Today’s Hukamnama from Gurdwara Baoli Sahib Goindwal Sahib

68

ਬੁੱਧਵਾਰ 9 ਮਈ 2018 (26 ਵੈਸਾਖ ਸੰਮਤ 550 ਨਾਨਕਸ਼ਾਹੀ)

ਸੋਰਠਿ ਮਹਲਾ ੫ ॥ ਹਿਰਦੈ ਨਾਮੁ ਵਸਾਇਹੁ ॥ ਘਰਿ ਬੈਠੇ ਗੁਰੂ ਧਿਆਇਹੁ ॥ ਗੁਰਿ ਪੂਰੈ ਸਚੁ ਕਹਿਆ ॥ ਸੋ ਸੁਖੁ ਸਾਚਾ ਲਹਿਆ ॥੧॥ ਅਪੁਨਾ ਹੋਇਓ ਗੁਰੁ ਮਿਹਰਵਾਨਾ ॥ ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥ ਸਾਚੀ ਗੁਰ ਵਡਿਆਈ ॥ ਤਾ ਕੀ ਕੀਮਤਿ ਕਹਣੁ ਨ ਜਾਈ ॥ ਸਿਰਿ ਸਾਹਾ ਪਾਤਿਸਾਹਾ ॥ ਗੁਰ ਭੇਟਤ ਮਨਿ ਓਮਾਹਾ ॥੨॥ ਸਗਲ ਪਰਾਛਤ ਲਾਥੇ ॥ ਮਿਲਿ ਸਾਧਸੰਗਤਿ ਕੈ ਸਾਥੇ ॥ ਗੁਣ ਨਿਧਾਨ ਹਰਿ ਨਾਮਾ ॥ ਜਪਿ ਪੂਰਨ ਹੋਏ ਕਾਮਾ ॥੩॥ ਗੁਰਿ ਕੀਨੋ ਮੁਕਤਿ ਦੁਆਰਾ ॥ ਸਭ ਸ੍ਰਿਸਟਿ ਕਰੈ ਜੈਕਾਰਾ ॥ ਨਾਨਕ ਪ੍ਰਭੁ ਮੇਰੈ ਸਾਥੇ ॥ ਜਨਮ ਮਰਣ ਭੈ ਲਾਥੇ ॥੪॥੨॥੫੨॥ {ਅੰਗ 621}

ਪਦਅਰਥ: ਹਿਰਦੈ = ਹਿਰਦੇ ਵਿਚ। ਘਰਿ = ਘਰ ਵਿਚ ਹਿਰਦੇ ਵਿਚ, ਅੰਤਰ = ਆਤਮੇ। ਬੈਠੇ = ਟਿਕ ਕੇ। ਗੁਰਿ = ਗੁਰੂ ਨੇ। ਸਚੁ = ਸਦਾ-ਥਿਰ ਹਰਿ = ਨਾਮ (ਦਾ ਸਿਮਰਨ। ਲਹਿਆ = ਲੱਭਾ। ਸਾਚਾ = ਸਦਾ ਕਾਇਮ ਰਹਿਣ ਵਾਲਾ।੧।

ਕਲਿਆਣ = ਖ਼ੈਰੀਅਤ। ਸਿਉ = ਨਾਲ। ਘਰਿ = ਘਰ ਵਿਚ, ਹਿਰਦੇ ਵਿਚ, ਅੰਤਰ = ਆਤਮੇ। ਕਰਿ ਇਸਨਾਨ = ਇਸ਼ਨਾਨ ਕਰ ਕੇ, ਆਤਮਕ ਜੀਵਨ ਦੇਣ ਵਾਲੇ ਨਾਮ = ਜਲ ਵਿਚ ਚੁੱਭੀ ਲਾ ਕੇ, ਨਾਮ = ਜਲ ਨਾਲ ਮਨ ਨੂੰ ਪਵਿਤ੍ਰ ਕਰ ਕੇ।ਰਹਾਉ।

ਵਡਿਆਈ = ਆਤਮਕ ਉੱਚਤਾ। ਸਾਚੀ = ਸਦਾ-ਥਿਰ ਰਹਿਣ ਵਾਲੀ। ਸਿਰਿ = ਸਿਰ ਉਤੇ। ਗੁਰ ਭੇਟਤ = ਗੁਰੂ ਨੂੰ ਮਿਲਦਿਆਂ। ਮਨਿ = ਮਨ ਵਿਚ। ਓਮਾਹਾ = ਉਤਸ਼ਾਹ।੨।

ਸਗਲ = ਸਾਰੇ। ਪਰਾਛਤ = ਪਾਪ। ਮਿਲਿ = ਮਿਲ ਕੇ। ਸਾਥੇ = ਸਾਥ ਵਿਚ, ਨਾਲ। ਨਿਧਾਨ = ਖ਼ਜ਼ਾਨੇ।੩।

ਗੁਰਿ = ਗੁਰੂ ਨੇ। ਕੀਨੋ = ਬਣਾ ਦਿੱਤਾ। ਮੁਕਤਿ ਦੁਆਰਾ = ਪਾਪਾਂ ਤੋਂ ਖ਼ਲਾਸੀ ਪ੍ਰਾਪਤ ਕਰਨ ਦਾ ਦਰਵਾਜ਼ਾ। ਜੈਕਾਰਾ = ਸੋਭਾ। ਭੈ = {ਲਫ਼ਜ਼ ‘ਭਉ‘ ਤੋਂ ਬਹੁ-ਵਚਨ}੪।

ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਗੁਰੂ ਦਇਆਵਾਨ ਹੁੰਦਾ ਹੈ, ਉਹ ਮਨੁੱਖ ਨਾਮ-ਜਲ ਨਾਲ ਮਨ ਨੂੰ ਪਵਿਤ੍ਰ ਕਰ ਕੇ ਆਤਮਕ ਆਨੰਦ ਸੁਖ ਖ਼ੁਸ਼ੀਆਂ ਨਾਲ ਭਰਪੂਰ ਹੋ ਕੇ ਅੰਤਰ-ਆਤਮੇ ਟਿਕ ਜਾਂਦੇ ਹਨ (ਵਿਕਾਰਾਂ ਆਦਿਕਾਂ ਵਲ ਭਟਕਣੋਂ ਹਟ ਜਾਂਦੇ ਹਨਰਹਾਉ।

ਹੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾਈ ਰੱਖੋ। ਅੰਤਰ-ਆਤਮੇ ਟਿਕ ਕੇ ਗੁਰੂ ਦਾ ਧਿਆਨ ਧਰਿਆ ਕਰੋ। ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਦਾ-ਥਿਰ ਹਰਿ-ਨਾਮ (ਦੇ ਸਿਮਰਨਦਾ ਉਪਦੇਸ਼ ਦਿੱਤਾ, ਉਸ ਨੇ ਉਹ ਆਤਮਕ ਆਨੰਦ ਪ੍ਰਾਪਤ ਕਰ ਲਿਆ ਜੋ ਸਦਾ ਕਾਇਮ ਰਹਿੰਦਾ ਹੈ।੧।

ਹੇ ਭਾਈ! ਗੁਰੂ ਦੀ ਆਤਮਕ ਉੱਚਤਾ ਸਦਾ-ਥਿਰ ਰਹਿਣ ਵਾਲੀ ਹੈ, ਉਸ ਦੀ ਕਦਰ-ਕੀਮਤ ਨਹੀਂ ਦੱਸੀ ਜਾ ਸਕਦੀ। ਗੁਰੂ (ਦੁਨੀਆ ਦੇ) ਸ਼ਾਹ ਦੇ ਸਿਰ ਉੱਤੇ ਪਾਤਿਸ਼ਾਹ ਹੈ। ਗੁਰੂ ਨੂੰ ਮਿਲਿਆਂ ਮਨ ਵਿਚ (ਹਰੀ-ਨਾਮ ਸਿਮਰਨ ਦਾ) ਚਾਉ ਪੈਦਾ ਹੋ ਜਾਂਦਾ ਹੈ।੨।

ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਸਾਰੇ ਪਾਪ ਲਹਿ ਜਾਂਦੇ ਹਨ, (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸਾਰੇ ਗੁਣਾਂ ਦੇ ਖ਼ਜ਼ਾਨੇ ਹਰਿ-ਨਾਮ ਨੂੰ ਜਪ ਜਪ ਕੇ (ਜ਼ਿੰਦਗੀ ਦੇ) ਸਾਰੇ ਮਨੋਰਥ ਸਫਲ ਹੋ ਜਾਂਦੇ ਹਨ।੩।

ਹੇ ਭਾਈ! ਗੁਰੂ ਨੇ (ਹਰਿ-ਨਾਮ ਸਿਮਰਨ ਦਾ ਇਕ ਐਸਾ) ਦਰਵਾਜ਼ਾ ਤਿਆਰ ਕਰ ਦਿੱਤਾ ਹੈ (ਜੋ ਵਿਕਾਰਾਂ ਤੋਂ ਖ਼ਲਾਸੀ (ਕਰਾ ਦੇਂਦਾ ਹੈ। (ਗੁਰੂ ਦੀ ਇਸ ਦਾਤਿ ਦੇ ਕਾਰਨ) ਸਾਰੀ ਸ੍ਰਿਸ਼ਟੀ (ਗੁਰੂ ਦੀ) ਸੋਭਾ ਕਰਦੀ ਹੈ। ਹੇ ਨਾਨਕ! ਆਖ-ਗੁਰੂ ਦੀ ਕਿਰਪਾ ਨਾਲ ਹਰਿ-ਨਾਮ ਹਿਰਦੇ ਵਿਚ ਵਸਾਇਆਂ) ਪਰਮਾਤਮਾ ਮੇਰੇ ਅੰਗ-ਸੰਗ (ਵੱਸਦਾ ਪ੍ਰਤੀਤ ਹੋ ਰਿਹਾ ਹੈ) ਮੇਰੇ ਜਨਮ ਮਰਨ ਦੇ ਸਾਰੇ ਡਰ ਲਹਿ ਗਏ ਹਨ।੪।੨।੫੨।