ਸ਼ੁੱਕਰਵਾਰ 13 ਜੁਲਾਈ 2018 (29 ਹਾੜ ਸੰਮਤ 550 ਨਾਨਕਸ਼ਾਹੀ)
ਬਿਲਾਵਲੁ ਮਹਲਾ ੫ ॥ ਇਹੁ ਸਾਗਰੁ ਸੋਈ ਤਰੈ ਜੋ ਹਰਿ ਗੁਣ ਗਾਏ ॥ ਸਾਧਸੰਗਤਿ ਕੈ ਸੰਗਿ ਵਸੈ ਵਡਭਾਗੀ ਪਾਏ ॥੧॥ ਸੁਣਿ ਸੁਣਿ ਜੀਵੈ ਦਾਸੁ ਤੁਮ੍ਹ੍ਹ ਬਾਣੀ ਜਨ ਆਖੀ ॥ ਪ੍ਰਗਟ ਭਈ ਸਭ ਲੋਅ ਮਹਿ ਸੇਵਕ ਕੀ ਰਾਖੀ ॥੧॥ ਰਹਾਉ ॥ ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ ॥ ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥੨॥ ਜਨਮ ਮਰਣ ਦੁਖ ਕਾਟਿਆ ਸੁਖ ਕਾ ਥਾਨੁ ਪਾਇਆ ॥ ਕਾਟੀ ਸਿਲਕ ਭ੍ਰਮ ਮੋਹ ਕੀ ਅਪਨੇ ਪ੍ਰਭ ਭਾਇਆ ॥੩॥ ਮਤ ਕੋਈ ਜਾਣਹੁ ਅਵਰੁ ਕਛੁ ਸਭ ਪ੍ਰਭ ਕੈ ਹਾਥਿ ॥ ਸਰਬ ਸੂਖ ਨਾਨਕ ਪਾਏ ਸੰਗਿ ਸੰਤਨ ਸਾਥਿ ॥੪॥੨੨॥੫੨॥ {ਅੰਗ 813-814}
ਪਦਅਰਥ: ਸਾਗਰੁ = ਸਮੁੰਦਰ। ਸੋਈ = ਉਹੀ ਮਨੁੱਖ। ਕੈ ਸੰਗਿ = ਦੇ ਨਾਲ। ਵਸੈ = ਵੱਸਦਾ ਹੈ। ਵਡਭਾਗੀ = ਵੱਡੇ ਭਾਗਾਂ ਵਾਲਾ ਮਨੁੱਖ।੧।
ਸੁਣਿ = ਸੁਣ ਕੇ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਤੁਮ੍ਹ੍ਹ ਜਨ = ਤੇਰੇ ਜਨਾਂ ਨੇ। ਲੋਅ ਮਹਿ = ਲੋਕ ਮਹਿ, ਜਗਤ ਵਿਚ। ਰਾਖੀ = ਬਚਾਈ ਹੋਈ ਇੱਜ਼ਤ।੧।ਰਹਾਉ।
ਤੇ = ਤੋਂ, ਵਿਚੋਂ। ਅਗਨਿ = ਅੱਗ। ਪ੍ਰਭਿ = ਪ੍ਰਭੂ ਨੇ। ਜਲਨਿ = ਸੜਨ। ਸੰਚਿਆ = ਛਿੜਕਿਆ।੨।
ਸਿਲਕ = ਫਾਹੀ। ਪ੍ਰਭ ਭਾਇਆ = ਪ੍ਰਭੂ ਨੂੰ ਪਿਆਰਾ ਲੱਗਾ।੩।
ਸਭ = ਸਾਰੀ (ਜੀਵਨ = ਜੁਗਤਿ) । ਹਾਥਿ = ਹੱਥ ਵਿਚ। ਸਾਥਿ = ਸਾਥ ਵਿਚ। ਸੰਗਿ = ਨਾਲ।੪।
ਅਰਥ: ਹੇ ਪ੍ਰਭੂ! ਤੇਰੇ ਸੇਵਕ ਤੇਰੀ ਸਿਫ਼ਤਿ-ਸਲਾਹ ਦੀ ਜੇਹੜੀ ਬਾਣੀ ਉਚਾਰਦੇ ਹਨ, ਤੇਰਾ ਦਾਸ ਉਸ ਬਾਣੀ ਨੂੰ ਹਰ ਵੇਲੇ ਸੁਣ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਹੈ। (ਇਸ ਤਰ੍ਹਾਂ ਵਿਕਾਰਾਂ ਤੋਂ ਬਚਾ ਕੇ) ਤੂੰ ਆਪਣੇ ਸੇਵਕ ਦੀ ਜੋ ਇੱਜ਼ਤ ਰੱਖਦਾ ਹੈਂ, ਉਹ ਸਾਰੇ ਸੰਸਾਰ ਵਿਚ ਉੱਘੜ ਪੈਂਦੀ ਹੈ।੧।ਰਹਾਉ।
(ਹੇ ਭਾਈ! ਇਹ ਜਗਤ, ਮਾਨੋ, ਇਕ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦਾ ਪਾਣੀ ਠਾਠਾਂ ਮਾਰ ਰਿਹਾ ਹੈ) ਇਸ ਸਮੁੰਦਰ ਵਿਚੋਂ ਉਹੀ ਮਨੁੱਖ ਪਾਰ ਲੰਘਦਾ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਜੇਹੜਾ ਸਾਧ ਸੰਗਤਿ ਦੇ ਨਾਲ ਮੇਲ-ਜੋਲ ਰੱਖਦਾ ਹੈ। (ਪਰ ਇਹ ਦਾਤਿ) ਕੋਈ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ।੧।
(ਹੇ ਭਾਈ! ਜਿਸ ਸੇਵਕ ਨੇ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰ ਲਿਆ) ਪਰਮਾਤਮਾ ਨੇ ਆਪ ਉਸ ਨੂੰ (ਵਿਕਾਰਾਂ ਦੀ) ਅੱਗ ਦੇ ਸਮੁੰਦਰ ਵਿਚੋਂ ਕੱਢ ਲਿਆ, ਪਰਮਾਤਮਾ ਨੇ ਆਪ (ਉਸ ਦੇ ਅੰਦਰੋਂ ਵਿਕਾਰਾਂ ਦੀ) ਸੜਨ ਸ਼ਾਂਤ ਕਰ ਦਿੱਤੀ। ਸਤਿਗੁਰੂ ਜੀ ਨੇ ਉਸ ਸੇਵਕ ਦੀ ਸਹਾਇਤਾ ਕੀਤੀ, ਤੇ (ਉਸ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਿੜਕਿਆ।੨।
(ਹੇ ਭਾਈ! ਜਿਸ ਸੇਵਕ ਨੇ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਸੁਣ ਕੇ ਆਤਮਕ ਜੀਵਨ ਲੱਭ ਲਿਆ) ਉਸ ਨੇ ਜਨਮ ਮਰਨ ਦੇ ਗੇੜ ਦਾ ਦੁੱਖ ਕੱਟ ਲਿਆ, ਉਸ ਨੇ ਉਹ (ਆਤਮਕ) ਟਿਕਾਣਾ ਲੱਭ ਲਿਆ ਜਿਥੇ ਸੁਖ ਹੀ ਸੁਖ ਹੈ, ਉਸ ਨੇ (ਆਪਣੇ ਅੰਦਰੋਂ) ਭਟਕਣਾ ਤੇ ਮੋਹ ਦੀ ਫਾਹੀ ਕੱਟ ਲਈ, ਉਹ ਸੇਵਕ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਿਆ।੩।
(ਪਰ, ਹੇ ਭਾਈ!) ਕਿਤੇ ਇਹ ਨਾਹ ਸਮਝ ਲੈਣਾ (ਕਿ ਇਹੋ ਜਿਹਾ ਆਤਮਕ) ਆਨੰਦ ਮਾਣਨ ਵਾਸਤੇ ਅਸਾਂ ਜੀਵਾਂ ਦਾ) ਕੋਈ ਹੋਰ ਚਾਰਾ ਚੱਲ ਸਕਦਾ ਹੈ (ਯਕੀਨ ਨਾਲ ਜਾਣੋ ਕਿ) ਹਰੇਕ ਜੁਗਤਿ ਪਰਮਾਤਮਾ ਦੇ (ਆਪਣੇ) ਹੱਥ ਵਿਚ ਹੈ। ਹੇ ਨਾਨਕ! ਉਹੀ ਸੇਵਕ ਸਾਰੇ ਸੁਖ ਪ੍ਰਾਪਤ ਕਰਦਾ ਹੈ ਜੋ ਸੰਤ ਜਨਾਂ ਦੀ ਸੰਗਤਿ ਵਿਚ ਰਹਿੰਦਾ ਹੈ ਜੋ ਸੰਤ ਜਨਾਂ ਦੇ ਨਾਲ ਰਹਿੰਦਾ ਹੈ।੪।੨੨।੫੨।