Today’s Hukamnama from Gurdwara Baoli Sahib Goindwal

    91

    ਬੁੱਧਵਾਰ 6 ਮਾਰਚ 2019 (22 ਫੱਗਣ ਸੰਮਤ 550 ਨਾਨਕਸ਼ਾਹੀ)

    ਸਲੋਕੁ ਮਃ ੩ ॥ ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ॥ ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ ॥ ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ ॥ ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥੧॥ {ਅੰਗ 785}

    ਪਦਅਰਥ: ਸੂਹਬ = ਹੇ ਸੂਹੇ ਵੇਸ ਵਾਲੀਏ! ਅਗਲਾ = ਬਹੁਤਾ। ਅਹਿ = ਦਿਨ। ਨਿਸਿ = ਰਾਤ। ਭਾਉ = ਪ੍ਰੇਮ। ਚਿਹਨੁ = ਲੱਛਣ।

    ਅਰਥ: ਹੇ ਸੂਹੇ ਵੇਸ ਵਾਲੀਏ! ਜੇ ਤੂੰ ਸਦਾ-ਥਿਰ (ਪ੍ਰਭੂ ਦਾ) ਨਾਮ ਮੰਨ ਲਏਂ ਤਾਂ ਤੂੰ ਸੁਹਾਗ ਭਾਗ ਵਾਲੀ ਹੋ ਜਾਏਂ। ਆਪਣੇ ਗੁਰੂ ਨੂੰ ਪ੍ਰਸੰਨ ਕਰ ਲੈ, ਬੜੀ (ਨਾਮ-) ਰੰਗਣ ਚੜ੍ਹ ਆਵੇਗੀ (ਪਰ ਇਸ ਰੰਗਣ ਲਈ ਗੁਰੂ ਤੋਂ ਬਿਨਾ) ਕੋਈ ਹੋਰ ਥਾਂ ਨਹੀਂ ਹੈ। (ਸੋ ਗੁਰੂ ਦੀ ਸਰਨ ਪੈ ਕੇ) ਅਜੇਹਾ (ਸੋਹਣਾ ਸਿੰਗਾਰ ਬਣਾ ਜੋ ਕਦੇ ਮੈਲਾ ਨਾਹ ਹੋਵੇ ਤੇ ਦਿਨ ਰਾਤ ਤੇਰਾ ਪਿਆਰ (ਪ੍ਰਭੂ ਨਾਲ) ਬਣਿਆ ਰਹੇ। ਹੇ ਨਾਨਕ! (ਇਸ ਤੋਂ ਬਿਨਾ) ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਦਾ ਹੋਰ ਕੀਹ ਲੱਛਣ ਹੋ ਸਕਦਾ ਹੈ? ਉਸ ਦੇ ਅੰਦਰ ਸੱਚਾ ਨਾਮ ਹੋਵੇ, ਮੂੰਹ (ਉਤੇ ਨਾਮ ਦੀ) ਲਾਲੀ ਹੋਵੇ ਤੇ ਉਹ ਖਸਮ-ਪ੍ਰਭੂ ਵਿਚ ਜੁੜੀ ਰਹੇ।੧।

    ਮਃ ੩ ॥ ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥ ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥ ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ ॥੨॥ {ਪੰਨਾ 785}

    ਅਰਥ: ਹੇ ਲੋਕੋ! ਮੈਂ (ਨਿਰੀ) ਸੂਹੇ ਵੇਸੁ ਵਾਲੀ (ਹੀ) ਹਾਂ, ਮੈਂ (ਨਿਰੇ) ਸੂਹੇ ਕੱਪੜੇ (ਹੀ) ਪਾਂਦੀ ਹਾਂ; ਪਰ (ਨਿਰੇ) ਵੇਸਾਂ ਨਾਲ ਖਸਮ (-ਪ੍ਰਭੂ) ਨਹੀਂ ਮਿਲਦਾ, ਮੈਂ ਵੇਸ ਕਰ ਕਰ ਕੇ ਥੱਕ ਗਈ ਹਾਂ। ਹੇ ਨਾਨਕ! ਖਸਮ ਉਹਨਾਂ ਨੂੰ (ਹੀ) ਮਿਲਦਾ ਹੈ ਜਿਨ੍ਹਾਂ ਨੇ ਸਤਿਗੁਰੂ ਦੀ ਸਿੱਖਿਆ ਸੁਣੀ ਹੈ। (ਜਦੋਂ ਜੀਵ-ਇਸਤ੍ਰੀ ਇਸ ਅਵਸਥਾ ਤੇ ਅੱਪੜ ਜਾਏ ਕਿ) ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ, ਤਾਂ ਇਸ ਤਰ੍ਹਾਂ ਉਹ ਖਸਮ-ਪ੍ਰਭੂ ਨੂੰ ਮਿਲ ਪੈਂਦੀ ਹੈ।੨।

    ਪਉੜੀ ॥ ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ ॥ ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ ॥ ਇਕਨਾ ਨੋ ਤੂ ਮੇਲਿ ਲੈਹਿ ਗੁਰ ਸਬਦਿ ਬੀਚਾਰਾ ॥ ਸਚਿ ਰਤੇ ਸੇ ਨਿਰਮਲੇ ਹਉਮੈ ਤਜਿ ਵਿਕਾਰਾ ॥ ਜਿਸੁ ਤੂ ਮੇਲਹਿ ਸੋ ਤੁਧੁ ਮਿਲੈ ਸੋਈ ਸਚਿਆਰਾ ॥੨॥ {ਪੰਨਾ 786}

    ਪਦਅਰਥ: ਸ੍ਰਿਸਟਿ = ਜਗਤ। ਬਹੁ ਭਿਤਿ = ਬਹੁ ਭਾਂਤ ਦੀ। ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ। ਤਜਿ = ਤਿਆਗ ਕੇ। ਸਚਿਆਰਾ = ਸੱਚ ਦਾ ਵਪਾਰੀ।

    ਅਰਥ: ਉਸ ਪ੍ਰਭੂ ਨੇ ਇਹ ਸ੍ਰਿਸ਼ਟੀ ਇਹ ਸੰਸਾਰ ਆਪਣੇ ਹੁਕਮ ਅਨੁਸਾਰ ਕਈ ਕਿਸਮਾਂ ਦਾ ਬਣਾਇਆ ਹੈ। ਹੇ ਸੱਚੇ! ਹੇ ਅਲੱਖ! ਤੇ ਹੇ ਬੇਅੰਤ ਪ੍ਰਭੂ! ਇਹ ਸਮਝ ਨਹੀਂ ਪੈਂਦੀ ਕਿ ਤੇਰਾ ਹੁਕਮ ਕੇਡਾ ਕੁ (ਬਲਵਾਨ) ਹੈ। ਕਈ ਜੀਵਾਂ ਨੂੰ ਤੂੰ ਗੁਰ-ਸ਼ਬਦ ਵਿਚ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਹੈਂ, ਉਹ ਹਉਮੈ-ਰੂਪ ਵਿਕਾਰ ਤਿਆਗ ਕੇ ਤੇਰੇ ਨਾਮ ਵਿਚ ਰੰਗੇ ਜਾਂਦੇ ਹਨ ਤੇ ਪਵਿਤ੍ਰ ਹੋ ਜਾਂਦੇ ਹਨ। ਹੇ ਪ੍ਰਭੂ! ਜਿਸ ਨੂੰ ਤੂੰ ਮਿਲਾਂਦਾ ਹੈਂ ਉਹ ਤੈਨੂੰ ਮਿਲਦਾ ਹੈ ਤੇ ਉਹੀ ਸੱਚ ਦਾ ਵਪਾਰੀ ਹੈ।੨।