ਬੁੱਧਵਾਰ 25 ਅਪ੍ਰੈਲ 2018 (12 ਵੈਸਾਖ ਸੰਮਤ 550 ਨਾਨਕਸ਼ਾਹੀ)
ਸਲੋਕੁ ਮਃ ੩ ॥ ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥ ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ ॥ {ਪੰਨਾ 593}
ਅਰਥ: ਕਿਸੇ ਮਨੁੱਖ ਨੇ ਮਨ ਦੇ ਹਠ ਨਾਲ ਰੱਬ ਨੂੰ ਨਹੀਂ ਲੱਭਾ, ਸਾਰੇ ਜੀਵ (ਭਾਵ, ਕਈ ਮਨੁੱਖ) (ਹਠ ਨਾਲ) ਕਰਮ ਕਰ ਕੇ (ਓੜਕ) ਥੱਕ ਗਏ ਹਨ; ਮਨ ਦੇ ਹਠ ਨਾਲ (ਕਈ ਤਰ੍ਹਾਂ ਦੇ) ਭੇਖ ਕਰ ਕਰ ਕੇ ਭਟਕਦੇ ਹਨ ਤੇ ਮਾਇਆ ਦੇ ਮੋਹ ਵਿਚ ਦੁੱਖ ਉਠਾਉਂਦੇ ਹਨ।
ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥ {ਪੰਨਾ 593}
ਅਰਥ: ਰਿੱਧੀਆਂ ਤੇ ਸਿੱਧੀਆਂ (ਭੀ) ਨਿਰੋਲ ਮੋਹ (ਰੂਪ) ਹਨ, (ਇਹਨਾਂ ਨਾਲ) ਹਰੀ ਦਾ ਨਾਮ ਹਿਰਦੇ ਵਿਚ ਨਹੀਂ ਵੱਸ ਸਕਦਾ।
ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ ॥ ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ ॥੧॥ {ਪੰਨਾ 593}
ਅਰਥ: ਸਤਿਗੁਰੂ ਦੀ ਸੇਵਾ ਨਾਲ ਮਨ ਸਾਫ਼ ਹੁੰਦਾ ਹੈ ਤੇ ਅਗਿਆਨ (ਰੂਪ) ਹਨੇਰਾ ਦੂਰ ਹੁੰਦਾ ਹੈ, ਹੇ ਨਾਨਕ! ਨਾਮ (ਰੂਪ) ਰਤਨ ਹਿਰਦੇ ਵਿਚ ਪਰਤੱਖ ਹੋ ਜਾਂਦਾ ਹੈ ਤੇ ਸਹਿਜ ਅਵਸਥਾ ਵਿਚ (ਭਾਵ ਸੁਤੇ ਹੀ ਨਾਮ ਜਪਣ ਵਾਲੀ ਦਸ਼ਾ ਵਿਚ) ਮਨੁੱਖ ਲੀਨ ਹੋ ਜਾਂਦਾ ਹੈ।੧।
ਮਃ ੩ ॥ ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥ ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥ ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ ॥੨॥ {ਪੰਨਾ 594}
ਅਰਥ: ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਵਿਚ ਰਸ ਨਹੀਂ ਆਉਂਦਾ, ਨਾਮ ਵਿਚ ਜਿਸ ਦਾ ਪਿਆਰ ਨਹੀਂ ਜੁੜਿਆ, ਉਹ ਮਨੁੱਖ ਜੀਭ ਨਾਲ ਫਿੱਕੇ ਬਚਨ ਹੀ ਬੋਲਦਾ ਹੈ ਤੇ ਸਦਾ ਖ਼ੁਆਰ ਹੁੰਦਾ ਹੈ; (ਪਰ) ਹੇ ਨਾਨਕ! ਉਸ ਦੇ ਭੀ ਕੀਹ ਵੱਸ?) (ਪਿਛਲੇ ਕੀਤੇ ਕੰਮਾਂ ਦੇ) ਉੱਕਰੇ ਹੋਏ (ਸੰਸਕਾਰਾਂ) ਅਨੁਸਾਰ ਉਸ ਨੂੰ (ਹੁਣ ਭੀ ਇਹੋ ਜਿਹੀ ਹੀ) ਕਾਰ ਕਰਨੀ ਪੈਂਦੀ ਹੈ; ਕੋਈ ਮਨੁੱਖ (ਉਸ ਦੇ ਸੰਸਕਾਰਾਂ ਨੂੰ) ਮਿਟਾ ਨਹੀਂ ਸਕਦਾ।੨।
ਪਉੜੀ ॥ ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥ ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥ {ਪੰਨਾ 594}
ਅਰਥ: ਸਾਡਾ ਸਤਪੁਰਖੁ ਸਤਿਗੁਰੂ ਧੰਨ ਹੈ, ਜਿਸ ਦੇ ਮਿਲਿਆਂ ਸਾਡੇ ਹਿਰਦੇ ਵਿਚ ਠੰਡ ਪਈ ਹੈ, ਤੇ ਜਿਸਦੇ ਮਿਲਿਆਂ ਅਸਾਂ ਪਰਮਾਤਮਾ ਦੀ ਭਗਤੀ ਲੱਭੀ ਹੈ।
ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥ ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥ {ਪੰਨਾ 594}
ਅਰਥ: ਹਰੀ ਦਾ ਭਗਤ ਸਾਡਾ ਸਤਿਗੁਰੂ ਧੰਨ ਹੈ, ਜਿਸ ਦੀ ਸੇਵਾ ਕਰ ਕੇ ਅਸਾਂ ਹਰੀ ਦੇ ਨਾਮ ਵਿਚ ਬਿਰਤੀ ਜੋੜੀ ਹੈ; ਹਰੀ ਦੇ ਗਿਆਨ ਵਾਲਾ ਸਾਡਾ ਸਤਿਗੁਰੂ ਧੰਨ ਹੈ ਜਿਸ ਨੇ ਵੈਰੀ ਕੀਹ ਤੇ ਸਜਨ ਕੀਹ-ਸਭ ਵਾਲ ਸਾਨੂੰ ਏਕਤਾ ਦੀ ਨਜ਼ਰ (ਨਾਲ ਵੇਖਣ ਦੀ ਜਾਚ) ਸਿਖਾਈ ਹੈ।
ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥ {ਪੰਨਾ 594}
ਅਰਥ: ਸਾਡਾ ਸੱਜਣ ਸਤਿਗੁਰੂ ਧੰਨ ਹੈ, ਜਿਸ ਨੇ ਹਰੀ ਦੇ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ।੧੯।