Today’s Hukamnama from Gurdwara Baoli Sahib Goindwal Sahib

79

ਮੰਗਲਵਾਰ 8 ਮਈ 2018 (25 ਵੈਸਾਖ ਸੰਮਤ 550 ਨਾਨਕਸ਼ਾਹੀ)

ਰਾਮਕਲੀ ਮਹਲਾ ੫ ਅਸਟਪਦੀ     ੴ ਸਤਿਗੁਰ ਪ੍ਰਸਾਦਿ ॥ ਦਰਸਨੁ ਭੇਟਤ ਪਾਪ ਸਭਿ ਨਾਸਹਿ ਹਰਿ ਸਿਉ ਦੇਇ ਮਿਲਾਈ ॥੧॥ ਮੇਰਾ ਗੁਰੁ ਪਰਮੇਸਰੁ ਸੁਖਦਾਈ ॥ ਪਾਰਬ੍ਰਹਮ ਕਾ ਨਾਮੁ ਦ੍ਰਿੜਾਏ ਅੰਤੇ ਹੋਇ ਸਖਾਈ ॥੧॥ ਰਹਾਉ ॥ ਸਗਲ ਦੂਖ ਕਾ ਡੇਰਾ ਭੰਨਾ ਸੰਤ ਧੂਰਿ ਮੁਖਿ ਲਾਈ ॥੨॥ ਪਤਿਤ ਪੁਨੀਤ ਕੀਏ ਖਿਨ ਭੀਤਰਿ ਅਗਿਆਨੁ ਅੰਧੇਰੁ ਵੰਞਾਈ ॥੩॥ ਕਰਣ ਕਾਰਣ ਸਮਰਥੁ ਸੁਆਮੀ ਨਾਨਕ ਤਿਸੁ ਸਰਣਾਈ ॥੪॥ {ਅੰਗ 915}

ਪਦ ਅਰਥ: ਭੇਟਤ = ਮਿਲਦਿਆਂ, ਪ੍ਰਾਪਤ ਹੁੰਦਿਆਂ। ਸਭਿ = ਸਾਰੇ {ਬਹੁ-ਵਚਨ}। ਨਾਸਹਿ = {ਬਹੁ-ਵਚਨ} ਨਾਸ ਹੋ ਜਾਂਦੇ ਹਨ। ਸਿਉ = ਨਾਲ। ਦੇਇ = ਦੇਂਦਾ ਹੈ। ਦੇਇ ਮਿਲਾਈ = ਮਿਲਾਇ ਦੇਇ, ਜੋੜ ਦੇਂਦਾ ਹੈ।1।

ਸੁਖਦਾਈ = ਸੁਖਾਂ ਦਾ ਦਾਤਾ। ਦ੍ਰਿੜਾਏ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। ਅੰ​ਤੇ = ਅਖ਼ੀਰ ਵੇਲੇ ਭੀ। ਸਖਾਈ = ਸਾਥੀ, ਮਿੱਤਰ।1। ਰਹਾਉ।

ਸਗਲ = ਸਾਰੇ। ਭੰਨਾ = ਢਹਿ ਗਿਆ। ਸੰਤ ਧੂਰਿ = ਗੁਰੂ ਦੇ ਚਰਨਾਂ ਦੀ ਧੂੜਿ। ਮੁਖਿ = ਮੂੰਹ ਉਤੇ।2।

ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ ਬੰਦੇ। ਪੁਨੀਤ = ਪਵਿੱਤਰ। ਖਿਨ ਭੀਤਰਿ = ਖਿਨ ਵਿਚ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਅੰ​ਧੇਰੁ = ਹਨੇਰਾ। ਵੰਞਾਈ = ਦੂਰ ਕਰਦਾ ਹੈ।3।

ਕਰਣ ਕਾਰਣ = ਜਗਤ ਦਾ ਮੂਲ। ਸਮਰਥੁ = ਸਭ ਤਾਕਤਾਂ ਦਾ ਮਾਲਕ।4।

ਅਰਥ: ਹੇ ਭਾਈ! ਮੇਰਾ ਗੁਰੂ ਪਰਮੇਸ਼ਰ (ਦਾ ਰੂਪ) ਹੈ, ਸਾਰੇ ਸੁਖ ਦੇਣ ਵਾਲਾ ਹੈ। ਹੇ ਭਾਈ! ਗੁਰੂ ਪਰਮਾਤਮਾ ਦਾ ਨਾਮ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰ ਦੇਂਦਾ ਹੈ (ਤੇ ਇਸ ਤਰ੍ਹਾਂ) ਅਖ਼ੀਰ ਵੇਲੇ ਭੀ (ਮਨੁੱਖ ਦਾ) ਮਿੱਤਰ ਬਣਦਾ ਹੈ।1। ਰਹਾਉ।

ਹੇ ਭਾਈ! ਗੁਰੂ ਦਾ ਦਰਸ਼ਨ ਪ੍ਰਾਪਤ ਹੁੰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, (ਗੁਰੂ ਮਨੁੱਖ ਨੂੰ) ਪਰਮਾਤਮਾ ਨਾਲ ਜੋੜ ਦੇਂਦਾ ਹੈ।1।

ਹੇ ਭਾਈ! (ਜਿਹੜਾ ਮਨੁੱਖ) ਗੁਰੂ ਦੇ ਚਰਨਾਂ ਦੀ ਧੂੜ (ਆਪਣੇ) ਮੱ​ਥੇ ਉਤੇ ਲਾਂਦਾ ਹੈ (ਉਸ ਦੇ ਅੰਦਰੋਂ) ਸਾਰੇ ਦੁੱਖਾਂ ਦਾ ਅੱਡਾ ਹੀ ਮੁੱਕ ਜਾਂਦਾ ਹੈ।2।

ਹੇ ਭਾਈ! (ਗੁਰੂ ਨੇ) ਅਨੇਕਾਂ ਵਿਕਾਰੀਆਂ ਨੂੰ ਇਕ ਖਿਨ ਵਿਚ ਪਵਿੱਤਰ ਕਰ ਦਿੱਤਾ, (ਗੁਰੂ ਮਨੁੱਖ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਦੂਰ ਕਰ ਦੇਂਦਾ ਹੈ।3।

ਹੇ ਨਾਨਕ! (ਆਖ– ਹੇ ਭਾਈ!) ਮਾਲਕ-ਪ੍ਰਭੂ ਸਾਰੇ ਜਗਤ ਦਾ ਮੂਲ ਹੈ ਤੇ ਸਭ ਤਾਕਤਾਂ ਦਾ ਮਾਲਕ ਹੈ (ਗੁਰੂ ਦੀ ਰਾਹੀਂ ਹੀ) ਉਸ ਦੀ ਸਰਨ ਪਿਆ ਜਾ ਸਕਦਾ ਹੈ।4।