Today’s Hukamnama from Gurdwara Baoli Sahib Goindwal Sahib

66

ਮੰਗਲਵਾਰ 21 ਅਗਸਤ 2018 (5 ਭਾਦੋਂ ਸੰਮਤ 550 ਨਾਨਕਸ਼ਾਹੀ)

ਸਲੋਕ ਮਃ ੧ ॥ ਦੁਇ ਦੀਵੇ ਚਉਦਹ ਹਟਨਾਲੇ ॥ ਜੇਤੇ ਜੀਅ ਤੇਤੇ ਵਣਜਾਰੇ ॥ ਖੁਲ੍ਹ੍ਹੇ ਹਟ ਹੋਆ ਵਾਪਾਰੁ ॥ ਜੋ ਪਹੁਚੈ ਸੋ ਚਲਣਹਾਰੁ ॥ ਧਰਮੁ ਦਲਾਲੁ ਪਾਏ ਨੀਸਾਣੁ ॥ ਨਾਨਕ ਨਾਮੁ ਲਾਹਾ ਪਰਵਾਣੁ ॥ ਘਰਿ ਆਏ ਵਜੀ ਵਾਧਾਈ ॥ ਸਚ ਨਾਮ ਕੀ ਮਿਲੀ ਵਡਿਆਈ ॥੧॥ {ਅੰਗ 789}

ਪਦਅਰਥ: ਦੁਇ = ਦੋਵੇਂ, ਚੰਦ ਤੇ ਸੂਰਜ। ਚਉਦਹ = ਚੌਦਾਂ ਲੋਕ। ਹਟਨਾਲੇ = ਬਾਜ਼ਾਰ। ਲਾਹਾ = ਨਫ਼ਾ। ਘਰਿ = ਘਰ ਵਿਚ, ਭਟਕਣ ਤੋਂ ਹਟ ਕੇ ਪ੍ਰਭੂ ਦੇ ਦਰ ਤੇ। ਵਧਾਈ ਵਜੀ = ਵਧਾਈ ਵੱਜਦੀ ਹੈ, ਚੜ੍ਹਦੀ ਕਲਾ ਬਣਦੀ ਹੈ।

ਅਰਥ: ਜਗਤ-ਰੂਪ ਸ਼ਹਰ ਵਿਚ ਚੰਦ ਤੇ ਸੂਰਜ, ਮਾਨੋ, ਦੋ ਲੈਂਪ ਜਗ ਰਹੇ ਹਨ, ਤੇ ਚੌਦਾਂ ਲੋਕ (ਇਹ ਜਗਤ-ਸ਼ਹਰ ਦੇ, ਮਾਨੋ) ਬਜ਼ਾਰ ਹਨਸਾਰੇ ਜੀਵ (ਇਸ ਸ਼ਹਰ ਦੇ) ਵਪਾਰੀ ਹਨ। ਜਦੋਂ ਹੱਟ ਖੁਲ੍ਹ ਪਏ (ਜਗਤ-ਰਚਨਾ ਹੋਈ) , ਵਪਾਰ ਹੋਣ ਲੱਗ ਪਿਆ। ਜੋ ਜੋ ਵਪਾਰੀ ਏਥੇ ਆਉਂਦਾ ਹੈ ਉਹ ਮੁਸਾਫ਼ਿਰ ਹੀ ਹੁੰਦਾ ਹੈ।

(ਹਰੇਕ ਜੀਵ-ਵਪਾਰੀ ਦੀ ਕਰਣੀ-ਰੂਪ ਸਉਦੇ ਤੇ) ਧਰਮ-ਰੂਪ ਦਲਾਲ ਨਿਸ਼ਾਨ ਲਾਈ ਜਾਂਦਾ ਹੈ (ਕਿ ਇਸ ਦਾ ਸਉਦਾ ਖਰਾ ਹੈ ਜਾਂ ਖੋਟਾ) , ਹੇ ਨਾਨਕ! ਸ਼ਾਹ-ਪ੍ਰਭੂ ਦੇ ਹੱਟ ਤੇ) ‘ਨਾਮ‘ ਨਫ਼ਾ ਹੀ ਕਬੂਲ ਹੁੰਦਾ ਹੈ। ਜੋ (ਇਹ ਨਫ਼ਾ ਖੱਟ ਕੇ) ਹਜ਼ੂਰੀ ਵਿਚ ਅੱਪੜਦਾ ਹੈ ਉਸ ਨੂੰ ਲਾਲੀ ਚੜ੍ਹਦੀ ਹੈ ਤੇ ਸੱਚੇ ਨਾਮ ਦੀ (ਪ੍ਰਾਪਤੀ ਦੀ) ਉਸ ਨੂੰ ਵਡਿਆਈ ਮਿਲਦੀ ਹੈ।੧।

ਮਃ ੧ ॥ ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥ ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥ {ਪੰਨਾ 789}

ਪਦਅਰਥ: ਸੇ ਵੰਨ = ਉਹੀ ਰੰਗ। ਸੁਪੇਦਾ = ਸਫ਼ੈਦ ਚੀਜ਼ਾਂ ਦਾ। ਦਿਹੁ = ਦਿਨ। ਬਗਾ = ਚਿੱਟਾ। ਘਣਾ = ਬਹੁਤ। ਵੰਨ = ਰੰਗ। ਅੰਧ ਗਿਆਨੁ = ਅੰਨ੍ਹੀ ਮਤਿ।

ਅਰਥ: ਰਾਤਾਂ ਕਾਲੀਆਂ ਹੁੰਦੀਆਂ ਹਨ (ਪਰ) ਚਿੱਟੀਆਂ ਚੀਜ਼ਾਂ ਦੇ ਉਹੀ ਚਿੱਟੇ ਰੰਗ ਹੀ ਰਹਿੰਦੇ ਹਨ (ਰਾਤ ਦੀ ਕਾਲਖ ਦਾ ਅਸਰ ਉਹਨਾਂ ਤੇ ਨਹੀਂ ਪੈਂਦਾ) , ਦਿਨ ਚਿੱਟਾ ਹੁੰਦਾ ਹੈ, ਚੰਗਾ ਤਕੜਾ ਚਮਕਦਾ ਹੈਪਰ ਕਾਲੇ ਪਦਾਰਥਾਂ ਦੇ ਰੰਗ ਕਾਲੇ ਹੀ ਰਹਿੰਦੇ ਹਨ (ਦਿਨ ਦੀ ਰੌਸ਼ਨੀ ਦਾ ਅਸਰ ਇਹਨਾਂ ਕਾਲੀਆਂ ਚੀਜ਼ਾਂ ਤੇ ਨਹੀਂ ਪੈਂਦਾ। (ਏਸੇ ਤਰ੍ਹਾਂ) ਜੋ ਮਨੁੱਖ ਅੰਨ੍ਹੇ ਮੂਰਖ ਅਕਲ-ਹੀਣ ਹਨ ਉਹਨਾਂ ਦੀ ਅੰਨ੍ਹੀ ਹੀ ਮਤਿ ਰਹਿੰਦੀ ਹੈਹੇ ਨਾਨਕ! ਜਿਨ੍ਹਾਂ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਹੀਂ ਹੋਈ ਉਹਨਾਂ ਨੂੰ ਕਦੇ (‘ਨਾਮ‘ ਦੀ ਪ੍ਰਾਪਤੀ ਦਾ) ਮਾਣ ਨਹੀਂ ਮਿਲਦਾ।੨।

ਪਉੜੀ ॥ ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥ ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥ ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥ ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥ ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥ {ਪੰਨਾ 789}

ਪਦਅਰਥ: ਕੋਟੁ = ਕਿਲ੍ਹਾ। ਆਪੇ = ਆਪ ਹੀ। ਇਕਿ = ਕਈ ਜੀਵ। ਖੁਆਇਅਨੁ = ਖੁੰਝਾਏ ਹਨ ਉਸ ਨੇ। ਵਿਆਪੇ = ਫਸੇ ਹੋਏ। ਸਾ = ਸੀ। ਮਨਮੁਖ = ਮਨ ਦੇ ਪਿੱਛੇ ਤੁਰਨ ਵਾਲੇ। ਥਾਪੇ = ਥਾਪਣਾ ਦੇਵੇ।

ਅਰਥ: ਇਹ ਮਨੁੱਖਾ-ਸਰੀਰ (ਮਾਨੋ,) ਕਿਲ੍ਹਾ ਹੈ ਜੋ ਸੱਚੇ ਪ੍ਰਭੂ ਨੇ ਆਪ ਬਣਾਇਆ ਹੈ, (ਪਰ ਇਸ ਕਿਲ੍ਹੇ ਵਿਚ ਰਹਿੰਦੇ ਹੋਏ ਭੀ) ਕਈ ਜੀਵ ਮਾਇਆ ਦੇ ਮੋਹ ਵਿਚ ਪਾ ਕੇ ਉਸ ਨੇ ਆਪ ਹੀ ਕੁਰਾਹੇ ਪਾ ਦਿੱਤੇ ਹਨਉਹ (ਵਿਚਾਰੇ) ਹਉਮੈ ਵਿਚ ਫਸੇ ਪਏ ਹਨ।

ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਲੱਭਾ ਸੀਪਰ ਮਨ ਦੇ ਪਿੱਛੇ ਤੁਰ ਕੇ ਜੀਵ ਦੁਖੀ ਹੋ ਰਹੇ ਹਨ; (ਇਹ ਸਰੀਰ ਪ੍ਰਾਪਤ ਕਰ ਕੇ ਕੀਹ ਕਰਨਾ ਸੀ) ਇਹ ਸਮਝ ਉਸ ਨੂੰ ਆਉਂਦੀ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ੇ ਤੇ ਸਤਿਗੁਰੂ ਥਾਪਣਾ ਦੇਵੇ।

(ਪਰ ਕਿਸੇ ਨੂੰ ਨਿੰਦਿਆ ਭੀ ਨਹੀਂ ਜਾ ਸਕਦਾਇਹ ਸਾਰਾ ਜਗਤ ਉਸ ਪ੍ਰਭੂ ਨੇ ਇਕ ਖੇਡ ਬਣਾਈ ਹੈ ਤੇ ਇਸ ਵਿਚ ਹਰ ਥਾਂ ਆਪ ਹੀ ਮੌਜੂਦ ਹੈ।੧੩।