Today’s Hukamnama from Gurdwara Damdama Sahib Thatta

60

ਐਤਵਾਰ 11 ਫਰਵਰੀ 2018 (29 ਮਾਘ ਸੰਮਤ 549 ਨਾਨਕਸ਼ਾਹੀ)

ਸਲੋਕੁ ਮਃ ੩ ॥ ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ ॥ ਨਾਨਕ ਨਾਮ ਵਿਹੂਣੇ ਮਨਮੁਖੀ ਜਾਸਨਿ ਜਨਮੁ ਗਵਾਇ ॥੧॥ ਮਃ ੩ ॥ ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥ ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ ॥ ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥ ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥੨॥ ਪਉੜੀ ॥ ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ ॥ ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥ ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ ਜਨ ਜੰਤਾ ॥ ਹਰਿ ਦੇਵਹੁ ਦਾਨੁ ਦਇਆਲ ਹੋਇ ਵਿਚਿ ਪਾਥਰ ਕ੍ਰਿਮ ਜੰਤਾ ॥ ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਧਨਵੰਤਾ ॥੨੦॥ {ਅੰਗ 650}

ਅਰਥ: ਸਤਿਗੁਰੂ ਤੋਂ ਬਿਨਾ ਨਾਹ ਆਤਮਕ ਜੀਵਨ ਦੀ ਸਮਝ ਪੈਂਦੀ ਹੈ ਤੇ ਨਾਹ ਹੀ ਸੁਖ ਮਨ ਵਿਚ ਵੱਸਦਾ ਹੈ; (ਗੁਰੂ ਤੋਂ ਬਿਨਾ)ਹੇ ਨਾਨਕ! ਨਾਮ ਤੋਂ ਸੱਖਣੇ (ਰਹਿ ਕੇ)ਮਨਮੁਖ ਮਨੁੱਖਾ-ਜਨਮ ਵਿਅਰਥ ਗਵਾ ਜਾਣਗੇ।੧। ਸਾਰੇ ਸਿੱਧ ਤੇ ਸਾਧਿਕ ਨਾਮ ਨੂੰ ਹੀ ਖੋਜਦੇ ਬ੍ਰਿਤੀ ਜੋੜ ਜੋੜ ਕੇ ਥੱਕ ਗਏ ਹਨ; ਸਤਿਗੁਰੂ ਤੋਂ ਬਿਨਾ ਕਿਸੇ ਨੂੰ ਨਹੀਂ ਲੱਭਾ। ਸਤਿਗੁਰੂ ਦੇ ਸਨਮੁਖ ਹੋਇਆ ਮਨੁੱਖ ਹੀ ਮਿਲਾਇਆ ਹੋਇਆ (ਪ੍ਰਭੂ ਨੂੰ)ਮਿਲਦਾ ਹੈ। ਨਾਮ ਤੋਂ ਬਿਨਾ ਖਾਣਾ ਤੇ ਪਹਿਨਣਾ ਸਭ ਵਿਅਰਥ ਹੈ, (ਜੇ ਨਾਮ ਨਹੀਂ ਤਾਂ)ਉਹ ਸਿੱਧੀ ਤੇ ਕਰਾਮਾਤਿ ਫਿਟਕਾਰ-ਜੋਗ ਹੈ; ਇਹੀ (ਉਸ ਦੀ)ਸਿੱਧੀ ਹੈ ਤੇ ਇਹੀ ਕਰਾਮਾਤ ਹੈ ਕਿ ਚਿੰਤਾ ਤੋਂ ਰਹਿਤ ਹਰੀ ਉਸ ਨੂੰ (ਨਾਮ ਦੀ)ਦਾਤਿ ਬਖ਼ਸ਼ੇ; ਹੇ ਨਾਨਕ! “ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਮਨ ਵਿਚ ਵੱਸਦਾ ਹੈ“-ਇਹੀ ਸਿੱਧੀ ਤੇ ਕਰਾਮਾਤ ਹੁੰਦੀ ਹੈ।੨। ਅਸੀ ਪ੍ਰਭੂ-ਖਸਮ ਦੇ ਢਾਢੀ ਸਦਾ ਪ੍ਰਭੂ ਦੇ ਗੁਣਾਂ ਦੇ ਗੀਤ ਗਾਂਦੇ ਹਾਂ; ਉਸ ਕਮਲਾਪਤੀ ਪ੍ਰਭੂ ਦਾ ਹੀ ਕੀਰਤਨ ਕਰਦੇ ਹਾਂ ਤੇ ਜਸ ਸੁਣਦੇ ਹਾਂ। ਪ੍ਰਭੂ ਦਾਤਾ ਹੈ, ਸਾਰਾ ਸੰਸਾਰ ਭਿਖਾਰੀ ਹੈ, ਜੀਵ ਜੰਤ ਮੰਗਤੇ ਹਨ। ਪੱਥਰਾਂ ਵਿਚਲੇ ਕੀੜਿਆਂ ਨੂੰ ਭੀ ਦਿਆਲ ਹੋ ਕੇ, ਹੇ ਹਰੀ! ਤੂੰ ਦਾਨ ਦੇਂਦਾ ਹੈਂ। ਹੇ ਦਾਸ ਨਾਨਕ! ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਿਆ ਹੈ, ਉਹ (ਅਸਲ)ਧਨੀ ਹੁੰਦੇ ਹਨ।੨੦।

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥

Web: thatta.in | Fb/PindThatta | Twitter@Pind_Thatta | YouTube/PindThatta | WhatsApp: 98728-98928