Today’s Hukamnama from Gurdwara Baoli Sahib Goindwal Sahib

68

ਸਨਿੱਚਰਵਾਰ 11 ਅਗਸਤ 2018 (27 ਸਾਵਣ ਸੰਮਤ 550 ਨਾਨਕਸ਼ਾਹੀ)

ਬਿਲਾਵਲੁ ਮਹਲਾ ੫ ॥ ਮਾਤ ਗਰਭ ਮਹਿ ਹਾਥ ਦੇ ਰਾਖਿਆ ॥ ਹਰਿ ਰਸੁ ਛੋਡਿ ਬਿਖਿਆ ਫਲੁ ਚਾਖਿਆ ॥੧॥ ਭਜੁ ਗੋਬਿਦ ਸਭ ਛੋਡਿ ਜੰਜਾਲ ॥ ਜਬ ਜਮੁ ਆਇ ਸੰਘਾਰੈ ਮੂੜੇ ਤਬ ਤਨੁ ਬਿਨਸਿ ਜਾਇ ਬੇਹਾਲ ॥੧॥ ਰਹਾਉ ॥ ਤਨੁ ਮਨੁ ਧਨੁ ਅਪਨਾ ਕਰਿ ਥਾਪਿਆ ॥ ਕਰਨਹਾਰੁ ਇਕ ਨਿਮਖ ਨ ਜਾਪਿਆ ॥੨॥ ਮਹਾ ਮੋਹ ਅੰਧ ਕੂਪ ਪਰਿਆ ॥ ਪਾਰਬ੍ਰਹਮੁ ਮਾਇਆ ਪਟਲਿ ਬਿਸਰਿਆ ॥੩॥ ਵਡੈ ਭਾਗਿ ਪ੍ਰਭ ਕੀਰਤਨੁ ਗਾਇਆ ॥ ਸੰਤਸੰਗਿ ਨਾਨਕ ਪ੍ਰਭੁ ਪਾਇਆ ॥੪॥੧੧॥੧੬॥ {ਅੰਗ 805}

ਪਦਅਰਥ: ਗਰਭ = ਪੇਟ। ਮਹਿ = ਵਿਚ। ਦੇ = ਦੇ ਕੇ। ਰਸੁ = ਆਨੰਦ। ਛੋਡਿ = ਛੱਡ ਕੇ। ਬਿਖਿਆ = ਮਾਇਆ।੧।

ਜੰਜਾਲ = ਮੋਹ ਦੀਆਂ ਤਣਾਵਾਂ। ਆਇ = ਆ ਕੇ। ਸੰਘਾਰੈ = ਮਾਰਦਾ ਹੈ। ਮੂੜੇ = ਹੇ ਮੂਰਖ! ਬੇਹਾਲ = ਦੁੱਖੀ ਹੋ ਕੇ, ਦੁੱਖ ਭੋਗ ਕੇ।੧।ਰਹਾਉ।

ਕਰਿ = ਕਰ ਕੇ। ਕਰਿ ਥਾਪਿਆ = ਮੰਨ ਰੱਖਿਆ ਹੈ। ਨਿਮਖੁ = {निमेषਅੱਖ ਝਮਕਣ ਜਿਤਨਾ ਸਮਾ।੨।

ਅੰਧ ਕੂਪ = ਅੰਨ੍ਹ੍ਹਾ ਖੂਹ। ਪਟਲਿ = ਪਰਦੇ ਦੇ ਕਾਰਨ।੩।

ਵਡੈ ਭਾਗਿ = ਵੱਡੀ ਕਿਸਮਤ ਨਾਲ। ਸੰਗਿ = ਸੰਗਤਿ ਵਿਚ।੪।

ਅਰਥ: ਹੇ ਮੂਰਖ (ਮਨੁੱਖ) ! ਮੋਹ ਦੀਆਂ ਸਾਰੀਆਂ ਤਣਾਵਾਂ ਛੱਡ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਜਿਸ ਵੇਲੇ ਜਮਦੂਤ ਆ ਕੇ ਮਾਰੂ ਹੱਲਾ ਕਰਦਾ ਹੈ, ਉਸ ਵੇਲੇ ਸਰੀਰ ਦੁੱਖ ਸਹਾਰ ਕੇ ਨਾਸ ਹੋ ਜਾਂਦਾ ਹੈ।੧।ਰਹਾਉ।

(ਹੇ ਮੂਰਖ! ਜਿਸ ਪ੍ਰਭੂ ਨੇ ਤੈਨੂੰ) ਮਾਂ ਦੇ ਪੇਟ ਵਿਚ (ਆਪਣਾਹੱਥ ਦੇ ਕੇ ਬਚਾਇਆ ਸੀ, ਉਸ ਦੇ ਨਾਮ ਦਾ ਆਨੰਦ ਭੁਲਾ ਕੇ ਤੂੰ ਮਾਇਆ ਦਾ ਫਲ ਚੱਖ ਰਿਹਾ ਹੈਂ।੧।

(ਹੇ ਮੂਰਖ!) ਤੂੰ ਇਸ ਸਰੀਰ ਨੂੰ, ਇਸ ਧਨ ਨੂੰ ਆਪਣਾ ਮੰਨੀ ਬੈਠਾ ਹੈਂ, ਪਰ ਜਿਸ ਪ੍ਰਭੂ ਨੇ ਇਹਨਾਂ ਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਪਲ ਭਰ ਭੀ ਨਹੀਂ ਸਿਮਰਿਆ।੨।

(ਹੇ ਮੂਰਖ!) ਤੂੰ ਮੋਹ ਦੇ ਬੜੇ ਘੁੱਪ ਹਨੇਰੇ ਖੂਹ ਵਿਚ ਡਿੱਗਾ ਪਿਆ ਹੈਂ, ਮਾਇਆ (ਦੇ ਮੋਹ) ਦੇ ਪਰਦੇ ਦੇ ਓਹਲੇ ਤੈਨੂੰ ਪਰਮਾਤਮਾ ਭੁੱਲ ਚੁਕਾ ਹੈ।੩।

ਹੇ ਨਾਨਕ! ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਉਸ ਨੇ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ।੪।੧੧।੧੬।