ਐਤਵਾਰ 13 ਮਈ 2018 (30 ਵੈਸਾਖ ਸੰਮਤ 550 ਨਾਨਕਸ਼ਾਹੀ)
ਰਾਗੁ ਸੂਹੀ ਛੰਤ ਮਹਲਾ ੩ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਸੁਖ ਸੋਹਿਲੜਾ ਹਰਿ ਧਿਆਵਹੁ ॥ ਗੁਰਮੁਖਿ ਹਰਿ ਫਲੁ ਪਾਵਹੁ ॥ ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥ ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ ॥ ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਪਹੁ ਸੁਖ ਫਲ ਹਰਿ ਜਨ ਪਾਵਹੁ ॥ ਨਾਨਕੁ ਕਹੈ ਸੁਣਹੁ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ॥੧॥ {ਅੰਗ 767}
ਪਦਅਰਥ: ਸੁਖ = ਆਤਮਕ ਆਨੰਦ। ਸੋਹਿਲੜਾ = {सुख केल:ਸੋਹਿਲਾ} ਖ਼ੁਸ਼ੀ ਪੈਦਾ ਕਰਨ ਵਾਲਾ ਗੀਤ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਿਵਾਰੇ = ਦੂਰ ਕਰਦਾ ਹੈ। ਵਿਟਹੁ = ਤੋਂ। ਬਲਿਹਾਰੀ = ਸਦਕੇ। ਜਿਨਿ = ਜਿਸ (ਗੁਰੂ) ਨੇ। ਸਭਿ = ਸਾਰੇ। ਜਾਪਹੁ = ਜਪਿਆ ਕਰੋ। ਨਾਨਕੁ ਕਹੈ– ਨਾਨਕ ਆਖਦਾ ਹੈ। ਜਨ ਭਾਈ = ਹੇ ਭਾਈ ਜਨੋ!।੧।
ਅਰਥ: ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ। ਗੁਰੂ ਦੀ ਸਰਨ ਪੈ ਕੇ (ਸਿਫ਼ਤਿ-ਸਾਲਾਹ ਦਾ ਗੀਤ ਗਾਇਆਂ) ਪਰਮਾਤਮਾ ਦੇ ਦਰ ਤੋਂ (ਇਸ ਦਾ) ਫਲ ਪ੍ਰਾਪਤ ਕਰੋਗੇ।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ, (ਇਸ ਦਾ) ਫਲ ਹਾਸਲ ਕਰੋਗੇ, ਪਰਮਾਤਮਾ ਦਾ ਨਾਮ ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ। ਜਿਸ ਗੁਰੂ ਨੇ ਤੁਹਾਡੇ (ਲੋਕ ਪਰਲੋਕ ਦੇ) ਸਾਰੇ ਕੰਮ ਸਵਾਰ ਦਿੱਤੇ ਹਨ, ਉਸ ਆਪਣੇ ਗੁਰੂ ਤੋਂ ਸਦਕੇ ਜਾਵੋ।
ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ। ਹਰੀ-ਪ੍ਰਭੂ ਕਿਰਪਾ ਕਰੇਗਾ, (ਉਸ ਦੇ ਦਰ ਤੋਂ) ਆਤਮਕ ਆਨੰਦ ਦਾ ਫਲ ਪ੍ਰਾਪਤ ਕਰ ਲਵੋਗੇ। ਨਾਨਕ ਆਖਦਾ ਹੈ-ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ।੧।