ਮੰਗਲਵਾਰ 12 ਮਾਰਚ 2019 (28 ਫੱਗਣ ਸੰਮਤ 550 ਨਾਨਕਸ਼ਾਹੀ)
ਸੂਹੀ ॥ ਜੋ ਦਿਨ ਆਵਹਿ ਸੋ ਦਿਨ ਜਾਹੀ ॥ ਕਰਨਾ ਕੂਚੁ ਰਹਨੁ ਥਿਰੁ ਨਾਹੀ ॥ ਸੰਗੁ ਚਲਤ ਹੈ ਹਮ ਭੀ ਚਲਨਾ ॥ ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥ ਕਿਆ ਤੂ ਸੋਇਆ ਜਾਗੁ ਇਆਨਾ ॥ ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥ ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥ ਸਭ ਘਟ ਭੀਤਰਿ ਹਾਟੁ ਚਲਾਵੈ ॥ ਕਰਿ ਬੰਦਿਗੀ ਛਾਡਿ ਮੈ ਮੇਰਾ ॥ ਹਿਰਦੈ ਨਾਮੁ ਸਮ੍ਹ੍ਹਾਰਿ ਸਵੇਰਾ ॥੨॥ ਜਨਮੁ ਸਿਰਾਨੋ ਪੰਥੁ ਨ ਸਵਾਰਾ ॥ ਸਾਂਝ ਪਰੀ ਦਹ ਦਿਸ ਅੰਧਿਆਰਾ ॥ ਕਹਿ ਰਵਿਦਾਸ ਨਿਦਾਨਿ ਦਿਵਾਨੇ ॥ ਚੇਤਸਿ ਨਾਹੀ ਦੁਨੀਆ ਫਨ ਖਾਨੇ ॥੩॥੨॥ {ਅੰਗ 793-794}
ਪਦਅਰਥ: ਜੋ ਦਿਨ = ਜੇਹੜੇ ਦਿਨ। ਜਾਹੀ = ਲੰਘ ਜਾਂਦੇ ਹਨ, ਗੁਜ਼ਰ ਜਾਂਦੇ ਹਨ। ਰਹਨੁ = ਟਿਕਾਣਾ, ਟਿਕਣਾ। ਥਿਰੁ = ਸਦਾ ਦਾ। ਸੰਗੁ = ਸਾਥ। ਗਵਨੁ = ਪੈਂਡਾ, ਮੁਸਾਫ਼ਰੀ। ਦੂਰਿ ਗਵਨੁ = ਦੂਰ ਦਾ ਪੈਂਡਾ। ਮਰਨਾ = ਮੌਤ।੧।
ਕਿਆ = ਕਿਉਂ? ਇਆਨਾ = ਹੇ ਅੰਞਾਣ! ਤੈ = ਤੂੰ। ਜਗਿ = ਜਗਤ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ।੧।ਰਹਾਉ।
ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਅੰਬਰਾਵੈ = ਅਪੜਾਉਂਦਾ ਹੈ। ਭੀਤਰਿ = ਅੰਦਰ। ਹਾਟੁ = ਹੱਟੀ। ਹਾਟੁ ਚਲਾਵੈ = ਰਿਜ਼ਕ ਦਾ ਪ੍ਰਬੰਧ ਕਰਦਾ ਹੈ। ਸਵੇਰਾ = ਸੁਵਖਤੇ ਹੀ, ਵੇਲੇ ਸਿਰ।੨।
ਸਿਰਾਨੋ = ਗੁਜ਼ਰ ਰਿਹਾ ਹੈ। ਪੰਥੁ = ਜ਼ਿੰਦਗੀ ਦਾ ਰਸਤਾ। ਸਵਾਰਾ = ਸੋਹਣਾ ਬਣਾਇਆ। ਸਾਂਝ = ਸ਼ਾਮ। ਦਹਦਿਸ = ਦਸੀਂ ਪਾਸੀਂ। ਕਹਿ = ਕਹੇ, ਆਖਦਾ ਹੈ। ਨਿਦਾਨਿ = ਓੜਕ ਨੂੰ, ਅੰਤ ਨੂੰ। ਦਿਵਾਨੇ = ਹੇ ਦੀਵਾਨੇ! ਹੇ ਕਮਲੇ! ਫਨਖਾਨੇ = ਫ਼ਨਾਹ ਦਾ ਘਰ, ਨਾਸਵੰਤ।੩।
ਅਰਥ: (ਮਨੁੱਖ ਦੀ ਜ਼ਿੰਦਗੀ ਵਿਚ) ਜੇਹੜੇ ਜੇਹੜੇ ਦਿਨ ਆਉਂਦੇ ਹਨ, ਉਹ ਦਿਨ (ਅਸਲ ਵਿਚ ਨਾਲੋ ਨਾਲ) ਲੰਘਦੇ ਜਾਂਦੇ ਹਨ (ਭਾਵ, ਉਮਰ ਵਿਚੋਂ ਘਟਦੇ ਜਾਂਦੇ ਹਨ) , (ਇਥੋਂ ਹਰੇਕ ਨੇ) ਕੂਚ ਕਰ ਜਾਣਾ ਹੈ (ਕਿਸੇ ਦੀ ਭੀ ਇਥੇ) ਸਦਾ ਦੀ ਰਿਹੈਸ਼ ਨਹੀਂ ਹੈ। ਅਸਾਡਾ ਸਾਥ ਤੁਰਿਆ ਜਾ ਰਿਹਾ ਹੈ, ਅਸਾਂ ਭੀ (ਇਥੋਂ) ਤੁਰ ਜਾਣਾ ਹੈ; ਇਹ ਦੂਰ ਦੀ ਮੁਸਾਫ਼ਰੀ ਹੈ ਤੇ ਮੌਤ ਸਿਰ ਉਤੇ ਖਲੋਤੀ ਹੈ (ਪਤਾ ਨਹੀਂ ਕੇਹੜੇ ਵੇਲੇ ਆ ਜਾਏ) ।੧।
ਹੇ ਅੰਞਾਣ! ਹੋਸ਼ ਕਰ। ਤੂੰ ਕਿਉਂ ਸੌਂ ਰਿਹਾ ਹੈਂ? ਤੂੰ ਜਗਤ ਵਿਚ ਇਸ ਜੀਊਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ।੧।ਰਹਾਉ।
(ਤੂੰ ਹਰ ਵੇਲੇ ਰਿਜ਼ਕ ਦੇ ਹੀ ਫ਼ਿਕਰ ਵਿਚ ਰਹਿੰਦਾ ਹੈਂ, ਵੇਖ) ਜਿਸ ਪ੍ਰਭੂ ਨੇ ਜਿੰਦ ਦਿੱਤੀ ਹੈ, ਉਹ ਰਿਜ਼ਕ ਭੀ ਅਪੜਾਉਂਦਾ ਹੈ, ਸਾਰੇ ਸਰੀਰਾਂ ਵਿਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਰ ਪੈਦਾ ਕਰ ਰਿਹਾ ਹੈ। ਮੈਂ (ਇਤਨਾ ਵੱਡਾ ਹਾਂ) ਮੇਰੀ (ਇਤਨੀ ਮਲਕੀਅਤ ਹੈ) -ਛੱਡ ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ, ਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ।੨।
ਉਮਰ ਮੁੱਕਣ ਤੇ ਆ ਰਹੀ ਹੈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ; ਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ। ਰਵਿਦਾਸ ਆਖਦਾ ਹੈ-ਹੇ ਕਮਲੇ ਮਨੁੱਖ! ਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ, ਦੁਨੀਆ (ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਹੈਂ) ਅੰਤ ਨੂੰ ਨਾਸ ਹੋ ਜਾਣ ਵਾਲੀ ਹੈ।੩।੨।
ਨੋਟ: ਆਮ ਤੌਰ ਤੇ ਲਫ਼ਜ਼ “ਨਿਦਾਨਿ” ਨੂੰ ਫ਼ਾਰਸੀ ਦਾ ਲਫ਼ਜ਼ ‘ਨਾਦਾਨ’ ਸਮਝ ਕੇ ਇਸ ਦਾ ਅਰਥ “ਮੂਰਖ’ ਕੀਤਾ ਜਾ ਰਿਹਾ ਹੈ; ਇਸ ਦੇ ਨਾਲ-ਲਗਵਾਂ ਲਫ਼ਜ਼ ‘ਦਿਵਾਨੇ’ ਭੀ ਕੁਝ ਏਸੇ ਹੀ ਅਰਥ ਵਲ ਮਨ ਦਾ ਝੁਕਾਉ ਪੈਦਾ ਕਰਦਾ ਹੈ। ਪਰ ਇਹ ਗ਼ਲਤ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਕਿਤੇ ਇਹ ਲਫ਼ਜ਼ ਆਉਂਦਾ ਹੈ ਇਸ ਦਾ ਅਰਥ “ਅੰਤ ਨੂੰ, ਆਖ਼ਰ ਨੂੰ” ਕੀਤਾ ਜਾਂਦਾ ਹੈ। ਇਹ ਸੰਸਕ੍ਰਿਤ ਦਾ ਲਫ਼ਜ਼ ‘ਨਿਦਾਨ’ {निदान} ਹੈ ਜਿਸ ਦਾ ਅਰਥ ਹੈ ‘ਅਖ਼ੀਰ, ਅੰਤ’ (end, termination) । ਵੇਖੋ:
“ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥” {ਬਿਲਾਵਲੁ ਮ: ੩
“ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ॥” {ਸਲੋਕ ਮ: ੧, ਬਿਲਾਵਲ ਕੀ ਵਾਰ
“ਕਹਿ ਕਬੀਰ ਤੇ ਅੰਤਿ ਬਿਗੂਤੇ ਆਇਆ ਕਾਲੁ ਨਿਦਾਨਾ ॥” {ਬਿਲਾਵਲੁ
ਬਾਕੀ ਰਿਹਾ ਇਹ ਇਤਰਾਜ਼ ਕਿ ਇਹ ਅਰਥ ਕਰਨ ਲੱਗਿਆਂ ਲਫ਼ਜ਼ “ਨਿਦਾਨਿ” ਨੂੰ ਚੁੱਕ ਕੇ ਅਖ਼ੀਰ ਤੇ ਲਫ਼ਜ਼ “ਫ਼ਨਖਾਨੈ” ਨਾਲ ਰਲਾਉਣਾ ਪੈਂਦਾ ਹੈ, ਇਸ ‘ਅਨਵੈ’ ਵਿਚ ਖਿੱਚ ਜਾਪਦੀ ਹੈ। ਇਸ ਦਾ ਉੱਤਰ ਇਹ ਹੈ ਕਿ ਹਰੇਕ ਕਵੀ ਦੀ ਕਵਿਤਾ ਦਾ ਆਪੋ ਆਪਣਾ ਢੰਗ ਹੈ; ਭਗਤ ਰਵਿਦਾਸ ਜੀ ਇਕ ਹੋਰ ਥਾਂ ਭੀ ਇਹੀ ਤਰੀਕਾ ਵਰਤਦੇ ਹਨ-
“ਨਿੰਦਕੁ ਸੋਧਿ ਸਾਧਿ ਬੀਚਾਰਿਆ ॥
ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥” {ਗੌਂਡ
ਇਸ ਪਰਮਾਣ ਵਿਚ ਦਾ ਲਫ਼ਜ਼ “ਨਿੰਦਕੁ” ਤੁਕ ਦਾ ਅਰਥ ਕਰਨ ਵੇਲੇ ਅਖ਼ੀਰ ਤੇ ਲਫ਼ਜ਼ “ਪਾਪੀ” ਦੇ ਨਾਲ ਵਰਤਣਾ ਪੈਂਦਾ ਹੈ।
ਸ਼ਬਦ ਦਾ ਭਾਵ: ਜਗਤ ਵਿਚ ਸਦਾ ਨਹੀਂ ਬੈਠ ਰਹਿਣਾ। ਇਸ ਦੇ ਮੋਹ ਵਿਚ ਮਸਤ ਹੋ ਕੇ ਪ੍ਰਭੂ-ਭਗਤੀ ਵਲੋਂ ਗ਼ਾਫ਼ਲ ਨਾਹ ਹੋਵੋ।