ਵੀਰਵਾਰ 10 ਮਈ 2018 (27 ਵੈਸਾਖ ਸੰਮਤ 550 ਨਾਨਕਸ਼ਾਹੀ)
ਸਲੋਕੁ ਮਃ ੩ ॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥ ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥ ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥ ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥ ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥੧॥ {ਅੰਗ 515}
ਅਰਥ: ਜੋ ਪ੍ਰਭੂ ਆਕਾਰ-ਰਹਿਤ ਹੈ; ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ; ਜੋ ਅਪਹੁੰਚ ਹੈ, ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ, ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ, ਜਿਸ ਦਾ ਕੀਤਾ ਹੋਇਆ ਹੀ ਸਭ ਕੁਝ ਹੋ ਰਿਹਾ ਹੈ, ਉਸ ਦੀ ਸਿਫ਼ਤਿ-ਸਾਲਾਹ ਉਸੇ ਦਾ ਰੂਪ ਹੈ। ਉਸ ਦਾ ਨਾਮ ਜੀਵਾਂ ਨੂੰ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਪ੍ਰਾਪਤੀ ਕਿਸੇ ਗੁਰਮੁਖ ਨੂੰ ਹੀ ਹੁੰਦੀ ਹੈ। ਸਿਫ਼ਤਿ-ਸਾਲਾਹ ਦੀ ਦਾਤਿ ਭਾਗਾਂ ਨਾਲ ਹੀ ਮਿਲਦੀ ਹੈ, ਜਿਸ ਨੂੰ ਮੇਹਰ ਕਰ ਕੇ ਆਪ ਪ੍ਰਭੂ ਦੇਂਦਾ ਹੈ, ਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੂੰ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਦਾ ਹੈ।੧।
ਮਃ ੩ ॥ ਬਿਨੁ ਸਤਿਗੁਰ ਸੇਵੇ ਸਾਤਿ ਨ ਆਵਈ ਦੂਜੀ ਨਾਹੀ ਜਾਇ ॥ ਜੇ ਬਹੁਤੇਰਾ ਲੋਚੀਐ ਵਿਣੁ ਕਰਮੈ ਨ ਪਾਇਆ ਜਾਇ ॥ ਜਿਨ੍ਹ੍ਹਾ ਅੰਤਰਿ ਲੋਭ ਵਿਕਾਰੁ ਹੈ ਦੂਜੈ ਭਾਇ ਖੁਆਇ ॥ ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥ ਜਿਨ੍ਹ੍ਹਾ ਸਤਿਗੁਰ ਸਿਉ ਚਿਤੁ ਲਾਇਆ ਸੁ ਖਾਲੀ ਕੋਈ ਨਾਹਿ ॥ ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥ ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੨॥ {ਪੰਨਾ 516}
ਅਰਥ: ਸਤਿਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਸ਼ਾਂਤੀ ਨਹੀਂ ਆਉਂਦੀ ਤੇ (ਸਤਿਗੁਰੂ ਤੋਂ ਬਿਨਾ) ਹੋਰ ਕੋਈ ਥਾਂ ਨਹੀਂ (ਜਿਥੇ ਇਹ ਮਿਲ ਸਕੇ) ਭਾਵੇਂ ਕਿਤਨੀ ਹੀ ਤਾਂਘ ਕਰੀਏ, ਮੇਹਰ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਲੋਭ ਦਾ ਔਗੁਣ ਹੈ, ਉਹ ਮਾਇਆ ਦੇ ਪਿਆਰ ਵਿਚ ਭੁੱਲੇ ਹੋਏ ਹਨ, ਉਹਨਾਂ ਦਾ ਜੰਮਣਾ ਮਰਣਾ ਮੁੱਕਦਾ ਨਹੀਂ ਤੇ ਉਹ ਅਹੰਕਾਰ ਵਿਚ ਕਲੇਸ਼ ਉਠਾਉਂਦੇ ਹਨ। ਜਿਨ੍ਹਾਂ ਮਨੁੱਖਾਂ ਨੇ ਆਪਣੇ ਸਤਿਗੁਰੂ ਨਾਲ ਚਿੱਤ ਜੋੜਿਆ ਹੈ ਉਹਨਾਂ ਵਿਚੋਂ (ਪ੍ਰਭੂ ਦੇ ਮਿਲਾਪ ਤੋਂ) ਵਾਂਜਿਆਂ ਕੋਈ ਨਹੀਂ ਰਿਹਾ, ਨਾਹ ਤਾਂ ਉਹਨਾਂ ਨੂੰ ਜਮ ਦਾ ਸੱਦਾ ਪੈਂਦਾ ਹੈ ਤੇ ਨਾਹ ਉਹ ਦੁੱਖ ਸਹਿੰਦੇ ਹਨ (ਭਾਵ, ਉਹਨਾਂ ਨੂੰ ਮੌਤ ਦਾ ਸਹਮ ਪੋਹ ਨਹੀਂ ਸਕਦਾ) ।
ਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋਏ ਹਨ, ਉਹ (ਦੁੱਖਾਂ ਤੋਂ) ਬਚ ਗਏ ਹਨ ਤੇ ਸੱਚੇ ਸ਼ਬਦ ਵਿਚ ਲੀਨ ਰਹਿੰਦੇ ਹਨ।੨।
ਪਉੜੀ ॥ ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ ॥ ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ ॥ ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ ॥ ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥ ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥੧੮॥ {ਪੰਨਾ 516}
ਪਦਅਰਥ: ਮਹਲੁ = ਨਿਵਾਸ = ਅਸਥਾਨ, ਆਤਮਕ ਅਵਸਥਾ। ਅਗਲਾ = ਉੱਚਾ।
ਅਰਥ: ਜੋ ਮਨੁੱਖ ਆਪਣੇ ਮਾਲਕ-ਪ੍ਰਭੂ ਨਾਲ ਪਿਆਰ ਪਾਉਂਦਾ ਹੈ, ਉਹੀ ਪ੍ਰਭੂ ਦਾ ਢਾਢੀ ਅਖਵਾ ਸਕਦਾ ਹੈ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਉਹੀ ਬੰਦਾ ਕਰ ਸਕਦਾ ਹੈ) , ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਟਿਕ ਕੇ ਉਸ ਦਾ ਸਿਮਰਨ ਕਰਦਾ ਹੈ ਤੇ ਗੁਰੂ ਦੇ ਸ਼ਬਦ ਰਾਹੀਂ ਉਸ ਦੇ ਗੁਣਾਂ ਦੀ ਵਿਚਾਰ ਕਰਦਾ ਹੈ। ਜਿਉਂ ਜਿਉਂ ਉਹ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿਚ ਜੁੜਦਾ ਹੈ (ਪ੍ਰਭੂ ਦੀ ਹਜ਼ੂਰੀ ਉਸ ਨੂੰ ਪ੍ਰਾਪਤ ਹੁੰਦੀ ਹੈ) ,ਪ੍ਰਭੂ ਦੇ ਨਾਮ ਵਿਚ ਪਿਆਰ ਕਰਨ ਨਾਲ ਉਸ ਦੇ ਮਨ ਦੀ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ, ਬੱਸ, ਉਹ ਢਾਢੀ ਇਹੀ ਸੇਵਾ ਕਰਦਾ ਹੈ, ਇਹੀ ਚਾਕਰੀ ਕਰਦਾ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਹੈ, ਤੇ ਪ੍ਰਭੂ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।੧੮।