ਮੰਗਲਵਾਰ 10 ਅਪ੍ਰੈਲ 2018 (28 ਚੇਤ ਸੰਮਤ 550 ਨਾਨਕਸ਼ਾਹੀ)
ਰਾਗੁ ਸੂਹੀ ਛੰਤ ਮਹਲਾ ੧ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ ॥ ਮੈਲੀ ਅਵਗਣਿ ਚਿਤਿ ਬਿਨੁ ਗੁਰ ਗੁਣ ਨ ਸਮਾਵਨੀ ਬਲਿ ਰਾਮ ਜੀਉ ॥ ਗੁਣ ਸਾਰ ਨ ਜਾਣੀ ਭਰਮਿ ਭੁਲਾਣੀ ਜੋਬਨੁ ਬਾਦਿ ਗਵਾਇਆ ॥ ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ ਸਹਜੁ ਨ ਭਾਇਆ ॥ ਸਤਿਗੁਰ ਪੂਛਿ ਨ ਮਾਰਗਿ ਚਾਲੀ ਸੂਤੀ ਰੈਣਿ ਵਿਹਾਣੀ ॥ ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ ॥੧॥ ਬਾਬਾ ਮੈ ਵਰੁ ਦੇਹਿ ਮੈ ਹਰਿ ਵਰੁ ਭਾਵੈ ਤਿਸ ਕੀ ਬਲਿ ਰਾਮ ਜੀਉ ॥ ਰਵਿ ਰਹਿਆ ਜੁਗ ਚਾਰਿ ਤ੍ਰਿਭਵਣ ਬਾਣੀ ਜਿਸ ਕੀ ਬਲਿ ਰਾਮ ਜੀਉ ॥ ਤ੍ਰਿਭਵਣ ਕੰਤੁ ਰਵੈ ਸੋਹਾਗਣਿ ਅਵਗਣਵੰਤੀ ਦੂਰੇ ॥ ਜੈਸੀ ਆਸਾ ਤੈਸੀ ਮਨਸਾ ਪੂਰਿ ਰਹਿਆ ਭਰਪੂਰੇ ॥ ਹਰਿ ਕੀ ਨਾਰਿ ਸੁ ਸਰਬ ਸੁਹਾਗਣਿ ਰਾਂਡ ਨ ਮੈਲੈ ਵੇਸੇ ॥ ਨਾਨਕ ਮੈ ਵਰੁ ਸਾਚਾ ਭਾਵੈ ਜੁਗਿ ਜੁਗਿ ਪ੍ਰੀਤਮ ਤੈਸੇ ॥੨॥ ਬਾਬਾ ਲਗਨੁ ਗਣਾਇ ਹੰ ਭੀ ਵੰਞਾ ਸਾਹੁਰੈ ਬਲਿ ਰਾਮ ਜੀਉ ॥ ਸਾਹਾ ਹੁਕਮੁ ਰਜਾਇ ਸੋ ਨ ਟਲੈ ਜੋ ਪ੍ਰਭੁ ਕਰੈ ਬਲਿ ਰਾਮ ਜੀਉ ॥ ਕਿਰਤੁ ਪਇਆ ਕਰਤੈ ਕਰਿ ਪਾਇਆ ਮੇਟਿ ਨ ਸਕੈ ਕੋਈ ॥ ਜਾਞੀ ਨਾਉ ਨਰਹ ਨਿਹਕੇਵਲੁ ਰਵਿ ਰਹਿਆ ਤਿਹੁ ਲੋਈ ॥ ਮਾਇ ਨਿਰਾਸੀ ਰੋਇ ਵਿਛੁੰਨੀ ਬਾਲੀ ਬਾਲੈ ਹੇਤੇ ॥ ਨਾਨਕ ਸਾਚ ਸਬਦਿ ਸੁਖ ਮਹਲੀ ਗੁਰ ਚਰਣੀ ਪ੍ਰਭੁ ਚੇਤੇ ॥੩॥ ਬਾਬੁਲਿ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ ਬਲਿ ਰਾਮ ਜੀਉ ॥ ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿ ਰਾਮ ਜੀਉ ॥ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ ॥ ਸੰਜੋਗੀ ਮੇਲਾ ਥਾਨਿ ਸੁਹੇਲਾ ਗੁਣਵੰਤੀ ਗੁਰ ਗਿਆਨੇ ॥ ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥ ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ ॥੪॥੧॥ {ਅੰਗ 763-764}
ਪਦਅਰਥ: ਭਰਿ ਜੋਬਨਿ = ਭਰੀ ਜਵਾਨੀ ਵਿਚ, ਭਰ = ਜਵਾਨੀ ਦੇ ਸਮੇ। ਮੈ = ਸ਼ਰਾਬ। ਮਤ = ਮੱਤ, ਮਸਤ। ਪੇਈਅੜੈ ਘਰਿ = ਪੇਕੇ ਘਰ ਵਿਚ। ਪਾਹੁਣੀ = ਪ੍ਰਾਹੁਣੀ। ਬਲਿ = ਸਦਕੇ। ਰਾਮ = ਹੇ ਰਾਮ! ਅਵਗਣਿ = ਔਗੁਣ ਦੇ ਕਾਰਨ। ਚਿਤਿ = ਚਿੱਤ ਵਿਚ। ਨ ਸਮਾਵਨੀ = ਨਹੀਂ ਸਮਾਂਦੇ। ਸਾਰ = ਕਦਰ। ਭਰਮਿ = ਭਟਕਣਾ ਵਿਚ। ਬਾਦਿ = ਵਿਅਰਥ। ਵਰੁ = ਖਸਮ = ਪ੍ਰਭੂ। ਸਹਜੁ = ਸੁਭਾਉ। ਭਾਇਆ = ਚੰਗਾ ਲੱਗਾ। ਪੂਛਿ = ਪੁੱਛ ਕੇ। ਮਾਰਗਿ = (ਸਹੀ) ਰਸਤੇ ਉਤੇ। ਰੈਣਿ = (ਜ਼ਿੰਦਗੀ ਦੀ) ਰਾਤ। ਬਾਲਤਣ = ਬਾਲ = ਉਮਰ ਵਿਚ (ਹੀ) । ਧਨ = ਜੀਵ = ਇਸਤ੍ਰੀ।੧।
ਬਾਬਾ = ਹੇ ਗੁਰੂ! ਮੈ = ਮੈਨੂੰ। ਵਰੁ = ਪ੍ਰਭੂ = ਪਤੀ। ਦੇਹਿ = ਮਿਲਾ। ਭਾਵੈ = ਪਿਆਰਾ ਲੱਗਦਾ ਹੈ। ਮੈ ਤਿਸ ਕੀ ਬਲਿ ਰਾਮ = ਮੈਂ ਉਸ ਰਾਮ ਤੋਂ ਸਦਕੇ ਹਾਂ। ਰਵਿ ਰਹਿਆ = ਮੌਜੂਦ ਹੈ, ਹਰ ਥਾਂ ਵਿਆਪਕ ਹੈ। ਜੁਗ ਚਾਰਿ = ਸਦਾ ਹੀ। ਤ੍ਰਿਭਵਣ = ਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ। ਬਾਣੀ = ਹੁਕਮ। ਰਵੈ = ਪਿਆਰ ਕਰਦਾ ਹੈ। ਮਨਸਾ = {मनीषा} ਇੱਛਾ। ਸਰਬ = ਸਦਾ ਹੀ। ਰਾਂਡ = ਰੰਡੀ। ਤੈਸੇ = ਇਕ = ਸਮਾਨ।੨।
ਲਗਨੁ = ਮੁਹੂਰਤ। ਲਗਨੁ ਗਣਾਇ = ਮੁਹੂਰਤ ਕਢਾ ਕੇ। ਹੰਭੀ = ਮੈਂ ਭੀ। ਵੰਞਾ = ਪਹੁੰਚ ਸਕਾਂ। ਸਾਹੁਰੈ = ਪਤੀ ਦੇ ਘਰ ਵਿਚ, ਪ੍ਰਭੂ = ਚਰਨਾਂ ਵਿਚ। ਸਾਹਾ = ਲਗਨ, ਮੁਹੂਰਤ। ਰਜਾਇ = ਪਰਮਾਤਮਾ ਦੀ ਮਰਜ਼ੀ ਅਨੁਸਾਰ। ਨ ਟਲੈ = ਅਗਾਂਹ ਪਿਛਾਂਹ ਨਹੀਂ ਹੋ ਸਕਦਾ। ਕਿਰਤੁ ਪਇਆ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਿਲਿਆ ਹੋਇਆ। ਕਿਰਤ = {कृत} ਕੀਤੇ ਹੋਏ ਕਰਮਾਂ ਦਾ ਇਕੱਠ। ਕਰਤੈ = ਕਰਤਾਰ ਨੇ। ਜਾਞੀ = ਜੰਞ ਦਾ ਮਾਲਕ, ਲਾੜਾ। ਨਿਹਕੇਵਲ = {निष्कैवल्य} ਪਵਿਤ੍ਰ, ਸੁਤੰਤਰ। ਨਰਹ ਨਿਹਕੇਵਲੁ = ਮਨੁੱਖਾਂ ਤੋਂ ਸੁਤੰਤਰ। ਤਿਹੁ ਲੋਈ = ਤਿੰਨਾਂ ਲੋਕਾਂ ਵਿਚ। ਮਾਇ = ਮਾਇਆ। ਨਿਰਾਸੀ = ਆਸ = ਹੀਣੀ। ਰੋਇ = ਰੋ ਕੇ। ਵਿਛੁੰਨੀ = ਵਿੱਛੁੜ ਜਾਂਦੀ ਹੈ। ਬਾਲੀ = ਕੁੜੀ। ਬਾਲੈ = ਮੁੰਡੇ ਦਾ। ਹੇਤੇ = ਪਿਆਰ ਦੇ ਕਾਰਨ। ਬਾਲੀ ਬਾਲੈ ਹੇਤੇ = ਕੁੜੀ ਮੁੰਡੇ ਦੇ ਪਿਆਰ ਦੇ ਕਾਰਨ। ਸਬਦਿ = ਸ਼ਬਦ ਦੀ ਬਰਕਤਿ ਨਾਲ। ਸੁਖ = ਆਨੰਦ। ਮਹਲੀ = ਪ੍ਰਭੂ ਦੇ ਘਰ ਵਿਚ।੩।
ਬਾਬੁਲਿ = ਪਿਉ ਨੇ, ਸਤਿਗੁਰੂ ਨੇ। ਦਿਤੜੀ = ਭੇਜ ਦਿੱਤੀ। ਦੂਰਿ = (ਮਾਇਆ ਦੇ ਪ੍ਰਭਾਵ ਤੋਂ) ਦੂਰ ਪਰੇ। ਘਰਿ = ਘਰ ਵਿਚ। ਪੇਈਐ ਘਰਿ = ਪੇਕੇ ਘਰ ਵਿਚ, ਜਨਮ ਮਰਨ ਵਿਚ। ਰਹਸੀ = ਪ੍ਰਸੰਨ ਹੁੰਦੀ ਹੈ। ਵੇਖਿ = ਵੇਖ ਕੇ। ਹਦੂਰਿ = ਆਪਣੇ ਸਾਹਮਣੇ। ਪਿਰਿ = ਪਿਰ ਨੇ, ਪ੍ਰਭੂ = ਪਤੀ ਨੇ। ਰਾਵੀ = ਪਿਆਰ ਕੀਤਾ। ਘਰਿ = ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ। ਸੋਹੀਐ = ਸੋਭਦੀ ਹੈ, ਆਤਮਕ ਜੀਵਨ ਸੋਹਣਾ ਬਣਾ ਲੈਂਦੀ ਹੈ। ਪਰਧਾਨੇ = ਮੰਨੀ = ਪ੍ਰਮੰਨੀ। ਸੰਜੋਗੀ = ਚੰਗੇ ਭਾਗਾਂ ਨਾਲ। ਥਾਨਿ = ਪ੍ਰਭੂ = ਚਰਨਾਂ ਵਿਚ। ਸੁਹੇਲਾ = ਸੌਖਾ (ਜੀਵਨ) । ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਪਲੈ = ਪੱਲੇ ਵਿਚ, ਉਸ ਦੇ ਪਾਸ। ਬੋਲੈ = ਸਿਮਰਦੀ ਹੈ। ਪਿਰ ਭਾਏ = ਪਤੀ ਨੂੰ ਪਿਆਰੀ ਲੱਗਦੀ ਹੈ। ਅੰਕਿ = ਅੰਕ ਵਿਚ, ਜੱਫੀ ਵਿਚ। ਸਮਾਏ = ਲੀਨ ਹੋ ਜਾਂਦੀ ਹੈ।੪।
ਅਰਥ: ਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਹਾਂ (ਤੂੰ ਕੈਸੀ ਅਚਰਜ ਲੀਲਾ ਰਚਾਈ ਹੈ!) ਜੀਵ-ਇਸਤ੍ਰੀ (ਤੇਰੀ ਰਚੀ ਮਾਇਆ ਦੇ ਪ੍ਰਭਾਵ ਹੇਠ) ਜਵਾਨੀ ਦੇ ਸਮੇ ਇਉਂ ਮਸਤ ਹੈ ਜਿਵੇਂ ਸ਼ਰਾਬ ਪੀ ਕੇ ਮਦ ਹੋਸ਼ ਹੈ, (ਇਹ ਭੀ ਨਹੀਂ ਸਮਝਦੀ ਕਿ) ਇਸ ਪੇਕੇ-ਘਰ ਵਿਚ (ਇਸ ਜਗਤ ਵਿਚ) ਉਹ ਇਕ ਪ੍ਰਾਹੁਣੀ ਹੀ ਹੈ। ਵਿਕਾਰਾਂ ਦੀ ਕਮਾਈ ਨਾਲ ਚਿੱਤ ਵਿਚ ਉਹ ਮੈਲੀ ਰਹਿੰਦੀ ਹੈ (ਗੁਰੂ ਦੀ ਸਰਨ ਨਹੀਂ ਆਉਂਦੀ, ਤੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਹਿਰਦੇ ਵਿਚ) ਗੁਣ ਟਿਕ ਨਹੀਂ ਸਕਦੇ।
(ਮਾਇਆ ਦੀ) ਭਟਕਣਾ ਵਿਚ ਪੈ ਕੇ ਜੀਵ-ਇਸਤ੍ਰੀ ਨੇ (ਪ੍ਰਭੂ ਦੇ) ਗੁਣਾਂ ਦੀ ਕੀਮਤ ਨਾਹ ਸਮਝੀ, ਕੁਰਾਹੇ ਪਈ ਰਹੀ, ਤੇ ਜਵਾਨੀ ਦਾ ਸਮਾ ਵਿਅਰਥ ਗਵਾ ਲਿਆ। ਨਾਹ ਉਸ ਨੇ ਖਸਮ-ਪ੍ਰਭੂ ਨਾਲ ਸਾਂਝ ਪਾਈ, ਨਾਹ ਉਸ ਦੇ ਦਰ ਨਾਹ ਉਸ ਦੇ ਘਰ ਤੇ ਨਾਹ ਹੀ ਉਸ ਦੇ ਦਰਸਨ ਦੀ ਕਦਰ ਪਛਾਣੀ। (ਭਟਕਣਾ ਵਿਚ ਹੀ ਰਹਿ ਕੇ) ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਦਾ ਸੁਭਾਉ ਭੀ ਪਸੰਦ ਨਾਹ ਆਇਆ।
ਮਾਇਆ ਦੇ ਮੋਹ ਵਿਚ ਸੁੱਤੀ ਹੋਈ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਸਾਰੀ ਰਾਤ ਬੀਤ ਗਈ, ਸਤਿਗੁਰੂ ਦੀ ਸਿੱਖਿਆ ਲੈ ਕੇ ਜੀਵਨ ਦੇ ਠੀਕ ਰਸਤੇ ਉਤੇ ਕਦੇ ਭੀ ਨਾਹ ਤੁਰੀ। ਹੇ ਨਾਨਕ! ਅਜੇਹੀ ਜੀਵ-ਇਸਤ੍ਰੀ ਨੇ ਤਾਂ ਬਾਲ-ਉਮਰੇ ਹੀ ਰੰਡੇਪਾ ਸਹੇੜ ਲਿਆ,
ਤੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਦਾ ਹਿਰਦਾ-ਕਮਲ ਕੁਮਲਾਇਆ ਹੀ ਰਿਹਾ।੧।
ਹੇ ਪਿਆਰੇ ਸਤਿਗੁਰੂ! ਮੈਨੂੰ ਖਸਮ-ਪ੍ਰਭੂ ਮਿਲਾ। (ਮੇਹਰ ਕਰ) ਮੈਨੂੰ ਉਹ ਪ੍ਰਭੂ-ਪਤੀ ਪਿਆਰਾ ਲੱਗੇ, ਮੈਂ ਉਸ ਤੋਂ ਸਦਕੇ ਜਾਵਾਂ, ਜੋ ਸਦਾ ਹੀ ਹਰ ਥਾਂ ਵਿਆਪਕ ਹੈ, ਤਿੰਨਾਂ ਹੀ ਭਵਨਾਂ ਵਿਚ ਜਿਸ ਦਾ ਹੁਕਮ ਚੱਲ ਰਿਹਾ ਹੈ।
ਤਿੰਨਾਂ ਭਵਨਾਂ ਦਾ ਮਾਲਕ ਪ੍ਰਭੂ ਭਾਗਾਂ ਵਾਲੀ ਜੀਵ-ਇਸਤ੍ਰੀ ਨਾਲ ਪਿਆਰ ਕਰਦਾ ਹੈ, ਪਰ ਜਿਸ ਨੇ ਔਗੁਣ ਹੀ ਔਗੁਣ ਸਹੇੜੇ ਉਹ ਉਸ ਦੇ ਚਰਨਾਂ ਤੋਂ ਵਿਛੁੜੀ ਰਹਿੰਦੀ ਹੈ। ਉਹ ਮਾਲਕ ਹਰੇਕ ਦੇ ਹਿਰਦੇ ਵਿਚ ਵਿਆਪਕ ਹੈ (ਉਹ ਹਰੇਕ ਦੇ ਦਿਲ ਦੀ ਜਾਣਦਾ ਹੈ) ਜਿਹੋ ਜਿਹੀ ਆਸ ਧਾਰ ਕੇ ਕੋਈ ਉਸ ਦੇ ਦਰ ਤੇ ਆਉਂਦੀ ਹੈ ਉਹੋ ਜਿਹੀ ਇੱਛਾ ਉਹ ਪੂਰੀ ਕਰ ਦੇਂਦਾ ਹੈ।
ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਬਣੀ ਰਹਿੰਦੀ ਹੈ ਉਹ ਸਦਾ ਸੁਹਾਗ-ਭਾਗ ਵਾਲੀ ਹੈ, ਉਹ ਕਦੇ ਰੰਡੀ ਨਹੀਂ ਹੁੰਦੀ, ਉਸ ਦਾ ਵੇਸ ਕਦੇ ਮੈਲਾ ਨਹੀਂ ਹੁੰਦਾ (ਉਸ ਦਾ ਹਿਰਦਾ ਕਦੇ ਵਿਕਾਰਾਂ ਨਾਲ ਮੈਲਾ ਨਹੀਂ ਹੁੰਦਾ) ।
ਹੇ ਨਾਨਕ! ਅਰਦਾਸ ਕਰ ਤੇ ਆਖ-ਹੇ ਸਤਿਗੁਰੂ! ਤੇਰੀ ਮੇਹਰ ਹੋਵੇ ਤਾਂ) ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ-ਪਤੀ ਮੈਨੂੰ (ਸਦਾ) ਪਿਆਰਾ ਲੱਗਦਾ ਰਹੇ ਜੇਹੜਾ ਪ੍ਰੀਤਮ ਹਰੇਕ ਜੁਗ ਵਿਚ ਇਕ-ਸਮਾਨ ਰਹਿਣ ਵਾਲਾ ਹੈ।੨।
ਹੇ ਸਤਿਗੁਰੂ! ਉਹ) ਮੁਹੂਰਤ ਕਢਾ (ਉਹ ਅਵਸਰ ਪੈਦਾ ਕਰ, ਜਿਸ ਦੀ ਬਰਕਤਿ ਨਾਲ) ਮੈਂ ਭੀ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਸਕਾਂ। (ਹੇ ਗੁਰੂ! ਤੇਰੀ ਕਿਰਪਾ ਨਾਲ) ਰਜ਼ਾ ਦੇ ਮਾਲਕ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਮੇਲ ਦਾ ਅਵਸਰ ਬਣ ਜਾਂਦਾ ਹੈ, ਉਸ ਨੂੰ ਕੋਈ ਅਗਾਂਹ ਪਿਛਾਂਹ ਨਹੀਂ ਕਰ ਸਕਦਾ (ਉਸ ਵਿਚ ਕੋਈ ਵਿਘਨ ਨਹੀਂ ਪਾ ਸਕਦਾ) ।
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਕਰਤਾਰ ਨੇ (ਉਹਨਾਂ ਦੇ ਮਿਲਾਪ ਜਾਂ ਵਿਛੋੜੇ ਦਾ) ਜੋ ਭੀ ਹੁਕਮ ਦਿੱਤਾ ਹੈ ਉਸ ਨੂੰ ਕੋਈ ਉਲੰਘ ਨਹੀਂ ਸਕਦਾ।
(ਗੁਰੂ ਵਿਚੋਲੇ ਦੀ ਕਿਰਪਾ ਨਾਲ) ਉਹ ਪਰਮਾਤਮਾ ਜੋ ਤਿੰਨਾਂ ਲੋਕਾਂ ਵਿਚ ਵਿਆਪਕ ਹੈ ਤੇ (ਫਿਰ ਭੀ ਆਪਣੇ ਪੈਦਾ ਕੀਤੇ) ਬੰਦਿਆਂ ਤੋਂ ਸੁਤੰਤਰ ਹੈ (ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਨ ਲਈ) ਲਾੜਾ ਬਣ ਕੇ ਆਉਂਦਾ ਹੈ। (ਜਿਵੇਂ ਧੀ ਨੂੰ ਤੋਰਨ ਲੱਗੀ ਮਾਂ ਮੁੜ ਮਿਲਣ ਦੀਆਂ ਆਸਾਂ ਲਾਹ ਕੇ ਰੋ ਕੇ ਵਿਛੁੜਦੀ ਹੈ, ਤਿਵੇਂ) ਮਾਇਆ ਜੀਵ-ਇਸਤ੍ਰੀ ਦੇ ਪ੍ਰਭੂ-ਪਤੀ ਨਾਲ ਪ੍ਰੇਮ ਦੇ ਕਾਰਨ ਜੀਵ-ਇਸਤ੍ਰੀ ਨੂੰ ਆਪਣੇ ਕਾਬੂ ਵਿਚ ਰੱਖ ਸਕਣ ਦੀਆਂ ਆਸਾਂ ਲਾਹ ਕੇ (ਮਾਨੋ) ਰੋ ਕੇ ਵਿਛੁੜਦੀ ਹੈ।
ਹੇ ਨਾਨਕ! ਜੀਵ-ਇਸਤ੍ਰੀ ਗੁਰੂ ਦੇ ਚਰਨਾਂ ਦੀ ਬਰਕਤਿ ਨਾਲ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਂਦੀ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਹਜ਼ੂਰੀ ਵਿਚ ਆਨੰਦ ਮਾਣਦੀ ਹੈ।੩।
ਸਤਿਗੁਰੂ ਨੇ (ਮੇਹਰ ਕਰ ਕੇ ਜੀਵ-ਇਸਤ੍ਰੀ ਮਾਇਆ ਦੇ ਪ੍ਰਭਾਵ ਤੋਂ ਇਤਨੀ) ਦੂਰ ਅਪੜਾ ਦਿੱਤੀ ਕਿ ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੀ। ਪ੍ਰਭੂ-ਪਤੀ ਦਾ ਪ੍ਰਤੱਖ ਦੀਦਾਰ ਕਰ ਕੇ ਉਹ ਪ੍ਰਸੰਨ-ਚਿੱਤ ਹੁੰਦੀ ਹੈ। ਪ੍ਰਭੂ-ਪਤੀ ਨੇ (ਜਦੋਂ) ਉਸ ਨਾਲ ਪਿਆਰ ਕੀਤਾ, ਤਾਂ ਉਸ ਦੇ ਚਰਨਾਂ ਵਿਚ ਜੁੜ ਕੇ ਉਹ ਆਪਣਾ ਆਤਮਕ ਜੀਵਨ ਸੰਵਾਰਦੀ ਹੈ।
ਸਦਾ-ਥਿਰ ਪ੍ਰੀਤਮ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਦੀ ਲੋੜ ਪਈ (ਭਾਵ, ਜੀਵ-ਇਸਤ੍ਰੀ ਉਸ ਦੇ ਲੇਖੇ ਵਿਚ ਆ ਗਈ) ਉਸ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ। (ਇਸ ਮਿਲਾਪ ਦੀ ਬਰਕਤਿ ਨਾਲ) ਉਸ ਦੀ ਮਤਿ ਉਕਾਈ-ਹੀਣ ਹੋ ਗਈ, ਉਹ ਮੰਨੀ-ਪ੍ਰਮੰਨੀ ਗਈ। ਚੰਗੇ ਭਾਗਾਂ ਨਾਲ ਉਸ ਦਾ ਮਿਲਾਪ ਹੋ ਗਿਆ, ਪ੍ਰਭੂ-ਚਰਨਾਂ ਵਿਚ ਉਸ ਦਾ ਜੀਵਨ ਸੁਖੀ ਹੋ ਗਿਆ, ਉਹ ਗੁਣਾਂ ਵਾਲੀ ਹੋ ਗਈ, ਗੁਰੂ ਦੇ ਦਿੱਤੇ ਗਿਆਨ ਵਾਲੀ ਹੋ ਗਈ।
ਸਤ ਸੰਤੋਖ ਤੇ ਸਦਾ-ਥਿਰ ਯਾਦ ਉਸ ਦੇ ਹਿਰਦੇ ਵਿਚ ਟਿਕ ਜਾਂਦੀ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਸਦਾ ਸਿਮਰਦੀ ਹੈ, ਉਹ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਹੇ ਨਾਨਕ! ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਤੋਂ) ਵਿਛੁੜ ਕੇ ਦੁੱਖ ਨਹੀਂ ਪਾਂਦੀ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਗੋਦ ਵਿਚ ਹੀ ਲੀਨ ਹੋ ਜਾਂਦੀ ਹੈ।੪।੧।