ਮੰਗਲਵਾਰ 3 ਅਪ੍ਰੈਲ 2018 (21 ਚੇਤ ਸੰਮਤ 550 ਨਾਨਕਸ਼ਾਹੀ)
ਰਾਗੁ ਸੋਰਠਿ ਵਾਰ ਮਹਲੇ ੪ ਕੀ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੧ ॥ ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥ ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ ॥ ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ ॥ ਪਰਹਰਿ ਕਪੜੁ ਜੇ ਪਿਰ ਮਿਲੈ ਖੁਸੀ ਰਾਵੈ ਪਿਰੁ ਸੰਗਿ ॥ ਸਦਾ ਸੀਗਾਰੀ ਨਾਉ ਮਨਿ ਕਦੇ ਨ ਮੈਲੁ ਪਤੰਗੁ ॥ ਦੇਵਰ ਜੇਠ ਮੁਏ ਦੁਖਿ ਸਸੂ ਕਾ ਡਰੁ ਕਿਸੁ ॥ ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭੁ ਸਚੁ ॥੧॥ {ਪੰਨਾ 642}
ਪਦਅਰਥ: ਮਨਿ = ਮਨ ਵਿਚ। ਦੰਦੀ ਮੈਲੁ = ਦੰਦਾਂ ਵਿਚ ਮੈਲ, ਦੰਦ = ਕਥਾ, ਨਿੰਦਿਆ। ਕਤੁ = ਚੀਰ, ਵਿੱਥ, ਵੈਰ = ਵਿਰੋਧ। ਸਸੁਰੈ = ਸਹੁਰੇ ਘਰ, ਪਰਲੋਕ ਵਿਚ। ਪੇਈਐ = ਪੇਕੇ ਘਰ, ਇਸ ਲੋਕ ਵਿਚ। ਨਿਸੰਗ = ਨਿਝੱਕ। ਪਰਹਰਿ = ਛੱਡ ਕੇ। ਕਪੜੁ = ਵਿਖਾਵਾ। ਪਿਰ ਮਿਲੈ = ਪਤੀ ਨੂੰ ਮਿਲੇ। ਪਿਰੁ ਰਾਵੈ = ਪਤੀ ਮਾਣਦਾ ਹੈ। ਖੁਸੀ ਸੰਗਿ ਪ੍ਰਸੰਨਤਾ ਨਾਲ, ਤ੍ਰੁੱਠ ਕੇ। ਪਤੰਗੁ = ਰਤਾ ਭਰ ਭੀ। ਸਸੂ = ਮਾਇਆ। ਦੇਵਰ ਜੇਠ = (ਸੱਸ) ਮਾਇਆ ਦੇ ਪੁਤ੍ਰ, ਕਾਮਾਦਿਕ ਵਿਕਾਰ। ਪਿਰ ਭਾਵੈ = ਪਤੀ ਨੂੰ ਚੰਗੀ ਲੱਗੇ। ਕਰਮ ਮਣੀ = ਭਾਗਾਂ ਦੀ ਮਣੀ।
ਅਰਥ: ਸੋਰਠਿ ਰਾਗਣੀ ਸਦਾ ਸੋਹਣੀ ਲੱਗੇ ਜੇ (ਇਸ ਦੀ ਰਾਹੀਂ ਪ੍ਰਭੂ ਦੇ ਗੁਣ ਗਾਂਵਿਆਂ) ਸਦ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਵੱਸ ਪਏ, ਨਿੰਦਿਆ ਕਰਨ ਦੀ ਵਾਦੀ ਨਾਹ ਰਹੇ, ਮਨ ਵਿਚ ਕਿਸੇ ਨਾਲ ਵੈਰ-ਵਿਰੋਧ ਨਾਹ ਹੋਵੇ, ਤੇ ਜੀਭ ਉਤੇ ਉਹ ਸੱਚਾ ਮਾਲਕ ਹੋਵੇ। (ਇਸ ਤਰ੍ਹਾਂ ਜੀਵ-ਇਸਤ੍ਰੀ) ਲੋਕ ਪਰਲੋਕ ਵਿਚ (ਪਰਮਾਤਮਾ ਦੇ) ਡਰ ਵਿਚ ਜੀਵਨ ਗੁਜ਼ਾਰਦੀ ਹੈ ਤੇ ਗੁਰੂ ਦੀ ਸੇਵਾ ਕਰ ਕੇ ਨਿਝੱਕ ਹੋ ਜਾਂਦੀ ਹੈ (ਭਾਵ, ਕੋਈ ਸਹਿਮ ਦੱਬਾ ਨਹੀਂ ਪਾਂਦਾ) । ਵਿਖਾਵਾ ਛੱਡ ਕੇ ਜੇ ਪਤੀ-ਪ੍ਰਭੂ ਨੂੰ ਮਿਲ ਪਏ ਤਾਂ ਪਤੀ ਭੀ ਤ੍ਰੁੱਠ ਕੇ ਇਸ ਨੂੰ ਆਪਣੇ ਨਾਲ ਮਿਲਾਂਦਾ ਹੈ; ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਦਾ ਨਾਮ ਟਿਕ ਜਾਏ ਉਹ (ਇਸ ਨਾਮ-ਸਿੰਗਾਰ ਨਾਲ) ਸਦਾ ਸਜੀ ਰਹਿੰਦੀ ਹੈ ਤੇ ਕਦੇ (ਵਿਕਾਰਾਂ ਦੀ ਉਸ ਨੂੰ) ਰਤਾ ਭਰ ਭੀ ਮੈਲ ਨਹੀਂ ਲੱਗਦੀ। ਉਸ ਜੀਵ-ਇਸਤ੍ਰੀ ਦੇ ਕਾਮਾਦਿਕ ਵਿਕਾਰ ਮੁੱਕ ਜਾਂਦੇ ਹਨ, ਮਾਇਆ ਦਾ ਭੀ ਕੋਈ ਦਬਾਅ ਉਸ ਉਤੇ ਨਹੀਂ ਰਹਿ ਜਾਂਦਾ। ਹੇ ਨਾਨਕ! ਪ੍ਰਭੂ-ਪਤੀ ਨੂੰ ਮਨ ਵਿਚ ਵਸਾ ਕੇ) ਜੇ ਜੀਵ-ਇਸਤ੍ਰੀ ਪਤੀ-ਪ੍ਰਭੂ ਨੂੰ ਚੰਗੀ ਲੱਗੇ ਤਾਂ ਉਸ ਦੇ ਮੱਥੇ ਤੇ ਭਾਗਾਂ ਦਾ ਟਿੱਕਾ (ਸਮਝੋ) ਉਸ ਨੂੰ ਹਰ ਥਾਂ ਸੱਚਾ ਪ੍ਰਭੂ ਹੀ (ਦਿੱਸਦਾ ਹੈ) ।੧।