ਐਤਵਾਰ 8 ਅਪ੍ਰੈਲ 2018 (26 ਚੇਤ ਸੰਮਤ 550 ਨਾਨਕਸ਼ਾਹੀ)
ਬਿਲਾਵਲੁ ਮਹਲਾ ੫ ॥ ਗੁਰੁ ਪੂਰਾ ਵਡਭਾਗੀ ਪਾਈਐ ॥ ਮਿਲਿ ਸਾਧੂ ਹਰਿ ਨਾਮੁ ਧਿਆਈਐ ॥੧॥ ਪਾਰਬ੍ਰਹਮ ਪ੍ਰਭ ਤੇਰੀ ਸਰਨਾ ॥ ਕਿਲਬਿਖ ਕਾਟੈ ਭਜੁ ਗੁਰ ਕੇ ਚਰਨਾ ॥੧॥ ਰਹਾਉ ॥ਅਵਰਿ ਕਰਮ ਸਭਿ ਲੋਕਾਚਾਰ ॥ ਮਿਲਿ ਸਾਧੂ ਸੰਗਿ ਹੋਇ ਉਧਾਰ ॥੨॥ ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥ ਜਪੀਐ ਨਾਮੁ ਜਿਤੁ ਪਾਰਿ ਉਤਾਰੇ ॥੩॥ ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ॥ ਸਾਧੂ ਧੂਰਿ ਮਿਲੈ ਨਿਸਤਰੀਐ ॥੪॥੬॥੧੧॥ {ਪੰਨਾ 804}
ਪਦਅਰਥ: ਵਡਭਾਗੀ = ਵੱਡੀ ਕਿਸਮਤ ਨਾਲ। ਮਿਲਿ = ਮਿਲ ਕੇ। ਸਾਧੂ = ਗੁਰੂ (ਨੂੰ) ।
ਪ੍ਰਭ = ਹੇ ਪ੍ਰਭੂ! ਕਿਲਬਿਖ = ਪਾਪ। ਭਜੁ = ਆਸਰਾ ਲੈ।੧।ਰਹਾਉ।
ਅਵਰਿ = {ਲਫ਼ਜ਼ ‘ਅਵਰ‘ ਤੋਂ ਬਹੁ-ਵਚਨ} ਹੋਰ (ਸਾਰੇ) । ਸਭਿ = ਸਾਰੇ। ਲੋਕਾਚਾਰ = ਲੋਕ ਆਚਾਰ, ਜਗਤ ਦਾ ਰਿਵਾਜ ਪੂਰਾ ਕਰਨ ਵਾਲੇ। ਸੰਗਿ = ਸੰਗਤਿ ਵਿਚ। ਉਧਾਰ = ਪਾਰ = ਉਤਾਰਾ।੨।
ਸਿੰਮ੍ਰਿਤਿ = ਇਹਨਾਂ ਦੀ ਗਿਣਤੀ ੨੭ ਦੇ ਕਰੀਬ ਹੈ। ਵੇਦ ਆਦਿਕਾਂ ਦੇ ਵਾਕਾਂ ਨੂੰ ਚੇਤੇ ਕਰ ਕੇ ਹਿੰਦੂ = ਸਮਾਜ ਦੀ ਅਗਵਾਈ ਲਈ ਲਿਖੇ ਹੋਏ ਧਾਰਮਿਕ ਗ੍ਰੰਥ। ਸਾਸਤ = ਸ਼ਾਸਤ੍ਰ, ਹਿੰਦੂ = ਫ਼ਲਸਫ਼ੇ ਦੇ ਗ੍ਰੰਥ = ਸਾਂਖ, ਪਤੰਜਲ ਜਾਂ ਜੋਗ, ਨਿਆਇ, ਵੈਸ਼ੈਸ਼ਿਕ, ਮੀਮਾਂਸਾ, ਵੇਦਾਂਤ। ਜਿਤੁ = ਜਿਸ ਦੀ ਰਾਹੀਂ।੩।
ਪ੍ਰਭ = ਹੇ ਪ੍ਰਭੂ! ਧੂਰਿ = ਚਰਨ = ਧੂੜ। ਨਿਸਤਰੀਐ = ਪਾਰ ਲੰਘ ਸਕੀਦਾ ਹੈ।੪।
ਅਰਥ: ਹੇ ਪਾਰਬ੍ਰਹਮ ਪ੍ਰਭੂ! ਮੈਂ) ਤੇਰੀ ਸਰਨ ਆਇਆ ਹਾਂ (ਮੈਨੂੰ ਗੁਰੂ ਮਿਲਾ) । ਹੇ ਭਾਈ! ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾ ਲੈ, ਗੁਰੂ ਸਾਰੇ ਪਾਪ ਕੱਟ ਦੇਂਦਾ ਹੈ।੧।ਰਹਾਉ।
ਹੇ ਭਾਈ! ਪੂਰੀ ਵੱਡੀ ਕਿਸਮਤ ਨਾਲ (ਹੀ) ਗੁਰੂ ਮਿਲਦਾ ਹੈ। ਗੁਰੂ ਨੂੰ ਮਿਲ ਕੇ (ਹੀ) ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ।੧।
ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ) ਹੋਰ ਸਾਰੇ ਕਰਮ ਨਿਰਾ ਵਿਖਾਵਾ ਹੀ ਹਨ। ਗੁਰੂ ਦੀ ਸੰਗਤਿ ਵਿਚ ਮਿਲ ਕੇ (ਹੀ) ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੁੰਦਾ ਹੈ।੧।
ਹੇ ਭਾਈ! ਸਾਰੇ ਸ਼ਾਸਤ੍ਰ, ਸਿੰਮ੍ਰਿਤੀਆਂ ਅਤੇ ਵੇਦ ਵਿਚਾਰ ਕੇ ਵੇਖ ਲਏ ਹਨ। (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਇਸ ਹਰਿ-ਨਾਮ ਦੀ ਰਾਹੀਂ ਹੀ ਗੁਰੂ ਪਾਰ ਲੰਘਾਂਦਾ ਹੈ।੩।
ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ। (ਤੇਰੇ ਦਾਸ ਨੂੰ) ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਏ। (ਗੁਰੂ ਦੀ ਕਿਰਪਾ ਨਾਲ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ।੪।੬।੧੧।