ਸੋਮਵਾਰ 16 ਜੁਲਾਈ 2018 (1 ਸਾਵਣ ਸੰਮਤ 550 ਨਾਨਕਸ਼ਾਹੀ)
ਸਲੋਕ ਮਃ ੩ ॥ ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲਿ ਪਿਆਰੁ ॥ ਮਿਲਿ ਪ੍ਰੀਤਮ ਤਿਨੀ ਧਿਆਇਆ ਸਚੈ ਪ੍ਰੇਮਿ ਪਿਆਰੁ ॥ ਮਨ ਹੀ ਤੇ ਮਨੁ ਮਾਨਿਆ ਗੁਰ ਕੈ ਸਬਦਿ ਅਪਾਰਿ ॥ ਏਹਿ ਸਜਣ ਮਿਲੇ ਨ ਵਿਛੁੜਹਿ ਜਿ ਆਪਿ ਮੇਲੇ ਕਰਤਾਰਿ ॥ ਇਕਨਾ ਦਰਸਨ ਕੀ ਪਰਤੀਤਿ ਨ ਆਈਆ ਸਬਦਿ ਨ ਕਰਹਿ ਵੀਚਾਰੁ ॥ ਵਿਛੁੜਿਆ ਕਾ ਕਿਆ ਵਿਛੁੜੈ ਜਿਨਾ ਦੂਜੈ ਭਾਇ ਪਿਆਰੁ ॥ ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰਿ ॥ ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ ॥ ਜਿਨਾ ਅੰਦਰਿ ਸਚੇ ਕਾ ਭਉ ਨਾਹੀ ਨਾਮਿ ਨ ਕਰਹਿ ਪਿਆਰੁ ॥ ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ ਜਿ ਆਪਿ ਭੁਲਾਏ ਕਰਤਾਰਿ ॥੧॥ {ਅੰਗ 587}
ਪਦਅਰਥ: ਕਰਤਾਰਿ = ਕਰਤਾਰ ਨੇ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਪਿਆਰ ਵਿਚ। ਵਿਲਮੁ = ਦੇਰ, ਢਿੱਲ। ਚਲਨਿ = ਪੈਦਾ ਹੁੰਦੇ ਹਨ।
ਅਰਥ: ਜਿਨ੍ਹਾਂ (ਸਤਸੰਗੀਆਂ) ਦਾ ਗੁਰੂ ਨਾਲ ਪ੍ਰੇਮ ਹੁੰਦਾ ਹੈ, ਉਹ ਸਤਸੰਗੀਆਂ ਨੂੰ ਮਿਲਦੇ ਹਨ; ਸਤਸੰਗੀਆਂ ਨੂੰ ਮਿਲ ਕੇ ਉਹੀ ਮਨੁੱਖ ਪ੍ਰਭੂ ਪ੍ਰੀਤਮ ਨੂੰ ਸਿਮਰਦੇ ਹਨ ਕਿਉਂਕਿ ਸੱਚੇ ਪਿਆਰ ਵਿਚ ਉਹਨਾਂ ਦੀ ਬਿਰਤੀ ਜੁੜੀ ਰਹਿੰਦੀ ਹੈ; ਸਤਿਗੁਰੂ ਦੇ ਅਪਾਰ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਮਨ ਆਪਣੇ ਆਪ ਤੋਂ ਹੀ ਪ੍ਰਭੂ ਵਿਚ ਪਤੀਜ ਜਾਂਦਾ ਹੈ; ਅਜੇਹੇ ਸਤਸੰਗੀ ਮਨੁੱਖ (ਇਕ ਵਾਰੀ) ਮਿਲੇ ਹੋਏ ਫਿਰ ਵਿਛੁੜਦੇ ਨਹੀਂ ਹਨ, ਕਿਉਂਕਿ ਕਰਤਾਰ ਨੇ ਆਪ ਇਹਨਾਂ ਨੂੰ ਮਿਲਾ ਦਿੱਤਾ ਹੈ।
ਇਕਨਾਂ (ਵਿਛੁੜੇ ਹੋਇਆਂ) ਨੂੰ ਪ੍ਰਭੂ ਦੇ ਦੀਦਾਰ ਦਾ ਯਕੀਨ ਹੀ ਨਹੀਂ ਬੱਝਦਾ, ਕਿਉਂਕਿ ਉਹ ਗੁਰੂ ਦੇ ਸ਼ਬਦ ਵਿਚ ਕਦੇ ਵਿਚਾਰ ਹੀ ਨਹੀਂ ਕਰਦੇ। ਪਰ, ਜਿਨ੍ਹਾਂ ਮਨੁੱਖਾਂ ਦੀ ਸੁਰਤਿ ਸਦਾ ਮਾਇਆ ਦੇ ਮੋਹ ਵਿਚ ਜੁੜੀ ਰਹਿੰਦੀ ਹੈ, ਉਹਨਾਂ (ਪ੍ਰਭੂ ਤੋਂ) ਵਿਛੁੜੇ ਹੋਇਆਂ ਦਾ ਹੋਰ ਵਿਛੋੜਾ ਭੀ ਕੀਹ ਹੋਣਾ ਹੋਇਆ? (ਭਾਵ, ਮਾਇਆ ਵਿਚ ਫਸੇ ਰਹਿਣ ਕਰਕੇ ਉਹ ਪਰਮਾਤਮਾ ਨਾਲੋਂ ਵਿਛੋੜਾ ਮਹਿਸੂਸ ਹੀ ਨਹੀਂ ਕਰਦੇ) ।
ਜੋ ਮਨੁੱਖ ਆਪਣੇ ਮਨ ਦੇ ਪਿਛੇ ਤੁਰਦਾ ਹੈ, ਉਸ ਨਾਲ ਮਿੱਤ੍ਰਤਾ ਥੋੜੇ ਹੀ ਦੋ ਚਾਰ ਦਿਨ ਲਈ ਹੀ ਰਹਿ ਸਕਦੀ ਹੈ, ਇਸ ਮਿੱਤ੍ਰਤਾ ਦੇ ਟੁੱਟਦਿਆਂ ਚਿਰ ਨਹੀਂ ਲੱਗਦਾ, (ਉਂਞ ਭੀ) ਇਸ ਮਿੱਤ੍ਰਤਾ ਵਿਚੋਂ ਬੁਰਾਈਆਂ ਹੀ ਨਿਕਲਦੀਆਂ ਹਨ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਡਰ ਨਹੀਂ, ਜੋ ਪਰਮਾਤਮਾ ਦੇ ਨਾਮ ਵਿਚ ਕਦੇ ਪਿਆਰ ਨਹੀਂ ਪਾਉਂਦੇ ਉਹਨਾਂ ਨਾਲ ਸਾਂਝ ਪਾਉਣੀ ਹੀ ਨਹੀਂ ਚਾਹੀਦੀ।੧।
ਮਃ ੩ ॥ ਇਕਿ ਸਦਾ ਇਕਤੈ ਰੰਗਿ ਰਹਹਿ ਤਿਨ ਕੈ ਹਉ ਸਦ ਬਲਿਹਾਰੈ ਜਾਉ ॥ ਤਨੁ ਮਨੁ ਧਨੁ ਅਰਪੀ ਤਿਨ ਕਉ ਨਿਵਿ ਨਿਵਿ ਲਾਗਉ ਪਾਇ ॥ ਤਿਨ ਮਿਲਿਆ ਮਨੁ ਸੰਤੋਖੀਐ ਤ੍ਰਿਸਨਾ ਭੁਖ ਸਭ ਜਾਇ ॥ ਨਾਨਕ ਨਾਮਿ ਰਤੇ ਸੁਖੀਏ ਸਦਾ ਸਚੇ ਸਿਉ ਲਿਵ ਲਾਇ ॥੨॥ {ਪੰਨਾ 587}
ਪਦਅਰਥ: ਇਕਿ = ਕਈ ਮਨੁੱਖ। ਇਕਤੈ ਰੰਗਿ = ਇਕੇ ਰੰਗ ਵਿਚ ਹੀ। ਅਰਪੀ = ਮੈਂ ਹਵਾਲੇ ਕਰ ਦਿਆਂ। ਪਾਇ = ਪੈਰੀਂ।
ਅਰਥ: ਕਈ (ਵਡ-ਭਾਗੀ) ਮਨੁੱਖ ਇਕ (ਪ੍ਰਭੂ ਦੇ) ਰੰਗ ਵਿਚ ਹੀ (ਮਸਤ) ਰਹਿੰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਹਾਂ; (ਮੇਰਾ ਚਿੱਤ ਕਰਦਾ ਹੈ) ਆਪਣਾ ਤਨ ਮਨ ਧਨ ਉਹਨਾਂ ਦੀ ਭੇਟ ਕਰ ਦਿਆਂ ਤੇ ਨਿਉਂ ਨਿਉਂ ਕੇ ਉਹਨਾਂ ਦੀ ਪੈਰੀਂ ਲੱਗਾਂ। ਉਹਨਾਂ ਨੂੰ ਮਿਲਿਆਂ ਮਨ ਨੂੰ ਠੰਢ ਪੈਂਦੀ ਹੈ, ਸਾਰੀ ਤ੍ਰਿਸ਼ਨਾ ਤੇ ਭੁੱਖ ਦੂਰ ਹੋ ਜਾਂਦੀ ਹੈ।
ਹੇ ਨਾਨਕ! ਨਾਮ ਵਿਚ ਭਿੱਜੇ ਹੋਏ ਮਨੁੱਖ ਸੱਚੇ ਪ੍ਰਭੂ ਨਾਲ ਚਿੱਤ ਜੋੜ ਕੇ ਸਦਾ ਸੁਖਾਲੇ ਰਹਿੰਦੇ ਹਨ।੨।
ਪਉੜੀ ॥ ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ ॥ ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ ॥ ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥ ਤਿਸੁ ਗੁਰ ਕਉ ਸਾਬਾਸਿ ਹੈ ਜਿਨਿ ਹਰਿ ਸੋਝੀ ਪਾਈ ॥ ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ ॥੫॥ {ਪੰਨਾ 588}
ਪਦਅਰਥ: ਬਣਤ = ਰੀਤ, ਮਰਯਾਦਾ। ਜਿਥੈ ਕਿਥੈ = ਹਰ ਥਾਂ।
ਅਰਥ: ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ ਜਿਸ ਨੇ ਪ੍ਰਭੂ ਦੀ ਗੱਲ ਸੁਣਾਈ ਹੈ, ਤੇ ਜਿਸ ਨੇ ਪ੍ਰਭੂ ਦੀ ਭਗਤੀ ਦੀ ਰੀਤ ਚਲਾਈ ਹੈ। ਉਹ ਪਿਆਰਾ ਸਤਿਗੁਰੂ ਮੇਰੇ ਅੰਗ ਸੰਗ ਹੈ, ਸਭ ਥਾਈਂ ਮੈਨੂੰ (ਵਿਕਾਰਾਂ ਤੋਂ) ਛਡਾ ਲੈਂਦਾ ਹੈ; ਸ਼ਾਬਾਸ਼ੇ ਉਸ ਸਤਿਗੁਰੂ ਨੂੰ ਜਿਸ ਨੇ ਮੈਨੂੰ ਪਰਮਾਤਮਾ ਦੀ ਸੂਝ ਪਾਈ ਹੈ।
ਜਿਸ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ ਹੈ ਤੇ ਮੇਰੇ ਮਨ ਦੀ ਆਸ ਪੂਰੀ ਕੀਤੀ ਹੈ ਮੈਂ ਨਾਨਕ ਉਸ ਤੋਂ ਸਦਕੇ ਹਾਂ।੫।