ਵੀਰਵਾਰ 14 ਜੂਨ 2018 (31 ਜੇਠ ਸੰਮਤ 550 ਨਾਨਕਸ਼ਾਹੀ)
ਦੇਵਗੰਧਾਰੀ ੫ ॥ ਦਰਸਨ ਨਾਮ ਕਉ ਮਨੁ ਆਛੈ ॥ ਭ੍ਰਮਿ ਆਇਓ ਹੈ ਸਗਲ ਥਾਨ ਰੇ ਆਹਿ ਪਰਿਓ ਸੰਤ ਪਾਛੈ ॥੧॥ ਰਹਾਉ ॥ ਕਿਸੁ ਹਉ ਸੇਵੀ ਕਿਸੁ ਆਰਾਧੀ ਜੋ ਦਿਸਟੈ ਸੋ ਗਾਛੈ ॥ ਸਾਧਸੰਗਤਿ ਕੀ ਸਰਨੀ ਪਰੀਐ ਚਰਣ ਰੇਨੁ ਮਨੁ ਬਾਛੈ ॥੧॥ ਜੁਗਤਿ ਨ ਜਾਨਾ ਗੁਨੁ ਨਹੀ ਕੋਈ ਮਹਾ ਦੁਤਰੁ ਮਾਇ ਆਛੈ ॥ ਆਇ ਪਇਓ ਨਾਨਕ ਗੁਰ ਚਰਨੀ ਤਉ ਉਤਰੀ ਸਗਲ ਦੁਰਾਛੈ ॥੨॥੨॥੨੮॥ {ਅੰਗ 533-534}
ਪਦਅਰਥ: ਕਉ = ਵਾਸਤੇ। ਆਛੈ = ਤਾਂਘਦਾ ਹੈ। ਭ੍ਰਮਿ = ਭਟਕ ਭਟਕ ਕੇ। ਸਗਲ ਥਾਨ = ਸਭਨੀਂ ਥਾਈਂ। ਰੇ = ਹੇ ਭਾਈ! ਆਹਿ = ਤਾਂਘ ਕਰ ਕੇ। ਸੰਤ ਪਾਛੈ = ਸੰਤਾਂ ਦੇ ਪਿੱਛੇ, ਸੰਤਾਂ ਦੀ ਸਰਨ।੧।ਰਹਾਉ।
ਹਉ = ਮੈਂ। ਸੇਵੀ = ਸੇਵੀਂ, ਮੈਂ ਸੇਵਾ ਕਰਾਂ। ਆਰਾਧੀ = ਆਰਾਧੀਂ। ਦਿਸਟੈ = ਦਿਸਦਾ ਹੈ। ਗਾਛੈ = ਨਾਸਵੰਤ ਹੈ। ਪਰੀਐ = ਪੈਣਾ ਚਾਹੀਦਾ ਹੈ। ਰੇਨੁ = ਧੂੜ। ਬਾਛੈ = ਮੰਗਦਾ ਹੈ।੧।
ਜਾਨਾ = ਜਾਨਾਂ, ਮੈਂ ਜਾਣਦਾ। ਦੁਤਰੁ = {दुस्तर} ਜਿਸ ਨੂੰ ਤਰਨਾ ਔਖਾ ਹੈ। ਮਾਇ = ਮਾਇਆ। ਆਛੈ = {अस्ति} ਹੈ। ਤਉ = ਤਦੋਂ। ਦੁਰਾਛੈ = ਦੁਰ ਆਛੈ, ਮੰਦੀ ਵਾਸਨਾ।੨।
ਅਰਥ: ਹੇ ਭਾਈ! ਪਰਮਾਤਮਾ ਦਾ ਦਰਸਨ ਕਰਨ ਵਾਸਤੇ, ਪਰਮਾਤਮਾ ਦਾ ਨਾਮ ਜਪਣ ਵਾਸਤੇ, ਮੇਰਾ ਮਨ ਤਾਂਘਦਾ ਹੈ। ਮੇਰਾ ਇਹ ਮਨ ਭਟਕ ਭਟਕ ਕੇ ਸਭਨੀਂ ਥਾਈਂ ਹੋ ਆਇਆ ਹੈ, ਹੁਣ ਤਾਂਘ ਕਰ ਕੇ ਸੰਤਾਂ ਦੀ ਚਰਨੀਂ ਆ ਪਿਆ ਹੈ।੧।ਰਹਾਉ।
(ਹੇ ਭਾਈ! ਸੰਸਾਰ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, (ਇਸ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ? ਮੈਂ ਕਿਸ ਦਾ ਆਰਾਧਨ ਕਰਾਂ? ਹੇ ਭਾਈ! ਸਾਧ ਸੰਗਤਿ ਦੀ ਸਰਨ ਪੈਣਾ ਚਾਹੀਦਾ ਹੈ। ਮੇਰਾ ਮਨ ਸਾਧ ਜਨਾਂ ਦੇ ਚਰਨਾਂ ਦੀ ਹੀ ਧੂੜ ਮੰਗਦਾ ਹੈ।੧।
ਹੇ ਭਾਈ! ਇਹ ਮਾਇਆ (ਇਕ ਐਸਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਹੀ ਔਖਾ ਹੈ, ਮੈਨੂੰ (ਇਸ ਤੋਂ ਪਾਰ ਲੰਘਣ ਦਾ) ਕੋਈ ਢੰਗ ਨਹੀਂ ਆਉਂਦਾ, ਮੇਰੇ ਵਿਚ ਕੋਈ (ਐਸਾ) ਗੁਣ (ਭੀ) ਨਹੀਂ (ਜਿਸ ਦੀ ਸਹਾਇਤਾ ਨਾਲ ਮੈਂ ਇਸ ਮਾਇਆ-ਸਮੁੰਦਰ ਤੋਂ ਪਾਰ ਲੰਘ ਸਕਾਂ) । ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਚਰਨੀਂ ਆ ਪੈਂਦਾ ਹੈ ਤਦੋਂ (ਇਸ ਦੇ ਅੰਦਰੋਂ) ਸਾਰੀ ਮੰਦੀ ਵਾਸਨਾ ਦੂਰ ਹੋ ਜਾਂਦੀ ਹੈ (ਤੇ, ਇਹ ਹਰੀ-ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ) ।੨।੨।੨੮।