Today’s Hukamnama from Gurdwara Baoli Sahib Goindwal Sahib

66

ਸਨਿੱਚਰਵਾਰ 16 ਜੂਨ 2018 (2 ਹਾੜ ਸੰਮਤ 550 ਨਾਨਕਸ਼ਾਹੀ)

ਬਿਲਾਵਲੁ ਮਹਲਾ ੩ ॥ ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ ॥ ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ ॥੧॥ ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥ ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ ਰਹਾਉ ॥ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ ॥ ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ ਕਲਿ ਮਹਿ ਕੀਰਤਿ ਹਰਿ ਨਾਮਾ ॥੨॥ ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ ॥ ਗੁਰਮੁਖਿ ਜਿਨੀ ਧਿਆਇਆ ਹਰਿ ਹਰਿ ਜਗਿ ਤੇ ਪੂਰੇ ਪਰਵਾਨਾ ॥੩॥ ਕਹਤ ਨਾਨਕੁ ਸਚੇ ਸਿਉ ਪ੍ਰੀਤਿ ਲਾਏ ਚੂਕੈ ਮਨਿ ਅਭਿਮਾਨਾ ॥ ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ॥੪॥੪॥ {797}

ਪਦਅਰਥ: ਪੂਰਾ ਥਾਟੁ = ਉੱਤਮ ਜੁਗਤੀ, ਗੁਰੂ ਦੀ ਸਰਨ ਆ ਕੇ ਹਰਿ = ਨਾਮ ਜਪਣ ਦੀ ਉੱਤਮ ਜੁਗਤੀ। ਪੂਰੈ = ਪੂਰੇ (ਪ੍ਰਭੂ) ਨੇ, ਉਸ ਪ੍ਰਭੂ ਨੇ ਜਿਸ ਦੇ ਕੰਮਾਂ ਵਿਚ ਕੋਈ ਉਕਾਈ ਨਹੀਂ। ਏਕ ਸਮਾਨਾ = ਇਕੋ ਜਿਹੀ, ਜੋ ਹਰੇਕ ਜੁਗ ਵਿਚ ਇਕੋ ਜਿਹੀ ਚਲੀ ਆ ਰਹੀ ਹੈ। ਪਰਪੰਚ = ਸੰਸਾਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਮਤੁ ਕੋ ਧਰਹੁ = ਕੋਈ ਨਾਹ ਧਰੇ। ਗੁਮਾਨਾ = ਅਹੰਕਾਰ।੧।

ਮਾਹਿ = ਵਿਚ। ਮਤਿ = ਅਕਲ, ਸਿੱਖਿਆ। ਜੀਅਹੁ = ਦਿਲੋਂ। ਜਾਣੈ = ਪਛਾਣਦਾ ਹੈ, ਸਾਂਝ ਪਾਂਦਾ ਹੈ। ਅੰਤਰਿ = ਅੰਦਰ। ਰਵੈ = ਹਰ ਵੇਲੇ ਮੌਜੂਦ ਰਹਿੰਦਾ ਹੈ।੧।ਰਹਾਉ।

ਹੁਣਿ = ਇਸ ਵੇਲੇ, ਗੁਰੂ ਦੀ ਮਤਿ ਲੈ ਕੇ {ਨੋਟ: ਵੇਖੋ ‘ਰਹਾਉਵਾਲਾ ਬੰਦ। ਉਸੇ ਵਿਚ ਹੀ ਕੇਂਦਰੀ ਖ਼ਿਆਲ ਹੈ}ਨਿਬੇੜਾ = ਨਿਰਨਾ। ਨੋ = ਨੂੰ। ਨਰ ਮਨੁਖ = ਸ੍ਰੇਸ਼ਟ ਮਨੁੱਖ, ਗੁਰਮੁਖ, ਗੁਰੂ ਦੀ ਮਤਿ ਉਤੇ ਤੁਰਨ ਵਾਲੇ ਮਨੁੱਖ। ਏਕੁ ਨਿਧਾਨਾ = ਇਕ ਪ੍ਰਭੂ ਦਾ ਨਾਮ = ਖ਼ਜ਼ਾਨਾ। ਜਤੁ = ਕਾਮ = ਵਾਸਨਾ ਨੂੰ ਰੋਕਣ ਵਾਲਾ ਜਤਨ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣਾ। ਮਹਿ = ਵਿਚ। ਕਲਿ = ਕਲਿਜੁਗ। ਕੀਰਤਿ = ਸਿਫ਼ਤਿ-ਸਾਲਾਹ।੨।

ਜੁਗਿ ਜੁਗਿ = ਹਰੇਕ ਜੁਗ ਵਿਚ। ਸੋਧਿ = ਸੋਧ ਕੇ, ਗਹੁ ਨਾਲ ਪੜ੍ਹ ਕੇ। ਗੁਰਮੁਖਿ = ਗੁਰੂ ਦੀ ਸ਼ਰਨ ਪੈ ਕੇ। ਜਗਿ = ਜਗਤ ਵਿਚ। ਤੇ = ਉਹ ਬੰਦੇ। ਪਰਵਾਨਾ = ਕਬੂਲ।੩।

ਸਿਉ = ਨਾਲ। ਚੂਕੈ = ਮੁੱਕ ਜਾਂਦਾ ਹੈ। ਮਨਿ = ਮਨ ਵਿਚ। ਸਭੇ = ਸਾਰੇ। ਪਾਹਿ = ਪਾਂਦੇ ਹਨ, ਪ੍ਰਾਪਤ ਕਰਦੇ ਹਨ। ਨਿਧਾਨਾ = ਨਾਮ = ਖ਼ਜ਼ਾਨਾ।੪।

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸਿੱਖਿਆ ਉਤੇ ਯਕੀਨ ਆ ਜਾਂਦਾ ਹੈ, ਉਹ ਮਨੁੱਖ ਗੁਰੂ (ਦੇ ਉਪਦੇਸ਼) ਵਿਚ ਲੀਨ ਰਹਿੰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਇਸ ਬਾਣੀ ਨਾਲ ਦਿਲੋਂ ਸਾਂਝ ਪਾ ਲੈਂਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ।੧।ਰਹਾਉ।

ਹੇ ਭਾਈ! ਵੇਖੋ, ਪੂਰਨ ਪ੍ਰਭੂ ਨੇ (ਗੁਰੂ ਦੀ ਸ਼ਰਨ ਪੈ ਕੇ ਹਰਿ-ਨਾਮ ਜਪਣ ਦੀ ਇਹ ਐਸੀ) ਉੱਤਮ ਜੁਗਤੀ ਬਣਾਈ ਹੈ ਜੋ ਹਰੇਕ ਜੁਗ ਵਿਚ ਇਕੋ ਜਿਹੀ ਚਲੀ ਆ ਰਹੀ ਹੈ। ਮਤਾਂ ਕੋਈ ਮਨੁੱਖ (ਜਤ ਸੰਜਮ ਤੀਰਥ ਆਦਿਕ ਕਰਮ ਦਾ) ਮਾਣ ਕਰ ਬਹੇ। ਇਸ ਜਗਤ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਜਪਣ ਤੋਂ ਹੀ ਇੱਜ਼ਤ ਮਿਲਦੀ ਹੈ।੧।

ਹੇ ਭਾਈ! ਗੁਰੂ ਦੀ ਸ਼ਰਨ ਪਿਆਂ ਹੀ ਚਹੁੰਆਂ ਜੁਗਾਂ ਦਾ ਨਿਰਨਾ ਸਮਝ ਵਿਚ ਆਉਂਦਾ ਹੈ (ਕਿ ਜੁਗ ਚਾਹੇ ਕੋਈ ਹੋਵੇ) ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ। (ਵੇਦ ਆਦਿਕ ਹਿੰਦੂ ਧਰਮ-ਪੁਸਤਕ ਦੱਸਦੇ ਰਹੇ ਕਿ) ਜਤ ਸੰਜਮ ਅਤੇ ਤੀਰਥ-ਇਸ਼ਨਾਨ ਉਹਨਾਂ ਜੁਗਾਂ ਦਾ ਧਰਮ ਸੀ, ਪਰ ਕਲਿਜੁਗ ਵਿਚ (ਗੁਰੂ ਨਾਨਕ ਨੇ ਆ ਦੱਸਿਆ ਹੈ ਕਿ) ਪਰਮਾਤਮਾ ਦੀ ਸਿਫ਼ਤਿ-ਸਾਲਾਹ, ਪਰਮਾਤਮਾ ਦਾ ਨਾਮ-ਸਿਮਰਨ ਹੀ ਅਸਲ ਧਰਮ ਹੈ।੨।

ਹੇ ਭਾਈ! ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨੂੰ ਗਹੁ ਨਾਲ ਪੜ੍ਹ ਕੇ ਵੇਖ ਲਵੋ (ਉਹ ਇਹੀ ਆਖਦੇ ਹਨ ਕਿ) ਹਰੇਕ ਜੁਗ ਵਿਚ (ਜਤ ਸੰਜਮ ਤੀਰਥ ਆਦਿਕ) ਆਪਣਾ ਆਪਣਾ ਧਰਮ (ਪਰਵਾਨ) ਹੈ। (ਪਰ ਗੁਰੂ ਦੀ ਸਿੱਖਿਆ ਇਹ ਹੈ ਕਿ) ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ, ਜਗਤ ਵਿਚ ਉਹੀ ਮਨੁੱਖ ਪੂਰਨ ਹਨ ਤੇ ਕਬੂਲ ਹਨ।੩।

ਹੇ ਭਾਈ! ਨਾਨਕ ਆਖਦਾ ਹੈ-ਜੇਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਜੋੜਦਾ ਹੈ, ਉਸ ਦੇ ਮਨ ਵਿਚੋਂ (ਕਿਸੇ ਭੀ ਤਰ੍ਹਾਂ ਦੇ ਕਰਮ ਕਾਂਡ ਦਾ) ਅਹੰਕਾਰ ਮੁੱਕ ਜਾਂਦਾ ਹੈ। ਪਰਮਾਤਮਾ ਦਾ ਨਾਮ ਸਿਮਰਨ ਵਾਲੇ, ਸੁਣਨ ਵਾਲੇ, ਸਾਰੇ ਹੀ ਆਤਮਕ ਆਨੰਦ ਪ੍ਰਾਪਤ ਕਰਦੇ ਹਨ। ਜੇਹੜੇ ਮਨੁੱਖ (ਗੁਰੂ ਦੀ ਸਿੱਖਿਆ ਉਤੇ) ਸਰਧਾ ਲਿਆਉਂਦੇ ਹਨ, ਉਹ ਪ੍ਰਭੂ ਦਾ ਨਾਮ-ਖ਼ਜ਼ਾਨਾ ਲੱਭ ਲੈਂਦੇ ਹਨ।੪।੪।