Today’s Hukamnama from Gurdwara Baoli Sahib Goindwal Sahib

60

ਬੁੱਧਵਾਰ 23 ਮਈ 2018 (10 ਜੇਠ ਸੰਮਤ 550 ਨਾਨਕਸ਼ਾਹੀ)

ਰਾਮਕਲੀ ਮਹਲਾ ੫ ॥ ਕਿਸੁ ਭਰਵਾਸੈ ਬਿਚਰਹਿ ਭਵਨ ॥ ਮੂੜ ਮੁਗਧ ਤੇਰਾ ਸੰਗੀ ਕਵਨ ॥ ਰਾਮੁ ਸੰਗੀ ਤਿਸੁ ਗਤਿ ਨਹੀ ਜਾਨਹਿ ॥ ਪੰਚ ਬਟਵਾਰੇ ਸੇ ਮੀਤ ਕਰਿ ਮਾਨਹਿ ॥੧॥ ਸੋ ਘਰੁ ਸੇਵਿ ਜਿਤੁ ਉਧਰਹਿ ਮੀਤ ॥ ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ ॥ ਤ੍ਰਿਪਤਿ ਨ ਆਵੈ ਬਿਖਿਆ ਸਾਦਿ ॥ ਭਰਮਤ ਭਰਮਤ ਮਹਾ ਦੁਖੁ ਪਾਇਆ ॥ ਤਰੀ ਨ ਜਾਈ ਦੁਤਰ ਮਾਇਆ ॥੨॥ ਕਾਮਿ ਨ ਆਵੈ ਸੁ ਕਾਰ ਕਮਾਵੈ ॥ ਆਪਿ ਬੀਜਿ ਆਪੇ ਹੀ ਖਾਵੈ ॥ ਰਾਖਨ ਕਉ ਦੂਸਰ ਨਹੀ ਕੋਇ ॥ ਤਉ ਨਿਸਤਰੈ ਜਉ ਕਿਰਪਾ ਹੋਇ ॥੩॥ ਪਤਿਤ ਪੁਨੀਤ ਪ੍ਰਭ ਤੇਰੋ ਨਾਮੁ ॥ ਅਪਨੇ ਦਾਸ ਕਉ ਕੀਜੈ ਦਾਨੁ ॥ ਕਰਿ ਕਿਰਪਾ ਪ੍ਰਭ ਗਤਿ ਕਰਿ ਮੇਰੀ ॥ ਸਰਣਿ ਗਹੀ ਨਾਨਕ ਪ੍ਰਭ ਤੇਰੀ ॥੪॥੩੭॥੪੮॥ {ਅੰਗ 898}

ਪਦਅਰਥ: ਕਿਸੁ ਭਰਵਾਸੈ = (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਸਹਾਰੇਬਿਚਰਹਿ = ਤੂੰ ਤੁਰਦਾ ਫਿਰਦਾ ਹੈਂ। ਭਵਨ = ਜਗਤ (ਵਿਚ। ਮੂੜ = ਹੇ ਮੂਰਖ! ਮੁਗਧ = ਹੇ ਮੂਰਖਸੰਗੀ = (ਅਸਲ) ਸਾਥੀ। ਗਤਿ = ਹਾਲਤ, ਅਵਸਥਾ। ਨਹੀ ਜਾਨਹਿ = ਤੂੰ ਨਹੀਂ ਜਾਣਦਾ। ਪੰਚ = ਪੰਜ (ਕਾਮਾਦਿਕ। ਬਟਵਾਰੇ = ਰਾਹਜ਼ਨ, ਡਾਕੂ। ਸੇ = ਉਹਨਾਂ ਨੂੰ। ਮਾਨਹਿ = ਤੂੰ ਮੰਨਦਾ ਹੈਂ।੧।

ਸੇਵਿ = ਸੇਵਾ ਕਰਮੱਲੀ ਰੱਖ। ਜਿਸੁ = ਜਿਸ ਦੀ ਰਾਹੀਂ। ਉਧਰਹਿ = (ਸੰਸਾਰ = ਸਮੁੰਦਰ ਤੋਂ) ਤੂੰ ਪਾਰ ਲੰਘ ਸਕੇਂ। ਮਤਿ = ਹੇ ਮਿੱਤਰ! ਰਵੀਅਹਿ = ਚੇਤੇ ਕਰਨੇ ਚਾਹੀਦੇ ਹਨ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ।੧।ਰਹਾਉ।

ਜਨਮ ਬਿਹਾਨੋ = ਮਨੁੱਖਾ ਜੀਵਨ ਲੰਘਦਾ ਜਾ ਰਿਹਾ ਹੈ। ਵਾਦਿ = ਵਾਦ ਵਿਚ, ਝਗੜੇ = ਬਖੇੜੇ ਵਿਚ। ਤ੍ਰਿਪਤਿ = ਤਸੱਲੀ, ਰੱਜ। ਬਿਖਿਆ = ਮਾਇਆ। ਸਾਦਿ = ਸੁਆਦ ਵਿਚ। ਭਰਮਤ = ਭਟਕਦਿਆਂ। ਦੁਤਰ = {दुस्तरਜਿਸ ਤੋਂ ਪਾਰ ਲੰਘਣਾ ਔਖਾ ਹੈ।੨।

ਕਾਮਿ = ਕੰਮ ਵਿਚ। ਬੀਜਿ = ਬੀਜ ਕੇ। ਤਉ = ਤਦੋਂ। ਨਿਸਤਰੈ = ਪਾਰ ਲੰਘਦਾ ਹੈ। ਜਉ = ਜਦੋਂ।੩।

ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿੱਤਰ। ਪ੍ਰਭ = ਹੇ ਪ੍ਰਭੂ! ਕੀਜੈ = ਦੇਹ। ਗਤਿ = ਉੱਚੀ ਆਤਮਕ ਅਵਸਥਾ। ਗਹੀ = ਫੜੀ।੪।

ਅਰਥ: ਹੇ ਮਿੱਤਰ! ਉਹ ਘਰ-ਦਰ ਮੱਲੀ ਰੱਖ, ਜਿਸ ਦੀ ਰਾਹੀਂ ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੇਂ। ਹੇ ਭਾਈਗੁਰੂ ਦੀ ਸੰਗਤਿ ਵਿਚ ਆਪਣੇ ਮਨ ਦਾ ਪਿਆਰ ਜੋੜ, (ਉਥੇ ਟਿਕ ਕੇ) ਗੋਬਿੰਦ ਦੇ ਗੁਣ (ਸਦਾਦਿਨ ਰਾਤ ਗਾਏ ਜਾਣੇ ਚਾਹੀਦੇ ਹਨ।੧।ਰਹਾਉ।

ਹੇ ਮੂਰਖ! ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਸਹਾਰੇ ਤੂੰ ਜਗਤ ਵਿਚ ਤੁਰਿਆ ਫਿਰਦਾ ਹੈਂਹੇ ਮੂਰਖ! ਪ੍ਰਭੂ ਤੋਂ ਬਿਨਾ ਹੋਰ) ਤੇਰਾ ਕੌਣ ਸਾਥੀ (ਬਣ ਸਕਦਾ ਹੈ) ? ਹੇ ਮੂਰਖ! ਪਰਮਾਤਮਾ (ਹੀ ਤੇਰਾ ਅਸਲਸਾਥੀ ਹੈ, ਉਸ ਨਾਲ ਤੂੰ ਜਾਣ-ਪਛਾਣ ਨਹੀਂ ਬਣਾਂਦਾ। (ਇਹ ਕਾਮਾਦਿਕ) ਪੰਜ ਡਾਕੂ ਹਨ, ਇਹਨਾਂ ਨੂੰ ਤੂੰ ਆਪਣੇ ਮਿੱਤਰ ਸਮਝ ਰਿਹਾ ਹੈਂ।੧।

ਜੀਵ ਦੀ ਉਮਰ ਅਹੰਕਾਰ ਅਤੇ ਝਗੜੇ-ਬਖੇੜੇ ਵਿਚ ਗੁਜ਼ਰਦੀ ਜਾਂਦੀ ਹੈ, ਮਾਇਆ ਦੇ ਸੁਆਦ ਵਿਚ (ਇਸ ਦੀ ਕਦੇ) ਤਸੱਲੀ ਨਹੀਂ ਹੁੰਦੀ (ਕਦੇ ਰੱਜਦਾ ਹੀ ਨਹੀਂ। ਭਟਕਦਿਆਂ ਭਟਕਦਿਆਂ ਇਸ ਨੇ ਬੜਾ ਕਸ਼ਟ ਪਾਇਆ ਹੈ। ਮਾਇਆ (ਮਾਨੋ, ਇਕ ਸਮੁੰਦਰ ਹੈ, ਇਸ) ਤੋਂ ਪਾਰ ਲੰਘਣਾ ਬਹੁਤ ਔਖਾ ਹੈ। (ਪ੍ਰਭੂ ਦੇ ਨਾਮ ਤੋਂ ਬਿਨਾਇਸ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ।੨।

ਜੀਵ ਸਦਾ ਉਹੀ ਕਾਰ ਕਰਦਾ ਰਹਿੰਦਾ ਹੈ ਜੋ (ਆਖ਼ਰ ਇਸ ਦੇ) ਕੰਮ ਨਹੀਂ ਆਉਂਦੀ, (ਮੰਦੇ ਕੰਮਾਂ ਦੇ ਬੀਜ) ਆਪ ਬੀਜ ਕੇ (ਫਿਰ) ਆਪ ਹੀ (ਉਹਨਾਂ ਦਾ ਦੁੱਖ-ਫਲ) ਖਾਂਦਾ ਹੈ। (ਇਸ ਬਿਪਤਾ ਵਿਚੋਂ) ਬਚਾਣ-ਜੋਗਾ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ। ਜਦੋਂ (ਪਰਮਾਤਮਾ ਦੀ) ਮਿਹਰ ਹੁੰਦੀ ਹੈ, ਤਦੋਂ ਹੀ ਇਸ ਵਿਚੋਂ ਪਾਰ ਲੰਘਦਾ ਹੈ।੩।

ਹੇ ਨਾਨਕ! ਆਖ-) ਹੇ ਪ੍ਰਭੂ! ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈ, (ਮੈਨੂੰ) ਆਪਣੇ ਸੇਵਕ ਨੂੰ (ਆਪਣਾ ਨਾਮ-) ਦਾਨ ਦੇਹ। ਹੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ, ਮਿਹਰ ਕਰ, ਮੇਰੀ ਆਤਮਕ ਅਵਸਥਾ ਉੱਚੀ ਬਣਾ।੪।੩੭।੪੮।