ਮੰਗਲਵਾਰ 30 ਜਨਵਰੀ 2018 (17 ਮਾਘ ਸੰਮਤ 549 ਨਾਨਕਸ਼ਾਹੀ)
ਧਨਾਸਰੀ ਮਃ ੫ ॥ ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥ ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥ ਅਬ ਮੋਹਿ ਰਾਮ ਜਸੋ ਮਨਿ ਗਾਇਓ ॥ ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥ ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥ ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥ ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥ ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥ ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥{ਅੰਗ 671}
ਅਰਥ: ਹੇ ਭਾਈ! ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, (ਇਸ ਵਾਸਤੇ ਉਸ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ, (ਮੇਰੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ,ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ।੧।ਰਹਾਉ। ਹੇ ਭਾਈ! ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈਨੂੰ ਸਰਬ-ਵਿਆਪਕ ਕਰਤਾਰ ਮਿਲ ਪਿਆ ਹੈ।੧। (ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ, ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ। ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ, ਮੈਨੂੰ (ਉਹ ਉੱਤਮ) ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ।੨। (ਹੇ ਭਾਈ! ਗੁਰੂ ਦੇ ਦਰਸਨ ਦੀ ਬਰਕਤਿ ਨਾਲ) ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ। (ਗੁਰੂ ਦੀ) ਕਿਰਪਾ ਨਾਲ (ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ।੩। ਹੇ ਭਾਈ! ਹੁਣ ਮੈਨੂੰ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ। ਹੇ ਨਾਨਕ! ਆਖ-(ਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਜਮਾਂ ਤੋਂ ਬਚਾ ਲਿਆ ਹੈ।੪।੪।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥