ਸਨਿੱਚਰਵਾਰ 3 ਨਵੰਬਰ 2018 (18 ਕੱਤਕ ਸੰਮਤ 550 ਨਾਨਕਸ਼ਾਹੀ)
ਸੂਹੀ ਮਹਲਾ ੫ ॥ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥ ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥ ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥ ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥ ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥ {ਅੰਗ 783}
ਪਦਅਰਥ: ਕਾਰਜਿ = ਕੰਮ ਵਿਚ, ਕੰਮ (ਦੀ ਸਫਲਤਾ) ਵਿਚ। ਧਰਤਿ = (ਸੰਤ ਜਨਾਂ ਦੀ ਸਰੀਰ-) ਧਰਤੀ। ਸੁਹਾਵੀ = ਸੋਹਣੀ। ਤਾਲੁ = (ਸੰਤ ਜਨਾਂ ਦਾ ਹਿਰਦਾ-) ਤਾਲਾਬ। ਵਿਚਿ = (ਹਿਰਦੇ = ਤਲਾਬ) ਵਿਚ। ਅੰਮ੍ਰਿਤ ਜਲੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਛਾਇਆ = ਛਾ ਗਿਆ, ਪ੍ਰਭਾਵ ਪਾ ਲਿਆ। ਸਾਜੁ = ਉੱਦਮ। ਪੂਰਨ ਸਾਜ ਕਰਾਇਆ = ਸਾਰਾ ਉੱਦਮ ਸਫਲ ਕਰ ਦਿੱਤਾ। ਮਨੋਰਥ = ਮੁਰਾਦਾਂ। ਜੈ ਜੈ ਕਾਰੁ = ਸੋਭਾ, ਵਡਿਆਈ। ਅੰਤਰਿ = ਅੰਦਰ, ਵਿਚ। ਵਿਸੂਰੇ = ਚਿੰਤਾ = ਝੋਰੇ। ਅਚੁਤ ਜਸੁ = ਅਚੁੱਤ ਪ੍ਰਭੂ ਦਾ ਜਸ। ਅਚੁਤ = {च्यु = to fall} ਕਦੇ ਨਾਸ ਨਾਹ ਹੋਣ ਵਾਲਾ। ਵੇਦ = ਵੇਦਾਂ ਨੇ {ਬਹੁ-ਵਚਨ}। ਪੁਰਾਣੀ = ਪੁਰਾਣਾਂ ਨੇ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ। ਪਰਮੇਸਰਿ = ਪਰਮੇਸਰ ਨੇ।੧।
ਅਰਥ: ਹੇ ਭਾਈ! ਪਰਮਾਤਮਾ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਆਪਣੇ) ਸੰਤਾਂ ਦੇ ਕੰਮ ਵਿਚ ਉਹ ਆਪ ਸਹਾਈ ਹੁੰਦਾ ਰਿਹਾ ਹੈ, ਆਪਣੇ ਸੰਤਾਂ ਦਾ ਕੰਮ ਸਿਰੇ ਚੜ੍ਹਾਣ ਲਈ ਉਹ ਆਪ ਆਉਂਦਾ ਰਿਹਾ ਹੈ।
ਹੇ ਭਾਈ! ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪਣਾ ਪੂਰਾ ਪ੍ਰਭਾਵ ਪਾ ਲੈਂਦਾ ਹੈ, ਉਸ ਮਨੁੱਖ ਦੀ (ਕਾਂਇਆਂ-) ਧਰਤੀ ਸੋਹਣੀ ਬਣ ਜਾਂਦੀ ਹੈ, ਉਸ ਮਨੁੱਖ ਦਾ (ਹਿਰਦਾ) ਤਲਾਬ ਸੋਹਣਾ ਹੋ ਜਾਂਦਾ ਹੈ। (ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰ ਜਾਂਦਾ ਹੈ, (ਆਤਮਕ ਜੀਵਨ ਉੱਚਾ ਕਰਨ ਵਾਲਾ ਉਸ ਮਨੁੱਖ ਦਾ) ਸਾਰਾ ਉੱਦਮ ਪਰਮਾਤਮਾ ਸਿਰੇ ਚਾੜ੍ਹ ਦੇਂਦਾ ਹੈ, (ਉਸ ਮਨੁੱਖ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। (ਉਸ ਮਨੁੱਖ ਦੀ) ਸੋਭਾ ਸਾਰੇ ਜਗਤ ਵਿਚ ਹੋਣ ਲੱਗ ਪੈਂਦੀ ਹੈ, (ਉਸ ਦੇ) ਸਾਰੇ ਚਿੰਤਾ-ਝੋਰੇ ਮੁੱਕ ਜਾਂਦੇ ਹਨ।
ਹੇ ਨਾਨਕ! ਪਰਮੇਸਰ ਨੇ ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਸਦਾ ਹੀ ਕਾਇਮ ਰੱਖਿਆ ਹੈ (ਕਿ ਜਿਸ ਉਤੇ ਉਸ ਨੇ ਮਿਹਰ ਕੀਤੀ, ਉਸ ਨੇ ਉਸ ਦਾ) ਨਾਮ ਸਿਮਰਨਾ ਸ਼ੁਰੂ ਕਰ ਦਿੱਤਾ। ਉਸ ਸਰਬ-ਵਿਆਪਕ ਅਤੇ ਕਦੇ ਨਾਹ ਨਾਸ ਹੋਣ ਵਾਲੇ ਪਰਮਾਤਮਾ ਦੀ (ਇਹੀ) ਸਿਫ਼ਤਿ (ਪੁਰਾਣੇ ਧਰਮ-ਪੁਸਤਕਾਂ) ਵੇਦਾਂ ਅਤੇ ਪੁਰਾਣਾਂ ਨੇ (ਭੀ) ਕੀਤੀ ਹੈ।੧।