ਮੰਗਲਵਾਰ 25 ਸਤੰਬਰ 2018 (9 ਅੱਸੂ ਸੰਮਤ 550 ਨਾਨਕਸ਼ਾਹੀ)
ਸਲੋਕ ਮਃ ੩ ॥ ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥ ਸਬਦੈ ਸਾਦੁ ਨ ਪਾਇਓ ਮਨਹਠਿ ਕਿਆ ਗੁਣ ਗਾਇ ॥ ਨਾਨਕ ਆਇਆ ਸੋ ਪਰਵਾਣੁ ਹੈ ਜਿ ਗੁਰਮੁਖਿ ਸਚਿ ਸਮਾਇ ॥੧॥ {ਅੰਗ 549}
ਅਰਥ: ਜੇ ਮਨ ਵਿਚ (ਹਰੀ ਦੀ ਹੋਂਦ ਦੀ) ਪ੍ਰਤੀਤ ਨਾਹ ਆਈ, ਤੇ ਅਡੋਲਤਾ ਵਿਚ ਪਿਆਰ ਨਾਹ ਲੱਗਾ, ਜੇ ਸ਼ਬਦ ਦਾ ਰਸ ਨਾਹ ਲੱਭਾ, ਤਾਂ ਮਨ ਦੇ ਹਠ ਨਾਲ ਸਿਫ਼ਤਿ-ਸਾਲਾਹ ਕਰਨ ਦਾ ਕੀਹ ਲਾਭ? ਹੇ ਨਾਨਕ! ਸੰਸਾਰ ਵਿਚ) ਜੰਮਿਆ ਉਹ ਜੀਵ ਮੁਬਾਰਿਕ ਹੈ ਜੋ ਸਤਿਗੁਰੂ ਦੇ ਸਨਮੁਖ ਰਹਿ ਕੇ ਸੱਚ ਵਿਚ ਲੀਨ ਹੋ ਜਾਏ।੧।
ਮਃ ੩ ॥ ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ ॥ ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਏ ॥ ਸਤਿਗੁਰ ਕੈ ਭੈ ਭੰਨਿ ਨ ਘੜਿਓ ਰਹੈ ਅੰਕਿ ਸਮਾਏ ॥ ਅਨਦਿਨੁ ਸਹਸਾ ਕਦੇ ਨ ਚੂਕੈ ਬਿਨੁ ਸਬਦੈ ਦੁਖੁ ਪਾਏ ॥ ਕਾਮੁ ਕ੍ਰੋਧੁ ਲੋਭੁ ਅੰਤਰਿ ਸਬਲਾ ਨਿਤ ਧੰਧਾ ਕਰਤ ਵਿਹਾਏ ॥ ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ ॥ ਸਚਾ ਨਾਮੁ ਨ ਲਗੋ ਮੀਠਾ ਜਿਤੁ ਨਾਮਿ ਨਵ ਨਿਧਿ ਪਾਏ ॥ ਜੀਵਤੁ ਮਰੈ ਮਰੈ ਫੁਨਿ ਜੀਵੈ ਤਾਂ ਮੋਖੰਤਰੁ ਪਾਏ ॥ ਧੁਰਿ ਕਰਮੁ ਨ ਪਾਇਓ ਪਰਾਣੀ ਵਿਣੁ ਕਰਮਾ ਕਿਆ ਪਾਏ ॥ ਗੁਰ ਕਾ ਸਬਦੁ ਸਮਾਲਿ ਤੂ ਮੂੜੇ ਗਤਿ ਮਤਿ ਸਬਦੇ ਪਾਏ ॥ ਨਾਨਕ ਸਤਿਗੁਰੁ ਤਦ ਹੀ ਪਾਏ ਜਾਂ ਵਿਚਹੁ ਆਪੁ ਗਵਾਏ ॥੨॥ {ਪੰਨਾ 549-550}
ਪਦਅਰਥ: ਭੈ = ਡਰ ਵਿਚ। ਅੰਕਿ = ਗੋਦ ਵਿਚ। ਸਹਸਾ = ਤੌਖ਼ਲਾ। ਅਨਦਿਨੁ = ਹਰ ਰੋਜ਼। ਸਬਲਾ = ਬਲਵਾਨ। ਜਿਤੁ = ਜਿਸ ਦੀ ਰਾਹੀਂ। ਨਵ ਨਿਧਿ = ਨੌ ਖ਼ਜ਼ਾਨੇ, ਸਾਰੇ ਪਦਾਰਥ। ਫੁਨਿ = ਫੇਰ। ਮੋਖੰਤਰੁ = ਮੋਖ ਦਾ ਅੰਤਰਾ, ਮੁਕਤੀ ਦਾ ਰਾਜ਼।
ਅਰਥ: ਮੂਰਖ ਮਨੁੱਖ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਤੇ ਹੋਰਨਾਂ ਨੂੰ ਆਖ ਕੇ ਦੁਖਾਉਂਦਾ ਹੈ, (ਸਤਿਗੁਰੂ ਦੇ ਦਰ ਤੇ ਪਹੁੰਚ ਕੇ ਭੀ) ਅੰਨ੍ਹੇ ਦੀ ਮੁੱਢ ਦੀ (ਦੂਜਿਆਂ ਨੂੰ ਦੁਖਾਉਣ ਦੀ) ਵਾਦੀ ਦੂਰ ਨਹੀਂ ਹੁੰਦੀ, ਤੇ (ਹਰੀ ਤੋਂ) ਵਿਛੁੱੜ ਕੇ ਦੁਖ ਸਹਿੰਦਾ ਹੈ।
ਮੂਰਖ ਮਨੁੱਖ ਸਤਿਗੁਰੂ ਦੇ ਡਰ ਵਿਚ ਰਹਿ ਕੇ ਮਨ (ਦੇ ਪਿਛਲੇ ਮੰਦੇ ਸੰਸਕਾਰਾਂ) ਨੂੰ ਭੰਨ ਕੇ (ਨਵੇਂ ਸਿਰੇ ਸਿਮਰਨ ਵਾਲੇ ਸੰਸਕਾਰ) ਨਹੀਂ ਘੜਦਾ, (ਜਿਸ ਕਰਕੇ) (ਪ੍ਰਭੂ ਦੀ) ਗੋਦੀ ਵਿਚ ਸਮਾਇਆ ਰਹੇ, ਹਰ ਰੋਜ਼ ਕਿਸੇ ਵੇਲੇ ਭੀ ਉਸਦੀ ਚਿੰਤਾ ਦੂਰ ਨਹੀਂ ਹੁੰਦੀ, ਸ਼ਬਦ (ਦਾ ਆਸਰਾ ਲੈਣ ਤੋਂ) ਬਿਨਾ ਦੁੱਖ ਪਾਉਂਦਾ ਹੈ।
ਮੂਰਖ ਦੇ ਹਿਰਦੇ ਵਿਚ ਕਾਮ, ਕ੍ਰੋਧ ਤੇ ਲੋਭ ਜ਼ੋਰਾਂ ਵਿਚ ਹੈ, ਤੇ ਸਦਾ ਧੰਧੇ ਕਰਦਿਆਂ ਉਮਰ ਗੁਜ਼ਰਦੀ ਹੈ, ਪੈਰ, ਹੱਥ, (ਅੱਖੀਆਂ) ਵੇਖ ਵੇਖ ਕੇ ਤੇ (ਕੰਨ) ਸੁਣ ਸੁਣ ਕੇ ਥੱਕ ਗਏ ਹਨ, (ਉਮਰ ਦੇ) ਦਿਨ ਮੁੱਕ ਗਏ ਹਨ, (ਮਰਨ ਦੇ ਦਿਨ ਨੇੜੇ ਆ ਗਏ ਹਨ) ਜਿਸ ਨਾਮ ਦੀ ਰਾਹੀਂ ਨੌ ਨਿਧੀਆਂ ਲੱਭ ਪੈਣ ਉਹ ਸੱਚਾ ਨਾਮ (ਮੂਰਖ ਨੂੰ) ਪਿਆਰਾ ਨਹੀਂ ਲੱਗਦਾ, (ਲੱਗੇ ਭੀ ਕਿਵੇਂ?) (ਸੰਸਾਰ ਵਿਚ) ਵਰਤਦਾ ਹੋਇਆ (ਸੰਸਾਰ ਵਲੋਂ) ਮੁਰਦਾ ਹੋ ਜਾਵੇ (ਇਸ ਤਰ੍ਹਾਂ) ਮਰ ਕੇ ਫੇਰ (ਹਰੀ ਦੀ ਯਾਦ ਵਿਚ) ਸੁਰਜੀਤ ਹੋਵੇ, ਤਾਂ ਹੀ ਮੁਕਤੀ ਦਾ ਭੇਤ ਲੱਭਦਾ ਹੈ।
ਪਰ ਜਿਸ ਮਨੁੱਖ ਨੂੰ ਧੁਰੋਂ ਪਰਮਾਤਮਾ ਦੀ ਬਖ਼ਸ਼ਸ਼ ਨਸੀਬ ਨਾਹ ਹੋਈ, ਉਹ (ਪਿਛਲੇ ਚੰਗੇ ਸੰਸਕਾਰਾਂ ਵਾਲੇ) ਕੰਮਾਂ ਤੋਂ ਬਿਨਾ (ਹੁਣ ਬੰਦਗੀ ਵਾਲੇ ਸੰਸਕਾਰ) ਕਿਥੋਂ ਲਭੇ? ਹੇ ਮੂਰਖ! ਸਤਿਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ) ਸਾਂਭ, (ਕਿਉਂਕਿ) ਉੱਚੀ ਆਤਮਕ ਅਵਸਥਾ ਤੇ ਭਲੀ ਮਤਿ ਸ਼ਬਦ ਤੋਂ ਹੀ ਮਿਲਦੀ ਹੈ। (ਪਰ,) ਹੇ ਨਾਨਕ! ਸਤਿਗੁਰੂ ਭੀ ਤਦੋਂ ਹੀ ਮਿਲਦਾ ਹੈ ਜਦੋਂ ਮਨੁੱਖ ਹਿਰਦੇ ਵਿਚੋਂ ਅਹੰਕਾਰ ਦੂਰ ਕਰਦਾ ਹੈ।੨।
ਪਉੜੀ ॥ ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥ ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ ॥ ਜਿਨਿ ਹਰਿ ਧਿਆਇਆ ਤਿਸ ਨੋ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ ਮੁਹੁ ਜੋੜੀਐ ॥ ਸਭਿ ਦੁਖ ਭੁਖ ਰੋਗ ਗਏ ਹਰਿ ਸੇਵਕ ਕੇ ਸਭਿ ਜਨ ਕੇ ਬੰਧਨ ਤੋੜੀਐ ॥ ਹਰਿ ਕਿਰਪਾ ਤੇ ਹੋਆ ਹਰਿ ਭਗਤੁ ਹਰਿ ਭਗਤ ਜਨਾ ਕੈ ਮੁਹਿ ਡਿਠੈ ਜਗਤੁ ਤਰਿਆ ਸਭੁ ਲੋੜੀਐ ॥੪॥ {ਪੰਨਾ 550}
ਪਦਅਰਥ: ਕਿਵ = ਕਿਉਂ। ਨਿਮਖ = ਅੱਖ ਝਮਕਣ ਜਿਤਨਾ ਸਮਾ ਭਰ। ਕਲਿਆਣ = ਸੁਖ। ਮੁਹਿ ਡਿਠੈ = ਜੇ ਮੂੰਹ ਵੇਖੀਏ, ਦਰਸ਼ਨ ਕੀਤਿਆਂ।
ਅਰਥ: ਜਿਸ ਮਨੁੱਖ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਨਿਵਾਸ ਕਰੇ, ਉਸ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ। ਪ੍ਰਭੂ ਹਰ ਕਿਸਮ ਦਾ ਸੁਖ ਦੇਣ ਵਾਲਾ ਹੈ, ਉਸ ਦਾ ਸਿਮਰਨ ਕਰਨ ਤੋਂ ਇਕ ਖਿਨ ਭਰ ਭੀ ਨਹੀਂ ਹਟਣਾ ਚਾਹੀਦਾ।
ਜਿਸ ਮਨੁੱਖ ਨੇ ਹਰੀ ਨੂੰ ਸਿਮਰਿਆ ਹੈ, ਉਸ ਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਹਨ, (ਇਸ ਵਾਸਤੇ) ਸਦਾ ਸਾਧ ਸੰਗਤ ਵਿਚ ਜਾ ਕੇ ਬੈਠਣਾ ਚਾਹੀਦਾ ਹੈ ਤੇ (ਪ੍ਰਭੂ ਦੇ ਗੁਣਾਂ ਬਾਰੇ) ਵਿਚਾਰ ਕਰਨੀ ਚਾਹੀਦੀ ਹੈ।
ਹਰੀ ਦੇ ਭਗਤ ਦੇ ਸਾਰੇ ਕਲੇਸ਼ ਭੁੱਖਾਂ ਤੇ ਰੋਗ ਦੂਰ ਹੋ ਜਾਂਦੇ ਹਨ, ਤੇ ਸਾਰੇ ਬੰਧਨ ਟੁੱਟ ਜਾਂਦੇ ਹਨ, (ਕਿਉਂਕਿ) ਹਰੀ ਦਾ ਭਗਤ ਹਰੀ ਦੀ ਆਪਣੀ ਕਿਰਪਾ ਨਾਲ ਬਣਦਾ ਹੈ। ਚਾਹੀਦਾ ਤਾਂ ਇਹ ਹੈ ਕਿ ਹਰੀ ਦੇ ਭਗਤਾਂ ਦਾ ਦਰਸ਼ਨ ਕਰ ਕੇ (ਭਾਵ, ਉਹਨਾਂ ਦੀ ਸੰਗਤਿ ਵਿਚ ਰਹਿ ਕੇ) ਸਾਰਾ ਸੰਸਾਰ ਤਰ ਜਾਏ। (ਪਰ ਸੰਸਾਰ ਇਸ ਰਸਤੇ ਪੈਂਦਾ ਨਹੀਂ) ।੪।