ਼ਹਿਰ ਨਹੀਂ ਖਾਂਦਾ।੧।
ਜ਼ਬਾਨੀ ਜ਼ਬਾਨੀ ਤਾਂ ਹਰ ਕੋਈ ਆਖਦਾ ਹੈ ਕਿ ਮੈਨੂੰ ਗਿਆਨ ਪ੍ਰਾਪਤ ਹੋ ਗਿਆ ਹੈ, ਮੇਰੀ ਸੁਰਤਿ ਜੁੜੀ ਹੋਈ ਹੈ, ਪਰ (ਵੇਖਣ ਵਿਚ ਇਹ ਆਉਂਦਾ ਹੈ ਕਿ) ਸਾਰਾ ਜਗਤ ਮਾਇਆ ਦੇ ਮੋਹ ਦੀ ਫਾਹੀ ਵਿਚ ਬੱਝਾ ਹੋਇਆ ਭਟਕ ਰਿਹਾ ਹੈ (ਜ਼ਬਾਨੀ ਆਖਿਆਂ ਪ੍ਰਭੂ ਦਾ ਸੇਵਕ ਬਣ ਨਹੀਂ ਸਕੀਦਾ) ।੨।
ਜੋ ਮਨੁੱਖ (ਮਨ ਨੂੰ ਬਾਹਰ ਭਟਕਣੋਂ ਹਟਾ ਕੇ ਪ੍ਰਭੂ ਦਾ) ਸਿਮਰਨ ਕਰਦਾ ਹੈ ਉਹੀ (ਪ੍ਰਭੂ ਦਾ) ਸੇਵਕ ਬਣਦਾ ਹੈ, ਉਸ ਸੇਵਕ ਨੂੰ ਪ੍ਰਭੂ ਜਲ ਵਿਚ ਧਰਤੀ ਦੇ ਅੰਦਰ ਆਕਾਸ਼ ਵਿਚ ਹਰ ਥਾਂ ਵਿਆਪਕ ਦਿੱਸਦਾ ਹੈ।੩।
ਨਾਨਕ ਬੇਨਤੀ ਕਰਦਾ ਹੈ-ਜੋ ਮਨੁੱਖ (ਹਉਮੈ ਦਾ ਤਿਆਗ ਕਰਦਾ ਹੈ ਤੇ) ਸਮਝਦਾ ਹੈ ਕਿ ਮੈਂ ਹੋਰਨਾਂ ਨਾਲੋਂ ਚੰਗਾ ਨਹੀਂ ਤੇ ਕੋਈ ਮੈਥੋਂ ਮਾੜਾ ਨਹੀਂ, ਅਜੇਹੇ ਸੇਵਕ ਨੂੰ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘਾ ਲੈਂਦਾ ਹੈ।੪।੧।੨।
ਨੋਟ: ਅਖ਼ੀਰਲੇ ਅੰਕਾਂ ਵਿਚੋਂ ਅੰਕ ੧ ਦੱਸਦਾ ਹੈ ਕਿ ‘ਘਰੁ ੨‘ ਦਾ ਇਹ ਪਹਿਲਾ ਸ਼ਬਦ ਹੈ।