Today’s Hukamnama from Gurdwara Baoli Sahib Goindwal Sahib

74

ਸੋਮਵਾਰ 19 ਨਵੰਬਰ 2018 (4 ਮੱਘਰ ਸੰਮਤ 550 ਨਾਨਕਸ਼ਾਹੀ)

ਸਲੋਕੁ ॥ ਦੇਹ ਅੰਧਾਰੀ ਅੰਧ ਸੁੰਞੀ ਨਾਮ ਵਿਹੂਣੀਆ ॥ ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੧॥ ਛੰਤੁ ॥ ਤਿਨ ਖੰਨੀਐ ਵੰਞਾਂ ਜਿਨ ਮੇਰਾ ਹਰਿ ਪ੍ਰਭੁ ਡੀਠਾ ਰਾਮ ॥ ਜਨ ਚਾਖਿ ਅਘਾਣੇ ਹਰਿ ਹਰਿ ਅੰਮ੍ਰਿਤੁ ਮੀਠਾ ਰਾਮ ॥ ਹਰਿ ਮਨਹਿ ਮੀਠਾ ਪ੍ਰਭੂ ਤੂਠਾ ਅਮਿਉ ਵੂਠਾ ਸੁਖ ਭਏ ॥ ਦੁਖ ਨਾਸ ਭਰਮ ਬਿਨਾਸ ਤਨ ਤੇ ਜਪਿ ਜਗਦੀਸ ਈਸਹ ਜੈ ਜਏ ॥ ਮੋਹ ਰਹਤ ਬਿਕਾਰ ਥਾਕੇ ਪੰਚ ਤੇ ਸੰਗੁ ਤੂਟਾ ॥ ਕਹੁ ਨਾਨਕ ਤਿਨ ਖੰਨੀਐ ਵੰਞਾ ਜਿਨ ਘਟਿ ਮੇਰਾ ਹਰਿ ਪ੍ਰਭੁ ਵੂਠਾ ॥੩॥ {ਅੰਗ 577}

ਪਦਅਰਥ: ਦੇਹ = ਸਰੀਰ। ਅੰਧਾਰੀ ਅੰਧ = (ਮੋਹ ਦੇ) ਹਨੇਰੇ ਵਿਚ ਅੰਨ੍ਹੀ। ਵਿਹੂਣੀਆ = ਸੱਖਣੀ। ਜੈ ਘਟਿ = ਜਿਸ ਦੇ ਹਿਰਦੇ ਵਿਚ। ਵੁਠਾ = ਆ ਵੱਸਿਆ। ਸਚੁ ਧਣੀ = ਸਦਾ ਕਾਇਮ ਰਹਿਣ ਵਾਲਾ ਮਾਲਕ = ਪ੍ਰਭੂ।੧।

ਛੰਤੁ। ਵੰਞਾ = ਵੰਞਾਂ, ਮੈਂ ਜਾਂਦਾ ਹਾਂ। ਖੰਨੀਐ ਵੰਞਾਂ = ਮੈਂ ਟੋਟੇ ਟੋਟੇ ਹੋ ਕੇ ਸਦਕੇ ਜਾਂਦਾ ਹਾਂ। ਚਾਖਿ = (ਨਾਮ = ਰਸ) ਚੱਖ ਕੇ। ਅਘਾਣੇ = ਰੱਜ ਜਾਂਦੇ ਹਨ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਮਨਹਿ = ਮਨ ਵਿਚ। ਤੂਠਾ = ਪ੍ਰਸੰਨ ਹੁੰਦਾ। ਅਮਿਉ = ਅੰਮ੍ਰਿਤ। ਤਨ ਤੇ = ਤਨ ਤੋਂ। ਜਗਦੀਸ = ਜਗਤ ਦਾ ਮਾਲਕ। ਈਸਹ ਜੈ ਜਏ = ਮਾਲਕ ਦੀ ਜੈ = ਜੈਕਾਰ। ਜਪਿ = ਜਪ ਕੇ, ਆਖ ਕੇ। ਸੰਗੁ = ਸਾਥ। ਜਿਨ ਘਟਿ = ਜਿਨ੍ਹਾਂ ਦੇ ਹਿਰਦੇ ਵਿਚ।੩।

ਅਰਥ: ਹੇ ਭਾਈ! ਜੇਹੜਾ ਸਰੀਰ ਪਰਮਾਤਮਾ ਦੇ ਨਾਮ ਤੋਂ ਸੱਖਣਾ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੇ ਹਨੇਰੇ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ। ਹੇ ਨਾਨਕ! ਉਸ ਮਨੁੱਖ ਦਾ ਜੀਵਨ ਕਾਮਯਾਬ ਹੈ ਜਿਸ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਆ ਵੱਸਦਾ ਹੈ।੧।

ਛੰਤੁ। ਮੈਂ ਉਹਨਾਂ ਮਨੁੱਖਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ਜਿਨ੍ਹਾਂ ਮੇਰੇ ਹਰੀ-ਪ੍ਰਭੂ ਦਾ ਦਰਸਨ ਕਰ ਲਿਆ ਹੈ। ਉਹ ਮਨੁੱਖ (ਪਰਮਾਤਮਾ ਦਾ ਨਾਮ-ਰਸ) ਚੱਖ ਕੇ (ਦੁਨੀਆ ਦੇ ਪਦਾਰਥਾਂ ਵੱਲੋਂ) ਰੱਜ ਜਾਂਦੇ ਹਨ, ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਜਲ ਮਿੱਠਾ ਲੱਗਦਾ ਹੈ। ਪਰਮਾਤਮਾ ਉਹਨਾਂ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ, ਪਰਮਾਤਮਾ ਉਹਨਾਂ ਉਤੇ ਪ੍ਰਸੰਨ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ, ਉਹਨਾਂ ਨੂੰ ਸਾਰੇ ਆਨੰਦ ਪ੍ਰਾਪਤ ਹੋ ਜਾਂਦੇ ਹਨ। ਜਗਤ ਦੇ ਮਾਲਕ-ਪ੍ਰਭੂ ਦੀ ਜੈ-ਜੈਕਾਰ ਆਖ ਆਖ ਕੇ ਉਹਨਾਂ ਦੇ ਸਰੀਰ ਤੋਂ ਦੁੱਖ ਤੇ ਭਰਮ ਦੂਰ ਹੋ ਜਾਂਦੇ ਹਨ। ਉਹ ਮਨੁੱਖ ਮੋਹ ਤੋਂ ਰਹਿਤ ਹੋ ਜਾਂਦੇ ਹਨ, ਉਹਨਾਂ ਦੇ ਅੰਦਰੋਂ ਵਿਕਾਰ ਮੁੱਕ ਜਾਂਦੇ ਹਨ, ਕਾਮਾਦਿਕ ਪੰਜਾਂ ਨਾਲੋਂ ਉਹਨਾਂ ਦਾ ਸਾਥ ਟੁੱਟ ਜਾਂਦਾ ਹੈ।

ਹੇ ਨਾਨਕ! ਆਖ-ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰੀ-ਪ੍ਰਭੂ ਆ ਵੱਸਿਆ ਹੈ ਮੈਂ ਉਹਨਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ।੩।