ਵੀਰਵਾਰ 16 ਨਵੰਬਰ 2017 (1 ਮੱਘਰ ਸੰਮਤ 549 ਨਾਨਕਸ਼ਾਹੀ)
ਸੂਹੀ ਮਹਲਾ ੫ ॥ ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥ ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥ ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥ ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥ ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥ {ਅੰਗ 749-750}
ਅਰਥ: ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ (ਆਪਣੇ) ਸੰਤਾਂ ਦਾ (ਰਾਖਾ) ਹੈਂ, (ਤੇਰੇ) ਸੰਤ ਤੇਰੇ (ਆਸਰੇ ਰਹਿੰਦੇ ਹਨ) । ਹੇ ਪ੍ਰਭੂ! ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ।੧।ਰਹਾਉ। ਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ। ਉਹ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ।੧। ਹੇ ਮੇਰੇ ਮਾਲਕ! ਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਜਾਂਦਾ ਹੈ, ਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹ) ਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ) ਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ।੨। ਹੇ ਪ੍ਰਭੂ! ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ। ਤੇਰੀ ਸਰਨ ਵਿਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ।੩। ਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤਿ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ। ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ) ।੪।੧੦।੫੭।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥