ਸਨਿੱਚਰਵਾਰ 9 ਜੂਨ 2018 (26 ਜੇਠ ਸੰਮਤ 550 ਨਾਨਕਸ਼ਾਹੀ)
ਸਲੋਕੁ ਮਃ ੩ ॥ ਜਿ ਸਤਿਗੁਰੁ ਸੇਵੇ ਆਪਣਾ ਤਿਸ ਨੋ ਪੂਜੇ ਸਭੁ ਕੋਇ ॥ ਸਭਨਾ ਉਪਾਵਾ ਸਿਰਿ ਉਪਾਉ ਹੈ ਹਰਿ ਨਾਮੁ ਪਰਾਪਤਿ ਹੋਇ ॥ ਅੰਤਰਿ ਸੀਤਲ ਸਾਤਿ ਵਸੈ ਜਪਿ ਹਿਰਦੈ ਸਦਾ ਸੁਖੁ ਹੋਇ ॥ ਅੰਮ੍ਰਿਤੁ ਖਾਣਾ ਅੰਮ੍ਰਿਤੁ ਪੈਨਣਾ ਨਾਨਕ ਨਾਮੁ ਵਡਾਈ ਹੋਇ ॥੧॥ {ਅੰਗ 511}
ਪਦਅਰਥ: ਜਿ = ਜੋ ਮਨੁੱਖ। ਸਭੁ ਕੋਇ = ਹਰੇਕ ਪ੍ਰਾਣੀ। ਸੀਤਲ = ਸੀਤਲਤਾ, ਠੰਢ। ਸਾਤਿ = ਸ਼ਾਂਤੀ। ਅੰਮ੍ਰਿਤੁ = ‘ਨਾਮ‘।
ਅਰਥ: ਜੋ ਮਨੁੱਖ ਆਪਣੇ ਗੁਰੂ ਦੇ ਕਹੇ ਤੇ ਤੁਰਦਾ ਹੈ, ਹਰੇਕ ਬੰਦਾ ਉਸ ਦਾ ਆਦਰ ਕਰਦਾ ਹੈ, ਸੋ, (ਜਗਤ ਵਿਚ ਭੀ ਮਾਣ ਹਾਸਲ ਕਰਨ ਲਈ) ਸਾਰੇ ਉਪਾਵਾਂ ਤੋਂ ਵੱਡਾ ਉਪਾਉ ਇਹੀ ਹੈ ਕਿ ਪ੍ਰਭੂ ਦਾ ਨਾਮ ਮਿਲ ਜਾਏ, ‘ਨਾਮ‘ ਜਪਿਆਂ ਸਦਾ ਹਿਰਦੇ ਵਿਚ ਸੁਖ ਹੁੰਦਾ ਹੈ, ਮਨ ਵਿਚ ਠੰਢ ਤੇ ਸ਼ਾਂਤੀ ਆ ਵੱਸਦੀ ਹੈ। (ਗੁਰੂ ਦੀ ਆਗਿਆ ਵਿਚ ਤੁਰ ਕੇ ‘ਨਾਮ‘ ਜਪਣ ਵਾਲੇ ਬੰਦੇ ਦੀ) ਖ਼ੁਰਾਕ ਤੇ ਪੁਸ਼ਾਕ ਅੰਮ੍ਰਿਤ (-ਨਾਮ) ਹੀ ਹੋ ਜਾਂਦੀ ਹੈ (ਭਾਵ, ਪ੍ਰਭੂ ਦਾ ਨਾਮ ਹੀ ਉਸਦੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ) ਹੇ ਨਾਨਕ! ਨਾਮ ਹੀ ਉਸ ਲਈ ਆਦਰ ਮਾਣ ਹੈ।੧।
{ਨੋਟ: ਅਗਲੇ ਸਲੋਕ ਤੇ ਪਉੜੀ ਵਿਚ ‘ਅਨਦਿਨੁ ਲਾਗੈ ਧਿਆਨੁ‘ ‘ਅਨਦਿਨੁ ਹਰਿ ਕੇ ਗੁਣ ਰਵੈ‘ ਤੁਕਾਂ ਦੇ ਨਾਲ ਇਹੀ ਭਾਵ ਰਲਦਾ ਹੈ ਕਿ ‘ਨਾਮ‘ ਉਸ ਮਨੁੱਖ ਦਾ ਜੀਵਨ-ਆਧਾਰ ਬਣ ਜਾਂਦਾ ਹੈ। ਸੋ ਏਥੇ ਲਫ਼ਜ਼ ‘ਅੰਮ੍ਰਿਤ‘ ਦਾ ਅਰਥ ‘ਪਵਿਤ੍ਰ‘ ਢੁਕਦਾ ਨਹੀਂ ਹੈ।}
ਮਃ ੩ ॥ ਏ ਮਨ ਗੁਰ ਕੀ ਸਿਖ ਸੁਣਿ ਹਰਿ ਪਾਵਹਿ ਗੁਣੀ ਨਿਧਾਨੁ ॥ ਹਰਿ ਸੁਖਦਾਤਾ ਮਨਿ ਵਸੈ ਹਉਮੈ ਜਾਇ ਗੁਮਾਨੁ ॥ ਨਾਨਕ ਨਦਰੀ ਪਾਈਐ ਤਾ ਅਨਦਿਨੁ ਲਾਗੈ ਧਿਆਨੁ ॥੨॥ {ਪੰਨਾ 512}
ਅਰਥ: ਹੇ ਮੇਰੇ ਮਨ! ਸਤਿਗੁਰੂ ਦੀ ਸਿੱਖਿਆ ਸੁਣ (ਭਾਵ, ਸਿੱਖਿਆ ਤੇ ਤੁਰ) ਤੈਨੂੰ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਮਿਲ ਪਏਗਾ; ਸੁਖਾਂ ਦਾ ਦਾਤਾ ਪਰਮਾਤਮਾ ਮਨ ਵਿਚ ਆ ਵੱਸੇਗਾ, ਹਉਮੈ ਅਹੰਕਾਰ ਨਾਸ ਹੋ ਜਾਇਗਾ।
ਹੇ ਨਾਨਕ! ਜਦੋਂ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਨਾਲ ਮਿਲਦਾ ਹੈ ਤਾਂ ਹਰ ਵੇਲੇ ਸੁਰਤਿ ਉਸ ਵਿਚ ਜੁੜੀ ਰਹਿੰਦੀ ਹੈ।੨।
ਪਉੜੀ ॥ ਸਤੁ ਸੰਤੋਖੁ ਸਭੁ ਸਚੁ ਹੈ ਗੁਰਮੁਖਿ ਪਵਿਤਾ ॥ ਅੰਦਰਹੁ ਕਪਟੁ ਵਿਕਾਰੁ ਗਇਆ ਮਨੁ ਸਹਜੇ ਜਿਤਾ ॥ ਤਹ ਜੋਤਿ ਪ੍ਰਗਾਸੁ ਅਨੰਦ ਰਸੁ ਅਗਿਆਨੁ ਗਵਿਤਾ ॥ ਅਨਦਿਨੁ ਹਰਿ ਕੇ ਗੁਣ ਰਵੈ ਗੁਣ ਪਰਗਟੁ ਕਿਤਾ ॥ ਸਭਨਾ ਦਾਤਾ ਏਕੁ ਹੈ ਇਕੋ ਹਰਿ ਮਿਤਾ ॥੯॥ {ਪੰਨਾ 512}
ਪਦਅਰਥ: ਸਭੁ = ਹਰ ਥਾਂ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ। ਸਹਿਜੇ = ਸੌਖਾ ਹੀ। ਤਹ = ਓਥੇ, ਉਸ ਅਵਸਥਾ ਵਿਚ। ਅਨੰਦ ਰਸੁ = ਆਤਮਕ ਅਨੰਦ ਦੀ ਚਾਟ।
ਅਰਥ: ਜੋ ਮਨੁੱਖ ਗੁਰੂ ਦਾ ਹੋ ਕੇ ਰਹਿੰਦਾ ਹੈ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਉਸ ਨੂੰ ਸਤ ਸੰਤੋਖ ਪ੍ਰਾਪਤ ਹੁੰਦਾ ਹੈ, ਹਰ ਥਾਂ ਪ੍ਰਭੂ ਦਿੱਸਦਾ ਹੈ; ਉਸ ਦੇ ਮਨ ਵਿਚੋਂ ਖੋਟ ਤੇ ਵਿਕਾਰ ਦੂਰ ਹੋ ਜਾਂਦਾ ਹੈ, ਉਹ ਸੌਖੇ ਹੀ ਮਨ ਨੂੰ ਵੱਸ ਕਰ ਲੈਂਦਾ ਹੈ; ਇਸ ਅਵਸਥਾ ਵਿਚ (ਅੱਪੜ ਕੇ ਉਸ ਦੇ ਅੰਦਰ ਪਰਮਾਤਮਾ ਦੀ) ਜੋਤਿ ਦਾ ਪ੍ਰਕਾਸ਼ ਹੋ ਜਾਂਦਾ ਹੈ, ਆਤਮਕ ਆਨੰਦ ਦੀ ਉਸ ਨੂੰ ਚਾਟ ਲੱਗ ਜਾਂਦੀ ਹੈ ਤੇ ਅਗਿਆਨ ਦੂਰ ਹੋ ਜਾਂਦਾ ਹੈ, (ਫਿਰ) ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹੈ, (ਰੱਬੀ) ਗੁਣ ਉਸ ਦੇ ਅੰਦਰ ਪਰਗਟ ਹੋ ਜਾਂਦੇ ਹਨ; (ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ) ਇਕ ਪ੍ਰਭੂ ਸਾਰੇ ਜੀਵਾਂ ਦਾ ਦਾਤਾ ਹੈ ਤੇ ਮਿੱਤਰ ਹੈ।੬।