Today’s Hukamnama from Gurdwara Baoli Sahib Goindwal Sahib

60

ਸ਼ੁੱਕਰਵਾਰ 24 ਅਗਸਤ 2018 (8 ਭਾਦੋਂ ਸੰਮਤ 550 ਨਾਨਕਸ਼ਾਹੀ)

ਗੋਂਡ ਮਹਲਾ ੫ ॥ ਨਾਮੁ ਨਿਰੰਜਨੁ ਨੀਰਿ ਨਰਾਇਣ ॥ ਰਸਨਾ ਸਿਮਰਤ ਪਾਪ ਬਿਲਾਇਣ ॥੧॥ ਰਹਾਉ ॥ਨਾਰਾਇਣ ਸਭ ਮਾਹਿ ਨਿਵਾਸ ॥ ਨਾਰਾਇਣ ਘਟਿ ਘਟਿ ਪਰਗਾਸ ॥ ਨਾਰਾਇਣ ਕਹਤੇ ਨਰਕਿ ਨ ਜਾਹਿ ॥ ਨਾਰਾਇਣ ਸੇਵਿ ਸਗਲ ਫਲ ਪਾਹਿ ॥੧॥ ਨਾਰਾਇਣ ਮਨ ਮਾਹਿ ਅਧਾਰ ॥ ਨਾਰਾਇਣ ਬੋਹਿਥ ਸੰਸਾਰ ॥ ਨਾਰਾਇਣ ਕਹਤ ਜਮੁ ਭਾਗਿ ਪਲਾਇਣ ॥ ਨਾਰਾਇਣ ਦੰਤ ਭਾਨੇ ਡਾਇਣ ॥੨॥ ਨਾਰਾਇਣ ਸਦ ਸਦ ਬਖਸਿੰਦ ॥ ਨਾਰਾਇਣ ਕੀਨੇ ਸੂਖ ਅਨੰਦ ॥ ਨਾਰਾਇਣ ਪ੍ਰਗਟ ਕੀਨੋ ਪਰਤਾਪ ॥ ਨਾਰਾਇਣ ਸੰਤ ਕੋ ਮਾਈ ਬਾਪ ॥੩॥ ਨਾਰਾਇਣ ਸਾਧਸੰਗਿ ਨਰਾਇਣ ॥ ਬਾਰੰ ਬਾਰ ਨਰਾਇਣ ਗਾਇਣ ॥ ਬਸਤੁ ਅਗੋਚਰ ਗੁਰ ਮਿਲਿ ਲਹੀ ॥ ਨਾਰਾਇਣ ਓਟ ਨਾਨਕ ਦਾਸ ਗਹੀ ॥੪॥੧੭॥੧੯॥ {ਅੰਗ 868}

ਪਦਅਰਥ: ਨਿਰੰਜਨੁ = {ਨਿਰ = ਅੰਜਨੁਮਾਇਆ ਦੀ ਕਾਲਖ ਤੋਂ ਪਰੇ ਰੱਖਣ ਵਾਲਾ। ਨਾਮੁ ਨਰਾਇਣ = ਪਰਮਾਤਮਾ ਦਾ ਨਾਮ। ਨੀਰਿ = {ਕ੍ਰਿਆ} (ਆਪਣੇ ਹਿਰਦੇ ਵਿਚ) ਸਿੰਜ। ਰਸਨਾ = ਜੀਭ (ਨਾਲ। ਬਿਲਾਇਣ = ਦੂਰ ਹੋ ਜਾਂਦੇ ਹਨ।੧।ਰਹਾਉ।

ਘਟਿ ਘਟਿ = ਹਰੇਕ ਘਟ ਵਿਚਹਰੇਕ ਸਰੀਰ ਵਿਚ। ਨਰਕਿ = ਨਰਕ ਵਿਚ। ਨ ਜਾਹਿ = ਨਹੀਂ ਜਾਂਦੇ। ਸੇਵਿ = ਸਿਮਰ ਕੇ।੧।

ਅਧਾਰ = ਆਸਰਾ। ਬੋਹਿਥ = ਜਹਾਜ਼। ਭਾਗਿ = ਭੱਜ ਕੇ। ਪਲਾਇਣ = ਦੌੜ (ਲਾ ਦੇਂਦਾ ਹੈ। ਭਾਨੇ = ਭੰਨ ਦੇਂਦਾ ਹੈ। ਦੰਤ ਡਾਇਣ = (ਮਾਇਆ) ਡੈਣ ਦੇ ਦੰਦ।੨।

ਸਦ ਸਦ = ਸਦਾ ਸਦਾ। ਬਖਸਿੰਦ = ਬਖ਼ਸ਼ਣ ਵਾਲਾ। ਕੀਨੇ = ਪੈਦਾ ਕਰ ਦਿੱਤੇ। ਕੋ = ਦਾ।੩।

ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਬਾਰੰਬਾਰ = ਮੁੜ ਮੁੜ। ਬਸਤੁ = ਚੀਜ਼। ਅਗੋਚਰ = {ਅ = ਗੋ = ਚਰ। ਗੋ = ਇੰਦਰੇ। ਚਰ = ਪਹੁੰਚਇੰਦਰਿਆਂ ਦੀ ਪਹੁੰਚ ਤੋਂ ਪਰੇ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਲਹੀ = ਲੱਭ ਲਈ। ਦਾਸ = ਦਾਸਾਂ ਨੇ। ਗਹੀ = ਪਕੜੀ, ਫੜੀ। ਓਟ = ਆਸਰਾ।੪।

ਅਰਥ: ਹੇ ਭਾਈ! ਨਾਰਾਇਣ ਦਾ ਨਾਮ ਮਾਇਆ ਦੀ ਕਾਲਖ ਤੋਂ ਬਚਾਣ ਵਾਲਾ (ਹੈ, ਇਸ ਨੂੰ ਆਪਣੇ ਹਿਰਦੇ ਵਿਚ) ਸਿੰਜ। (ਇਹ ਨਾਮ) ਜੀਭ ਨਾਲ ਜਪਦਿਆਂ (ਸਾਰੇ) ਪਾਪ ਦੂਰ ਹੋ ਜਾਂਦੇ ਹਨ।੧।ਰਹਾਉ।

ਹੇ ਭਾਈ! ਸਭ ਜੀਵਾਂ ਵਿਚ ਨਾਰਾਇਣ ਦਾ ਨਿਵਾਸ ਹੈ, ਹਰੇਕ ਸਰੀਰ ਵਿਚ ਨਾਰਾਇਣ (ਦੀ ਜੋਤਿ) ਦਾ ਹੀ ਚਾਨਣ ਹੈ। ਨਾਰਾਇਣ (ਦਾ ਨਾਮ) ਜਪਣ ਵਾਲੇ ਜੀਵ ਨਰਕ ਵਿਚ ਨਹੀਂ ਪੈਂਦੇ। ਨਾਰਾਇਣ ਦੀ ਭਗਤੀ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ।੧।

ਹੇ ਭਾਈ! ਨਾਰਾਇਣ (ਦੇ ਨਾਮ) ਨੂੰ (ਆਪਣੇ) ਮਨ ਵਿਚ ਆਸਰਾ ਬਣਾ ਲੈ, ਨਾਰਾਇਣ (ਦਾ ਨਾਮ) ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਲਈ ਜਹਾਜ਼ ਹੈ। ਨਾਰਾਇਣ ਦਾ ਨਾਮ ਜਪਦਿਆਂ ਜਮ ਭੱਜ ਕੇ ਪਰੇ ਚਲਾ ਜਾਂਦਾ ਹੈ। ਨਾਰਾਇਣ (ਦਾ ਨਾਮ ਮਾਇਆ) ਡੈਣ ਦੇ ਦੰਦ ਭੰਨ ਦੇਂਦਾ ਹੈ।੨।

ਹੇ ਭਾਈ! ਨਾਰਾਇਣ ਸਦਾ ਹੀ ਬਖ਼ਸ਼ਣਹਾਰ ਹੈ। ਨਾਰਾਇਣ (ਆਪਣੇ ਸੇਵਕਾਂ ਦੇ ਹਿਰਦੇ ਵਿਚ) ਸੁਖ ਆਨੰਦ ਪੈਦਾ ਕਰਦਾ ਹੈ, (ਉਹਨਾਂ ਦੇ ਅੰਦਰ ਆਪਣਾ) ਤੇਜ-ਪਰਤਾਪ ਪਰਗਟ ਕਰਦਾ ਹੈ। ਹੇ ਭਾਈ! ਨਾਰਾਇਣ ਆਪਣੇ ਸੇਵਕਾਂ ਸੰਤਾਂ ਦਾ ਮਾਂ ਪਿਉ (ਵਾਂਗ ਰਾਖਾ) ਹੈ।੩।

ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਸਦਾ ਨਾਰਾਇਣ ਦਾ ਨਾਮ ਜਪਦੇ ਹਨ, ਮੁੜ ਮੁੜ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਉਹ ਮਨੁੱਖ ਗੁਰੂ ਨੂੰ ਮਿਲ ਕੇ (ਉਹ ਮਿਲਾਪ-ਰੂਪ ਕੀਮਤੀ) ਚੀਜ਼ ਲੱਭ ਲੈਂਦੇ ਹਨ ਜੇਹੜੀ ਇਹਨਾਂ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ। ਹੇ ਨਾਨਕ! ਨਾਰਾਇਣ ਦੇ ਦਾਸ ਸਦਾ ਨਾਰਾਇਣ ਦਾ ਆਸਰਾ ਲਈ ਰੱਖਦੇ ਹਨ।੪।੧੭।੧੯।