ਸਨਿੱਚਰਵਾਰ 20 ਅਕਤੂਬਰ 2018 (4 ਕੱਤਕ ਸੰਮਤ 550 ਨਾਨਕਸ਼ਾਹੀ)
ਵਡਹੰਸ ਕੀ ਵਾਰ ਮਹਲਾ ੪ ਲਲਾਂ ਬਹਲੀਮਾ ਕੀ ਧੁਨਿ ਗਾਵਣੀ ੴ ਸਤਿਗੁਰ ਪ੍ਰਸਾਦਿ ॥ ਸਲੋਕ ਮਃ ੩ ॥ ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ ॥ ਸਚੁ ਸੰਗ੍ਰਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ ॥ ਸਦਾ ਨਿਰਮਲ ਮੈਲੁ ਨ ਲਗਈ ਨਦਰਿ ਕੀਤੀ ਕਰਤਾਰਿ ॥ ਨਾਨਕ ਹਉ ਤਿਨ ਕੈ ਬਲਿਹਾਰਣੈ ਜੋ ਅਨਦਿਨੁ ਜਪਹਿ ਮੁਰਾਰਿ ॥੧॥ {ਅੰਗ 585}
ਪਦਅਰਥ: ਵਡਹੰਸ = ਵੱਡੇ ਹੰਸ, ਵੱਡੇ ਬਿਬੇਕੀ। ਉਰਿ = ਹਿਰਦੇ ਵਿਚ। ਸੰਗ੍ਰਹਹਿ = ਇਕੱਠਾ ਕਰਦੇ ਹਨ। ਸਚਿ = ਸੱਚ ਵਿਚ। ਪਿਆਰਿ = ਪਿਆਰ ਦੇ ਕਾਰਨ। ਕਰਤਾਰਿ = ਕਰਤਾਰ ਨੇ। ਮੁਰਾਰਿ = ਪਰਮਾਤਮਾ।
ਅਰਥ: ਜੋ ਮਨੁੱਖ ਸੱਚੇ ਨਾਮ ਨੂੰ ਹਿਰਦੇ ਵਿਚ ਪਰੋ ਕੇ ਸਤਿਗੁਰੂ ਦੇ ਸ਼ਬਦ ਵਿਚ ਰੱਤੇ ਹੋਏ ਹਨ, ਉਹ ਵੱਡੇ ਬਿਬੇਕੀ (ਸੰਤ) ਹਨ; ਉਹ ਸੱਚਾ ਨਾਮ (ਰੂਪ ਧਨ) ਇਕੱਠਾ ਕਰਦੇ ਹਨ, ਤੇ ਸੱਚੇ ਨਾਮ ਵਿਚ ਪਿਆਰ ਦੇ ਕਾਰਨ ਸੱਚ ਵਿਚ ਹੀ ਲੀਨ ਰਹਿੰਦੇ ਹਨ; ਕਰਤਾਰ ਨੇ ਉਹਨਾਂ ਉਤੇ ਮੇਹਰ ਦੀ ਨਜ਼ਰ ਕੀਤੀ ਹੋਈ ਹੈ; (ਇਸ ਕਰਕੇ) ਉਹ ਸਦਾ ਪਵਿਤ੍ਰ ਹਨ ਉਹਨਾਂ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ। ਹੇ ਨਾਨਕ! ਆਖ-) ਜੋ ਮਨੁੱਖ ਹਰ ਵੇਲੇ ਪ੍ਰਭੂ ਨੂੰ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ।੧।
ਮਃ ੩ ॥ ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥ ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥੨॥ {ਪੰਨਾ 585}
ਪਦਅਰਥ: ਬਗੁ = ਬਗੁਲਾ, ਪਖੰਡੀ ਮਨੁੱਖ। ਜਨਮਿ = ਜਨਮ ਤੋਂ ਹੀ, ਮੁੱਢ ਤੋਂ ਹੀ। ਅੰਗੁ ਨ ਦੇਦੀ = ਪਾਸ ਨਾ ਬੈਠਦੀ।
ਅਰਥ: ਮੈਂ ਸਮਝਿਆ ਸੀ ਕਿ ਇਹ ਕੋਈ ਵੱਡਾ ਸੰਤ ਹੈ, ਇਸ ਵਾਸਤੇ ਮੈਂ ਇਸ ਨਾਲ ਸਾਥ ਕੀਤਾ ਸੀ; ਜੇ ਮੈਨੂੰ ਪਤਾ ਹੁੰਦਾ ਕਿ ਇਹ ਵਿਚਾਰਾ ਪਖੰਡੀ ਮਨੁੱਖ ਹੈ ਤਾਂ ਮੈਂ ਮੁੱਢ ਤੋਂ ਹੀ ਇਸ ਦੇ ਪਾਸ ਨਾਹ ਬੈਠਦੀ।੨।
ਮਃ ੩ ॥ ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ ॥ ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੩॥ {ਪੰਨਾ 585}
ਪਦਅਰਥ: ਤਲਿ = ਹੇਠਾਂ। ਸਿਰੁ ਤਲਿ, ਉਪਰਿ ਪਾਉ = ਸਿਰ ਹੇਠਾਂ ਤੇ ਪੈਰ ਉਤਾਂਹ ਨੂੰ, ਸਿਰ = ਪਰਨੇ ਹੋ ਕੇ।
ਅਰਥ: ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਅ ਕੁੱਦਿਆ, ਪਰ ਬਗਲੇ ਵਿਚਾਰੇ ਸਿਰ-ਪਰਨੇ ਹੋ ਕੇ ਡੁੱਬ ਕੇ ਮਰ ਗਏ।੩।
ਪਉੜੀ ॥ ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ ॥ ਤੂ ਆਪੇ ਆਪਿ ਨਿਰੰਕਾਰੁ ਹੈ ਕੋ ਅਵਰੁ ਨ ਬੀਆ ॥ ਤੂ ਕਰਣ ਕਾਰਣ ਸਮਰਥੁ ਹੈ ਤੂ ਕਰਹਿ ਸੁ ਥੀਆ ॥ ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ ॥ ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥੧॥ {ਪੰਨਾ 585}
ਪਦਅਰਥ: ਕਾਰਣੁ = ਮੁੱਢ। ਨਿਰੰਕਾਰੁ = ਨਿਰ = ਗੁਣ ਰੂਪ, ਜਿਸ ਦਾ ਕੋਈ ਖ਼ਾਸ ਸਰੂਪ ਨਹੀਂ। ਬੀਆ = ਦੂਜਾ। ਵਾਹੁ ਵਾਹੁ = ਧੰਨ।
ਅਰਥ: ਹੇ ਪ੍ਰਭੂ! ਸੰਸਾਰ ਦਾ ਮੁੱਢ ਤੂੰ ਆਪ ਹੀ ਬਣਾਇਆ, (ਕਿਉਂਕਿ ਇਸ ਤੋਂ ਪਹਿਲਾਂ ਦਾ ਭੀ) ਤੂੰ ਆਪ ਹੀ ਹੈਂ, ਤੂੰ ਆਪ ਹੀ ਹੈਂ; ਤੇਰਾ ਕੋਈ ਖ਼ਾਸ ਸਰੂਪ ਨਹੀਂ ਹੈ (ਜੋ ਮੈਂ ਬਿਆਨ ਕਰ ਸਕਾਂ) , ਤੇਰੇ ਵਰਗਾ ਕੋਈ ਦੂਜਾ ਨਹੀਂ ਹੈ। ਸ੍ਰਿਸ਼ਟੀ ਦੀ ਉਤਪੱਤੀ ਕਰਨ ਦੇ ਤੂੰ ਹੀ ਸਮਰੱਥ ਹੈਂ, ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ; ਤੂੰ ਸਾਰੇ ਜੀਵਾਂ ਨੂੰ (ਉਹਨਾਂ ਦੇ) ਮੰਗਣ ਤੋਂ ਬਿਨਾ ਹੀ ਸਭ ਦਾਤਾਂ ਦੇ ਰਿਹਾ ਹੈਂ।
(ਹੇ ਭਾਈ!) ਸਾਰੇ ਆਖਹੁ-ਸਤਿਗੁਰੂ (ਭੀ) ਧੰਨ ਹੈ ਜਿਸ ਨੇ (ਇਹੋ ਜਿਹੇ) ਪ੍ਰਭੂ ਦੀ ਨਾਮ-ਰੂਪ ਦਾਤਿ (ਅਸਾਡੇ) ਮੂੰਹ ਵਿਚ ਪਾਈ ਹੈ (ਭਾਵ, ਅਸਾਨੂੰ ਨਾਮ ਦੀ ਦਾਤਿ ਬਖ਼ਸ਼ੀ ਹੈ) ।੧।