ਸਨਿੱਚਰਵਾਰ 21 ਅਪ੍ਰੈਲ 2018 (8 ਵੈਸਾਖ ਸੰਮਤ 550 ਨਾਨਕਸ਼ਾਹੀ)
ਬਿਲਾਵਲੁ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਸਫਲ ਜਨਮੁ ਮੋ ਕਉ ਗੁਰ ਕੀਨਾ ॥ ਦੁਖ ਬਿਸਾਰਿ ਸੁਖ ਅੰਤਰਿ ਲੀਨਾ ॥੧॥ ਗਿਆਨ ਅੰਜਨੁ ਮੋ ਕਉ ਗੁਰਿ ਦੀਨਾ ॥ ਰਾਮ ਨਾਮ ਬਿਨੁ ਜੀਵਨੁ ਮਨ ਹੀਨਾ ॥੧॥ ਰਹਾਉ ॥ਨਾਮਦੇਇ ਸਿਮਰਨੁ ਕਰਿ ਜਾਨਾਂ ॥ ਜਗਜੀਵਨ ਸਿਉ ਜੀਉ ਸਮਾਨਾਂ ॥੨॥੧॥ {ਅੰਗ 857-858}
ਪਦਅਰਥ: ਮੋ ਕਉ = ਮੈਨੂੰ। ਸਫਲ ਜਨਮੁ = ਉਹ ਮਨੁੱਖ ਜਿਸ ਦਾ ਜਨਮ ਸਫਲਾ ਹੋ ਗਿਆ ਹੈ, ਉਹ ਮਨੁੱਖ ਜਿਸ ਨੇ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰ ਲਿਆ ਹੈ। ਸੁਖ ਅੰਤਰਿ = ਸੁਖ ਵਿਚ। ਬਿਸਾਰਿ = ਭੁਲਾ ਕੇ।੧।
ਅੰਜਨੁ = ਸੁਰਮਾ। ਗੁਰਿ = ਗੁਰੂ ਨੇ। ਮਨ = ਹੇ ਮਨ! ਹੀਨਾ = ਤੁੱਛ, ਨਕਾਰਾ।੧।ਰਹਾਉ।
ਨਾਮਦੇਇ = ਨਾਮਦੇਉ ਨੇ। ਕਰਿ = ਕਰ ਕੇ। ਜਾਨਾਂ = ਜਾਣ ਲਿਆ ਹੈ, ਪਛਾਣ ਲਿਆ ਹੈ। ਸਿਉ = ਨਾਲ। ਜੀਉ = ਜਿੰਦ। ਸਮਾਨਾਂ = ਲੀਨ ਹੋ ਗਈ ਹੈ।੨।
ਅਰਥ: ਮੈਨੂੰ ਮੇਰੇ ਸਤਿਗੁਰੂ ਨੇ ਸਫਲ ਜੀਵਨ ਵਾਲਾ ਬਣਾ ਦਿੱਤਾ ਹੈ, ਮੈਂ ਹੁਣ (ਜਗਤ ਦੇ ਸਾਰੇ) ਦੁੱਖ ਭੁਲਾ ਕੇ (ਆਤਮਕ) ਸੁਖ ਵਿਚ ਲੀਨ ਹੋ ਗਿਆ ਹਾਂ।੧।
ਮੈਨੂੰ ਸਤਿਗੁਰੂ ਨੇ ਆਪਣੇ ਗਿਆਨ ਦਾ (ਐਸਾ) ਸੁਰਮਾ ਦਿੱਤਾ ਹੈ ਕਿ ਹੇ ਮਨ! ਹੁਣ ਪ੍ਰਭੂ ਦੀ ਬੰਦਗੀ ਤੋਂ ਬਿਨਾ ਜੀਊਣਾ ਵਿਅਰਥ ਜਾਪਦਾ ਹੈ।੧।ਰਹਾਉ।
ਮੈਂ ਨਾਮਦੇਵ ਨੇ ਪ੍ਰਭੂ ਦਾ ਭਜਨ ਕਰ ਕੇ ਪ੍ਰਭੂ ਨਾਲ ਸਾਂਝ ਪਾ ਲਈ ਹੈ ਤੇ ਜਗਤ-ਦੇ-ਆਸਰੇ ਪ੍ਰਭੂ ਵਿਚ ਮੇਰੀ ਜਿੰਦ ਲੀਨ ਹੋ ਗਈ ਹੈ।੨।੧।
ਸ਼ਬਦ ਦਾ ਭਾਵ: ਸਿਮਰਨ ਨਾਲ ਹੀ ਜਨਮ ਸਫਲ ਹੁੰਦਾ ਹੈ। ਇਹ ਦਾਤ ਗੁਰੂ ਤੋਂ ਮਿਲਦੀ ਹੈ।