ਵੀਰਵਾਰ 16 ਅਗਸਤ 2018 (32 ਸਾਵਣ ਸੰਮਤ 550 ਨਾਨਕਸ਼ਾਹੀ)
ਰਾਗੁ ਸੂਹੀ ਛੰਤ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥ ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ॥ ਸਾਰ ਨ ਜਾਣਾ ਤੂ ਵਡ ਦਾਣਾ ਕਰਿ ਮਿਹਰੰਮਤਿ ਸਾਂਈ ॥ ਕਿਰਪਾ ਕੀਜੈ ਸਾ ਮਤਿ ਦੀਜੈ ਆਠ ਪਹਰ ਤੁਧੁ ਧਿਆਈ ॥ ਗਰਬੁ ਨ ਕੀਜੈ ਰੇਣ ਹੋਵੀਜੈ ਤਾ ਗਤਿ ਜੀਅਰੇ ਤੇਰੀ ॥ ਸਭ ਊਪਰਿ ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥੧॥ {ਅੰਗ 779}
ਪਦਅਰਥ: ਠਾਕੁਰੋ = ਠਾਕੁਰੁ, ਮਾਲਕ, ਪਾਲਣਹਾਰ। ਬੈਰਾਗਰੋ = ਵਾਸਨਾ = ਰਹਿਤ, ਨਿਰਚਾਹ। ਮੈ ਜੇਹੀ = ਮੇਰੇ ਵਰਗੀਆਂ। ਘਣ = ਅਨੇਕਾਂ। ਚੇਰੀ = ਦਾਸੀਆਂ। ਰਾਮ = ਹੇ ਰਾਮ! ਰਤਨਾਗਰੋ = ਰਤਨਾਕਰੁ, ਰਤਨ = ਆਕਰ, ਰਤਨਾਂ ਦੀ ਖਾਣ। ਹਉ = ਹਉਂ, ਮੈਂ। ਸਾਰ = ਕਦਰ। ਦਾਣਾ = ਸਿਆਣਾ। ਮਿਹਰੰਮਤਿ = ਮਿਹਰ। ਸਾਂਈ = ਹੇ ਸਾਈਂ! ਕੀਜੈ = ਕਰ। ਦੀਜੈ = ਦੇਹ। ਮਤਿ = ਅਕਲ। ਸਾ = ਅਜਿਹੀ। ਧਿਆਈ = ਧਿਆਈਂ, ਮੈਂ ਧਿਆਵਾਂ। ਗਰਬੁ = ਅਹੰਕਾਰ। ਰੇਣ = ਚਰਨ = ਧੂੜ। ਹੋਵੀਜੈ = ਹੋ ਜਾ। ਗਤਿ = ਉੱਚੀ ਆਤਮਕ ਅਵਸਥਾ। ਜੀਅਰੇ = ਹੇ ਜੀਵ!।੧।
ਅਰਥ: ਹੇ (ਮੇਰੇ) ਰਾਮ! ਤੂੰ (ਸਭ ਜੀਵਾਂ ਦਾ) ਮਾਲਕ ਹੈਂ, ਤੇਰੇ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਮੇਰੇ ਵਰਗੀਆਂ (ਤੇਰੇ ਦਰ ਤੇ) ਅਨੇਕਾਂ ਦਾਸੀਆਂ ਹਨ। ਹੇ ਰਾਮ! ਤੂੰ ਸਮੁੰਦਰ ਹੈਂ। ਤੂੰ ਰਤਨਾਂ ਦੀ ਖਾਣ ਹੈਂ। ਹੇ ਪ੍ਰਭੂ! ਮੈਂ ਤੇਰੀ ਕਦਰ ਨਹੀਂ ਸਮਝ ਸਕੀ।
ਹੇ ਮੇਰੇ ਮਾਲਕ! ਮੈਂ (ਤੇਰੇ ਗੁਣਾਂ ਦੀ) ਕਦਰ ਨਹੀਂ ਜਾਣਦੀ, ਤੂੰ ਵੱਡਾ ਸਿਆਣਾ ਹੈਂ (ਸਭ ਕੁਝ ਜਾਣਨ ਵਾਲਾ ਹੈਂ) , (ਮੇਰੇ ਉੱਤੇ) ਮਿਹਰ ਕਰ। ਕਿਰਪਾ ਕਰ, ਮੈਨੂੰ ਅਜਿਹੀ ਸਮਝ ਬਖ਼ਸ਼ ਕਿ ਅੱਠੇ ਪਹਰ ਮੈਂ ਤੇਰਾ ਸਿਮਰਨ ਕਰਦੀ ਰਹਾਂ।
ਹੇ ਜਿੰਦੇ! ਅਹੰਕਾਰ ਨਹੀਂ ਕਰਨਾ ਚਾਹੀਦਾ, (ਸਭ ਦੇ) ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ, ਤਾਂ ਹੀ ਤੇਰੀ ਉੱਚੀ ਆਤਮਕ ਅਵਸਥਾ ਬਣ ਸਕੇਗੀ।
ਹੇ ਨਾਨਕ! ਆਖ-) ਮੇਰਾ ਮਾਲਕ ਪ੍ਰਭੂ ਸਭ ਦੇ ਸਿਰ ਉੱਤੇ ਹੈ। ਮੇਰੇ ਜਿਹੀਆਂ (ਉਸ ਦੇ ਦਰ ਤੇ) ਅਨੇਕਾਂ ਦਾਸੀਆਂ ਹਨ।੧।