ਸੋਮਵਾਰ 9 ਅਪ੍ਰੈਲ 2018 (27 ਚੇਤ ਸੰਮਤ 550 ਨਾਨਕਸ਼ਾਹੀ)
ੴ ਸਤਿਗੁਰ ਪ੍ਰਸਾਦਿ ॥ ਰਾਮਕਲੀ ਮਹਲਾ ੩ ਘਰੁ ੧ ॥ ਸਤਜੁਗਿ ਸਚੁ ਕਹੈ ਸਭੁ ਕੋਈ ॥ ਘਰਿ ਘਰਿ ਭਗਤਿ ਗੁਰਮੁਖਿ ਹੋਈ ॥ ਸਤਜੁਗਿ ਧਰਮੁ ਪੈਰ ਹੈ ਚਾਰਿ ॥ ਗੁਰਮੁਖਿ ਬੂਝੈ ਕੋ ਬੀਚਾਰਿ ॥੧॥ ਜੁਗ ਚਾਰੇ ਨਾਮਿ ਵਡਿਆਈ ਹੋਈ ॥ ਜਿ ਨਾਮਿ ਲਾਗੈ ਸੋ ਮੁਕਤਿ ਹੋਵੈ ਗੁਰ ਬਿਨੁ ਨਾਮੁ ਨ ਪਾਵੈ ਕੋਈ ॥੧॥ ਰਹਾਉ ॥ਤ੍ਰੇਤੈ ਇਕ ਕਲ ਕੀਨੀ ਦੂਰਿ ॥ ਪਾਖੰਡੁ ਵਰਤਿਆ ਹਰਿ ਜਾਣਨਿ ਦੂਰਿ ॥ ਗੁਰਮੁਖਿ ਬੂਝੈ ਸੋਝੀ ਹੋਈ ॥ ਅੰਤਰਿ ਨਾਮੁ ਵਸੈ ਸੁਖੁ ਹੋਈ ॥੨॥ ਦੁਆਪੁਰਿ ਦੂਜੈ ਦੁਬਿਧਾ ਹੋਇ ॥ ਭਰਮਿ ਭੁਲਾਨੇ ਜਾਣਹਿ ਦੋਇ ॥ ਦੁਆਪੁਰਿ ਧਰਮਿ ਦੁਇ ਪੈਰ ਰਖਾਏ ॥ ਗੁਰਮੁਖਿ ਹੋਵੈ ਤ ਨਾਮੁ ਦ੍ਰਿੜਾਏ ॥੩॥ ਕਲਜੁਗਿ ਧਰਮ ਕਲਾ ਇਕ ਰਹਾਏ ॥ ਇਕ ਪੈਰਿ ਚਲੈ ਮਾਇਆ ਮੋਹੁ ਵਧਾਏ ॥ ਮਾਇਆ ਮੋਹੁ ਅਤਿ ਗੁਬਾਰੁ ॥ ਸਤਗੁਰੁ ਭੇਟੈ ਨਾਮਿ ਉਧਾਰੁ ॥੪॥ ਸਭ ਜੁਗ ਮਹਿ ਸਾਚਾ ਏਕੋ ਸੋਈ ॥ ਸਭ ਮਹਿ ਸਚੁ ਦੂਜਾ ਨਹੀ ਕੋਈ ॥ ਸਾਚੀ ਕੀਰਤਿ ਸਚੁ ਸੁਖੁ ਹੋਈ ॥ ਗੁਰਮੁਖਿ ਨਾਮੁ ਵਖਾਣੈ ਕੋਈ ॥੫॥ ਸਭ ਜੁਗ ਮਹਿ ਨਾਮੁ ਊਤਮੁ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥ ਹਰਿ ਨਾਮੁ ਧਿਆਏ ਭਗਤੁ ਜਨੁ ਸੋਈ ॥ ਨਾਨਕ ਜੁਗਿ ਜੁਗਿ ਨਾਮਿ ਵਡਿਆਈ ਹੋਈ ॥੬॥੧॥ {ਅੰਗ 880}
ਪਦਅਰਥ: ਸਤਜੁਗਿ = ਸਤਜੁਗ ਵਿਚ। ਕਹੈ– ਆਖਦਾ ਹੈ। ਸਭੁ ਕੋਈ = ਹਰੇਕ ਜੀਵ। ਕਹੈ ਸਭੁ ਕੋਈ = ਹਰੇਕ ਜੀਵ ਆਖਦਾ ਹੈ, ਇਹ ਆਮ ਪ੍ਰਚਲਤ ਖ਼ਿਆਲ ਹੈ। ਘਰਿ ਘਰਿ = ਹਰੇਕ ਘਰ ਵਿਚ (‘ਸਚੁ‘ ਪ੍ਰਧਾਨ ਹੈ) । ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪੈਰ ਹੈ ਚਾਰਿ = ਚਾਰ ਪੈਰਾਂ ਵਾਲਾ {ਨੋਟ:ਆਮ ਲੋਕਾਂ ਵਿਚ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਧਰਤੀ ਨੂੰ ਬਲਦ ਨੇ ਚੁੱਕਿਆ ਹੋਇਆ ਹੈ। ਗੁਰਮਤਿ ਅਨੁਸਾਰ ‘ਧਰਮ‘ ਹੀ ਜਗਤ ਦਾ ਸਹਾਰਾ ਹੈ। ‘ਧਰਮ‘ ਹੀ ਧਰਤੀ ਦਾ ‘ਬਲਦ‘ ਹੈ}। ਕੋ = ਕੋਈ ਵਿਰਲਾ। ਬੀਚਾਰਿ = ਵਿਚਾਰ ਕਰ ਕੇ।੧।
ਜੁਗ ਚਾਰੇ = ਚਹੁੰਆਂ ਜੁਗਾਂ ਵਿਚ। ਨਾਮਿ = ਨਾਮ ਦੀ ਰਾਹੀਂ। ਜਿ = ਜੇਹੜਾ ਮਨੁੱਖ। ਨਾਮਿ = ਨਾਮ ਵਿਚ। ਲਾਗੈ = ਲੱਗਦਾ ਹੈ।੧।ਰਹਾਉ।
ਤ੍ਰੇਤੈ = ਤ੍ਰੇਤੇ ਜੁਗ ਵਿਚ। ਕਲ = ਕਲਾ। ਵਰਤਿਆ = ਪ੍ਰਧਾਨ ਹੋ ਗਿਆ। ਜਾਣਨਿ = ਜਾਣਦੇ ਹਨ। ਸੋਝੀ = (ਅਸਲੀਅਤ ਦੀ) ਸਮਝ। ਅੰਤਰਿ = ਹਿਰਦੇ ਵਿਚ।੨।
ਦੁਆਪੁਰਿ = ਦੁਆਪੁਰ ਵਿਚ। ਦੂਜੈ = ਦ੍ਵੈਤ = ਭਾਵ ਵਿਚ। ਦੁਬਿਧਾ = ਮੇਰ = ਤੇਰ। ਭਰਮਿ = ਭਟਕਣਾ ਵਿਚ। ਭੁਲਾਨੇ = ਕੁਰਾਹੇ ਪੈ ਗਏ। ਜਾਣਹਿ = ਜਾਣਦੇ ਹਨ। ਦੋਇ = ਮੇਰ = ਤੇਰ। ਧਰਮਿ = ਧਰਮ (-ਬਲਦ) ਨੇ। ਗੁਰਮੁਖਿ ਹੋਵੈ = (ਜਦੋਂ ਮਨੁੱਖ) ਗੁਰੂ ਦੇ ਸਨਮੁਖ ਹੁੰਦਾ ਹੈ। ਤ = ਤਦੋਂ। ਦ੍ਰਿੜਾਏ = ਹਿਰਦੇ ਵਿਚ ਪੱਕਾ ਕਰਦਾ ਹੈ।੩।
ਕਲਜੁਗਿ = ਕਲਜੁਗ ਵਿਚ। ਇਕ ਪੈਰਿ = ਇਕ ਪੈਰ ਨਾਲ। ਚਲੈ = (ਧਰਮ = ਬਲਦ) ਤੁਰਦਾ ਹੈ। ਅਤਿ ਗੁਬਾਰੁ = ਘੁੱਪ ਹਨੇਰਾ। ਭੇਟੈ = ਮਿਲਦਾ ਹੈ। ਨਾਮਿ = ਨਾਮ ਦੀ ਰਾਹੀਂ। ਉਧਾਰੁ = ਪਾਰ = ਉਤਾਰਾ।੪।
ਸਾਚਾ = ਸਦਾ ਕਾਇਮ ਰਹਿਣ ਵਾਲਾ। ਏਕੋ = ਇੱਕ ਹੀ। ਕੀਰਤਿ = ਸਿਫ਼ਤਿ-ਸਾਲਾਹ। ਸਾਚੀ ਕੀਰਤਿ = ਸਦਾ ਕਾਇਮ ਰਹਿਣ ਵਾਲੀ ਸਿਫ਼ਤਿ-ਸਾਲਾਹ। ਕੋਈ = ਜੇਹੜਾ ਮਨੁੱਖ।੫।
ਜੁਗਿ ਜੁਗਿ = ਹਰੇਕ ਜੁਗ ਵਿਚ। ਨਾਮਿ = ਨਾਮ ਦੀ ਰਾਹੀਂ।੬।
ਜ਼ਰੂਰੀ ਨੋਟ: ਸ਼ਬਦ ਦਾ ਕੇਂਦਰੀ ਭਾਵ ‘ਰਹਾਉ‘ ਦੀਆਂ ਤੁਕਾਂ ਵਿਚ ਹੁੰਦਾ ਹੈ। ਸਾਰੇ ਸ਼ਬਦ ਵਿਚ ਉਸ ਕੇਂਦਰੀ ਭਾਵ ਦੀ ਵਿਆਖਿਆ ਹੁੰਦੀ ਹੈ। ਇਸ ਸ਼ਬਦ ਦੇ ਕੇਂਦਰੀ ਭਾਵ ਨੂੰ ਗਹੁ ਨਾਲ ਵੇਖੋ। ਇਸ ਖ਼ਿਆਲ ਨੂੰ ਰੱਦ ਕੀਤਾ ਹੈ ਕਿ ਵਖ-ਵਖ ਜੁਗ ਵਿਚ ਵਖ-ਵਖ ਕਰਮ ਨੂੰ ਪ੍ਰਧਾਨਤਾ ਮਿਲਦੀ ਹੈ।
ਅਰਥ: ਹੇ ਭਾਈ! ਚਹੁੰਆਂ ਹੀ ਜੁਗਾਂ ਵਿਚ ਜੀਵ ਨੂੰ (ਪਰਮਾਤਮਾ ਦੇ) ਨਾਮ ਵਿਚ ਜੁੜਨ ਕਰਕੇ ਹੀ ਇੱਜ਼ਤ ਮਿਲਦੀ ਹੈ। ਜੇਹੜਾ ਭੀ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜਦਾ ਹੈ, ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਜਾਂਦੀ ਹੈ। (ਪਰ ਇਹ ਭੀ ਯਾਦ ਰੱਖੋ ਕਿ) ਕੋਈ ਜੀਵ ਭੀ ਗੁਰੂ (ਦੀ ਸਰਨ) ਤੋਂ ਬਿਨਾ (ਪਰਮਾਤਮਾ ਦਾ ਨਾਮ) ਪ੍ਰਾਪਤ ਨਹੀਂ ਕਰ ਸਕਦਾ।੧।ਰਹਾਉ।
ਹੇ ਭਾਈ! ਇਹ ਆਮ ਪ੍ਰਚਲਤ ਖ਼ਿਆਲ ਹੈ ਕਿ ਸਤਜੁਗ ਵਿਚ ਸੱਚ (ਬੋਲਣ ਦੇ ਕਰਮ ਨੂੰ ਪ੍ਰਧਾਨਤਾ) ਹੈ, ਹਰੇਕ ਘਰ ਵਿਚ (ਸੱਚ ਬੋਲਣਾ ਹੀ ਪ੍ਰਧਾਨ ਹੈ) , ਅਤੇ ਸਤਜੁਗ ਵਿਚ (ਧਰਤੀ ਨੂੰ ਸਹਾਰਾ ਦੇਣ ਵਾਲਾ) ਧਰਮ (-ਬਲਦ)ਚਾਰ ਪੈਰਾਂ ਵਾਲਾ ਰਹਿੰਦਾ ਹੈ (ਧਰਮ ਮੁਕੰਮਲ ਸਰੂਪ ਵਾਲਾ ਹੁੰਦਾ ਹੈ) । (ਪਰ, ਹੇ ਭਾਈ!) ਕੋਈ ਵਿਰਲਾ ਮਨੁੱਖ ਗੁਰੂ ਦੀ ਰਾਹੀਂ ਵਿਚਾਰ ਕਰ ਕੇ ਇਹ ਸਮਝਦਾ ਹੈ ਕਿ (ਸਤਜੁਗ ਵਿਚ ਭੀ) ਗੁਰੂ ਦੀ ਸਰਨ ਪੈ ਕੇ ਹੀ ਪ੍ਰਭੂ ਦੀ ਭਗਤੀ ਹੋ ਸਕਦੀ ਹੈ (ਅਤੇ ਸਤਜੁਗ ਵਿਚ ਭੀ ਪਰਮਾਤਮਾ ਦੀ ਭਗਤੀ ਹੀ ਪ੍ਰਧਾਨ ਕਰਮ ਹੈ) ।੧।
(ਹੇ ਭਾਈ! ਇਹ ਆਮ ਪ੍ਰਚਲਤ ਖ਼ਿਆਲ ਹੈ ਕਿ) ਤ੍ਰੇਤੇ ਜੁਗ ਵਿਚ ਇਕ ਕਲਾ ਦੂਰ ਕਰ ਦਿੱਤੀ ਗਈ (ਧਰਮ-ਬਲਦ ਦਾ ਇੱਕ ਪੈਰ ਨਕਾਰਾ ਹੋ ਗਿਆ) । (ਜਗਤ ਵਿਚ) ਪਖੰਡ ਦਾ ਬੋਲ-ਬਾਲਾ ਹੋ ਗਿਆ, ਲੋਕ ਪਰਮਾਤਮਾ ਨੂੰ ਕਿਤੇ ਦੂਰ-ਵੱਸਦਾ ਸਮਝਣ ਲੱਗ ਪਏ। (ਪਰ, ਹੇ ਭਾਈ!) ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਜੀਵਨ-ਜੁਗਤਿ ਦਾ) ਗਿਆਨ ਪ੍ਰਾਪਤ ਕਰਦਾ ਹੈ, ਉਸ ਨੂੰ ਸਮਝ ਆ ਜਾਂਦੀ ਹੈ (ਕਿ ਮਿਥੇ ਹੋਏ ਤ੍ਰੇਤੇ ਵਿਚ ਭੀ ਤਦੋਂ ਹੀ) ਸੁਖ ਮਿਲਦਾ ਹੈ ਜੇ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੋਵੇ।੨।
(ਹੇ ਭਾਈ! ਇਹ ਖ਼ਿਆਲ ਆਮ ਪ੍ਰਚਲਤ ਹੈ ਕਿ) ਦੁਆਪੁਰ ਜੁਗ ਵਿਚ ਲੋਕ ਦ੍ਵੈਤ ਵਿਚ ਫਸ ਗਏ, ਲੋਕਾਂ ਦੇ ਹਿਰਦੇ ਵਿਚ ਵਿਤਕਰਾ ਜ਼ੋਰ ਪਾ ਗਿਆ, ਭਟਕਣਾ ਵਿਚ ਪੈ ਕੇ ਲੋਕ ਕੁਰਾਹੇ ਪੈ ਗਏ, ਮੇਰ-ਤੇਰ ਨੂੰ ਹੀ (ਚੰਗੀ) ਜਾਣਨ ਲੱਗ ਪਏ, ਦੁਆਪੁਰ ਵਿਚ ਧਰਮ (-ਬਲਦ) ਨੇ (ਆਪਣੇ) ਦੋ ਹੀ ਪੈਰ ਟਿਕਾਏ ਹੋਏ ਸਨ। ਪਰ ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਉਹ (ਇਸ ਕੱਚੇ ਖ਼ਿਆਲ ਨੂੰ ਛੱਡ ਕੇ ਪਰਮਾਤਮਾ ਦਾ) ਨਾਮ ਆਪਣੇ ਹਿਰਦੇ ਵਿਚ ਪੱਕਾ ਬਿਠਾਂਦਾ ਹੈ।੩।
(ਹੇ ਭਾਈ! ਆਮ ਤੌਰ ਤੇ ਲੋਕ ਇਹੀ ਮੰਨਦੇ ਹਨ ਕਿ) ਕਲਜੁਗ ਵਿਚ ਧਰਮ ਦੀ ਇਕੋ ਕਲਾ ਰਹਿ ਗਈ ਹੈ, (ਧਰਮ-ਬਲਦ) ਇਕੋ ਪੈਰ ਦੇ ਭਾਰ ਤੁਰਦਾ ਹੈ, (ਜਗਤ ਵਿਚ) ਮਾਇਆ (ਜੀਵਾਂ ਦੇ ਹਿਰਦੇ ਵਿਚ ਆਪਣਾ) ਮੋਹ ਵਧਾ ਰਹੀ ਹੈ, (ਦੁਨੀਆ ਵਿਚ) ਮਾਇਆ ਦਾ ਮੋਹ ਘੁੱਪ ਹਨੇਰਾ ਬਣਿਆ ਪਿਆ ਹੈ। (ਪਰ, ਹੇ ਭਾਈ! ਜਿਸ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ, ਉਸ ਨੂੰ ਪ੍ਰਭੂ ਦੇ ਨਾਮ ਵਿਚ ਜੋੜ ਕੇ (ਕਲਜੁਗ ਵਿਚ ਭੀ ਮਾਇਆ ਦੇ ਘੁੱਪ ਹਨੇਰੇ ਤੋਂ) ਬਚਾ ਲੈਂਦਾ ਹੈ।੪।
ਹੇ ਭਾਈ! ਸਾਰੇ ਜੁਗਾਂ ਵਿਚ ਉਹ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ। ਸਭ ਜੀਵਾਂ ਵਿਚ ਭੀ ਉਹ ਸਦਾ-ਥਿਰ ਪ੍ਰਭੂ ਹੀ ਵੱਸਦਾ ਹੈ, ਉਸ ਤੋਂ ਬਿਨਾ ਕਿਤੇ ਭੀ ਕੋਈ ਹੋਰ ਨਹੀਂ ਹੈ। (ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ) ਸਦਾ ਕਾਇਮ ਰਹਿਣ ਵਾਲੀ ਵਡਿਆਈ ਵੱਸਦੀ ਹੈ, ਉਸ ਨੂੰ ਹਰੇਕ ਸੁਖ ਪ੍ਰਾਪਤ ਹੈ। (ਪਰ, ਹਾਂ) ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਪਰਮਾਤਮਾ ਦਾ ਨਾਮ ਜਪ ਸਕਦਾ ਹੈ।੫।
ਹੇ ਭਾਈ! ਸਾਰੇ ਜੁਗਾਂ ਵਿਚ ਪ੍ਰਭੂ ਦਾ ਨਾਮ ਜਪਣਾ ਹੀ (ਸਭ ਕਰਮਾਂ ਤੋਂ) ਸ੍ਰੇਸ਼ਟ ਕਰਮ ਹੈ-ਇਸ ਗੱਲ ਨੂੰ ਕੋਈ ਉਹ ਵਿਰਲਾ ਮਨੁੱਖ ਸਮਝਦਾ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ। (ਜੁਗ ਕੋਈ ਭੀ ਹੋਵੇ) ਉਹੀ ਮਨੁੱਖ ਭਗਤ ਹੈ ਜੇਹੜਾ ਪਰਮਾਤਮਾ ਦਾ ਨਾਮ ਜਪਦਾ ਹੈ। ਹੇ ਨਾਨਕ! ਇਹ ਗੱਲ ਪੱਕੀ ਜਾਣ ਕਿ) ਹਰੇਕ ਜੁਗ ਵਿਚ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਹੀ ਇੱਜ਼ਤ ਮਿਲਦੀ ਹੈ।੬।੧।