Today’s Hukamnama from Gurdwara Baoli Sahib Goindwal

87

ਸ਼ੁੱਕਰਵਾਰ 14 ਦਸੰਬਰ 2018 (29 ਮੱਘਰ ਸੰਮਤ 550 ਨਾਨਕਸ਼ਾਹੀ)

ਸੂਹੀ ਮਹਲਾ ੪ ॥ ਜਿਨ ਕੈ ਅੰਤਰਿ ਵਸਿਆ ਮੇਰਾ ਹਰਿ ਹਰਿ ਤਿਨ ਕੇ ਸਭਿ ਰੋਗ ਗਵਾਏ ॥ ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ ਤਿਨ ਪਵਿਤੁ ਪਰਮ ਪਦੁ ਪਾਏ ॥੧॥ ਮੇਰੇ ਰਾਮ ਹਰਿ ਜਨ ਆਰੋਗ ਭਏ ॥ ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ ॥੧॥ ਰਹਾਉ ॥ ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ ॥ ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ॥੨॥ ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ॥ ਗੁਰ ਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥੩॥ ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥ ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥ {ਅੰਗ 735}

ਪਦਅਰਥ: ਕੈ ਅੰਤਰਿ = ਦੇ ਅੰਦਰ, ਦੇ ਹਿਰਦੇ ਵਿਚ। ਸਭਿ = ਸਾਰੇ। ਤੇ = ਉਹ ਮਨੁੱਖ {ਬਹੁ-ਵਚਨ}। ਮੁਕਤ = ਰੋਗਾਂ ਤੋਂ ਸੁਤੰਤਰ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਏ = ਪਾਇਆ, ਪਾ ਲਿਆ।੧।

ਮੇਰੇ ਰਾਮ ਹਰਿ ਜਨ = ਮੇਰੇ ਰਾਮ ਦੇ ਹਰੀ ਦੇ ਜਨ। ਆਰੋਗ = ਰੋਗ = ਰਹਿਤ।੧।ਰਹਾਉ।

ਮਹਾ ਦੇਉ = ਸ਼ਿਵ। ਤ੍ਰੈ ਗੁਣ = ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ। ਕਮਾਈ = ਕੀਤੀ। ਜਿਨਿ = ਜਿਨ (ਪਰਮਾਤਮਾ) ਨੇ। ਤਿਸਹਿ = {ਲਫ਼ਜ਼ ‘ਤਿਸੁ‘ ਦਾ ੁ ਕ੍ਰਿਆ ਵਿਸ਼ੇਸ਼ਣ ‘ਹੀ‘ ਦੇ ਕਾਰਨ ਉੱਡ ਗਿਆ ਹੈਉਸ ਨੂੰ ਹੀ। ਨ ਚੇਤਹਿ = ਨਹੀਂ ਚੇਤਦੇ। ਬਪੁੜੇ = ਵਿਚਾਰੇ। ਗੁਰਮੁਖਿ = ਗੁਰੂ ਦੀ ਸਰਨ ਪਿਆਂ।੨।

ਰੋਗਿ = ਰੋਗ ਵਿਚ। ਬਿਆਪਿਆ = ਫਸਿਆ ਹੋਇਆ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਕੋ = ਕੋਈ ਮਨੁੱਖ। ਹਉ = ਹਉਂ, ਮੈਂ। ਬਲਿਹਾਰੀ = ਸਦਕੇ।੩।

ਸਿਸਟਿ = ਦੁਨੀਆ। ਸਾਜੀ = ਪੈਦਾ ਕੀਤੀ। ਤਾ ਕਾ = ਉਸ (ਪਰਮਾਤਮਾ) ਦਾ। ਅਪਾਰੋ = ਅਪਾਰ, ਜਿਸ ਦਾ ਪਾਰਲਾ ਬੰਨਾ ਨਾਹ ਦਿੱਸੇ। ਆਪੇ = ਆਪ ਹੀ। ਵੇਖਿ = ਵੇਖ ਕੇ। ਵਿਗਸੈ = ਖ਼ੁਸ਼ ਹੁੰਦਾ ਹੈ। ਬ੍ਰਹਮ ਬੀਚਾਰੋ = ਪਰਮਾਤਮਾ ਦੇ ਗੁਣਾਂ ਦੀ ਵਿਚਾਰ।੪।

ਅਰਥ: ਹੇ ਭਾਈ! ਮੇਰੇ ਰਾਮ ਦੇ, ਮੇਰੇ ਹਰੀ ਦੇ, ਦਾਸ (ਹਉਮੈ ਆਦਿਕ ਤੋਂ) ਨਰੋਏ ਹੋ ਗਏ ਹਨ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਮੇਰੇ ਹਰਿ ਪ੍ਰਭੂ ਦਾ ਨਾਮ ਜਪਿਆ ਉਹਨਾਂ ਦੇ ਹਉਮੈ (ਆਦਿਕ) ਰੋਗ ਦੂਰ ਹੋ ਗਏ।੧।ਰਹਾਉ।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰਿ-ਪ੍ਰਭੂ ਆ ਵੱਸਦਾ ਹੈ, ਉਹਨਾਂ ਦੇ ਉਹ ਹਰੀ ਸਾਰੇ ਰੋਗ ਦੂਰ ਕਰ ਦੇਂਦਾ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਹ (ਹਉਮੈ ਆਦਿਕ ਰੋਗਾਂ ਤੋਂ) ਸੁਤੰਤਰ ਹੋ ਗਏ, ਉਹਨਾਂ ਨੇ ਸਭ ਤੋਂ ਉੱਚਾ ਤੇ ਪਵਿਤ੍ਰ ਆਤਮਕ ਦਰਜਾ ਪ੍ਰਾਪਤ ਕਰ ਲਿਆ।੧।

(ਹੇ ਭਾਈ! ਪੁਰਾਣਾਂ ਦੀਆਂ ਦੱਸੀਆਂ ਸਾਖੀਆਂ ਅਨੁਸਾਰ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ (ਵੱਡੇ ਦੇਵਤੇ) ਬ੍ਰਹਮਾ, ਵਿਸ਼ਨੂੰ, ਸ਼ਿਵ (ਭੀ) ਰੋਗੀ ਹੀ ਰਹੇ, (ਕਿਉਂਕਿ ਉਹਨਾਂ ਨੇ ਭੀ) ਹਉਮੈ ਵਿਚ ਹੀ ਕਾਰ ਕੀਤੀ। ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ, ਉਸ ਨੂੰ ਉਹ ਵਿਚਾਰੇ ਚੇਤਦੇ ਨਾਹ ਰਹੇ। ਹੇ ਭਾਈ! ਪਰਮਾਤਮਾ ਦੀ ਸੂਝ (ਤਾਂ) ਗੁਰੂ ਦੀ ਸਰਨ ਪਿਆਂ ਹੀ ਪੈਂਦੀ ਹੈ।੨।

ਹੇ ਭਾਈ! ਸਾਰਾ ਜਗਤ ਹਉਮੈ ਦੇ ਰੋਗ ਵਿਚ ਫਸਿਆ ਰਹਿੰਦਾ ਹੈ (ਤੇ, ਹਉਮੈ ਵਿਚ ਫਸੇ ਹੋਏ) ਉਹਨਾਂ ਮਨੁੱਖਾਂ ਨੂੰ ਜਨਮ ਮਰਨ ਦੇ ਗੇੜ ਦਾ ਭਾਰਾ ਦੁੱਖ ਲੱਗਾ ਰਹਿੰਦਾ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਸ ਹਉਮੈ ਰੋਗ ਤੋਂ) ਖ਼ਲਾਸੀ ਪਾਂਦਾ ਹੈ। ਮੈਂ (ਅਜੇਹੇ) ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ।੩।

ਹੇ ਭਾਈ! ਜਿਸ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਦੇ ਰੋਗ ਨੂੰ) ਜਾਣਦਾ ਹੈ (ਤੇ, ਦੂਰ ਕਰਦਾ ਹੈ। ਉਸ ਪਰਮਾਤਮਾ ਦਾ ਸਰੂਪ ਹੱਦ ਬੰਨੇ ਤੋਂ ਪਰੇ ਹੈ। ਹੇ ਨਾਨਕ! ਉਹ ਪਰਮਾਤਮਾ ਆਪ ਹੀ (ਆਪਣੀ ਰਚੀ ਸ੍ਰਿਸ਼ਟੀ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ। ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸੂਝ ਆਉਂਦੀ ਹੈ।੪।੩।੧੪।