ਵੀਰਵਾਰ 17 ਜਨਵਰੀ 2019 (4 ਮਾਘ ਸੰਮਤ 550 ਨਾਨਕਸ਼ਾਹੀ)
ਬਿਲਾਵਲੁ ਮਹਲਾ ੫ ॥ ਮਾਤ ਪਿਤਾ ਸੁਤ ਬੰਧਪ ਭਾਈ ॥ ਨਾਨਕ ਹੋਆ ਪਾਰਬ੍ਰਹਮੁ ਸਹਾਈ ॥੧॥ ਸੂਖ ਸਹਜ ਆਨੰਦ ਘਣੇ ॥ ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥੧॥ ਰਹਾਉ ॥ਸਗਲ ਸਰੰਜਾਮ ਕਰੇ ਪ੍ਰਭੁ ਆਪੇ ॥ ਭਏ ਮਨੋਰਥ ਸੋ ਪ੍ਰਭੁ ਜਾਪੇ ॥੨॥ ਅਰਥ ਧਰਮ ਕਾਮ ਮੋਖ ਕਾ ਦਾਤਾ ॥ ਪੂਰੀ ਭਈ ਸਿਮਰਿ ਸਿਮਰਿ ਬਿਧਾਤਾ ॥੩॥ ਸਾਧਸੰਗਿ ਨਾਨਕਿ ਰੰਗੁ ਮਾਣਿਆ ॥ ਘਰਿ ਆਇਆ ਪੂਰੈ ਗੁਰਿ ਆਣਿਆ ॥੪॥੧੨॥੧੭॥ {ਅੰਗ 805}
ਪਦਅਰਥ: ਮਾਤ = ਮਾਂ। ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਭਾਈ = ਭਰਾ। ਨਾਨਕ ਸਹਾਈ = ਨਾਨਕ ਦਾ ਮਦਦਗਾਰ।੧।
ਸਹਜ = ਆਤਮਕ ਅਡੋਲਤਾ। ਘਣੇ = ਬਹੁਤ। ਜਾ ਕੀ = ਜਿਸ (ਗੁਰੂ) ਦੀ। ਜਾ ਕੇ = ਜਿਸ (ਗੁਰੂ ਦੇ) ।੧।ਰਹਾਉ।
ਸਰੰਜਾਮ = ਕੰਮ ਸਿਰੇ ਚਾੜ੍ਹਨ ਦੇ ਉੱਦਮ। ਸਗਲ = ਸਾਰੇ। ਆਪੇ = ਆਪ ਹੀ। ਜਾਪੇ = ਜਪਿਆਂ।੨।
ਪੂਰੀ ਭਈ = ਘਾਲ ਸਿਰੇ ਚੜ੍ਹ ਗਈ। ਸਿਮਰਿ = ਸਿਮਰ ਕੇ। ਬਿਧਾਤਾ = ਸਿਰਜਣਹਾਰ ਪ੍ਰਭੂ।੩।
ਨਾਨਕਿ = ਨਾਨਕ ਨੇ। ਘਰਿ = ਹਿਰਦੇ = ਘਰ ਵਿਚ। ਗੁਰਿ = ਗੁਰੂ ਨੇ। ਆਣਿਆ = ਲਿਆਂਦਾ ਹੈ।੪।
ਅਰਥ: ਹੇ ਭਾਈ! ਜੇਹੜਾ ਗੁਰੂ (ਸਭ ਗੁਣਾਂ ਨਾਲ) ਭਰਪੂਰ ਹੈ, ਜਿਸ ਗੁਰੂ ਦੀ ਬਾਣੀ (ਆਤਮਕ ਆਨੰਦ ਨਾਲ) ਭਰਪੂਰ ਹੈ, ਜਿਸ ਗੁਰੂ ਦੇ ਅਨੇਕਾਂ ਹੀ ਗੁਣ ਹਨ ਜੋ ਗਿਣਨ-ਗੋਚਰੇ ਨਹੀਂ, (ਉਸ ਗੁਰੂ ਦੀ ਸਰਨ ਪਿਆਂ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਮਿਲ ਜਾਂਦੇ ਹਨ।੧।ਰਹਾਉ।
ਹੇ ਭਾਈ! ਮਾਂ, ਪਿਉ, ਪੁੱਤਰ, ਰਿਸ਼ਤੇਦਾਰ, ਭਰਾ (ਇਹਨਾਂ ਸਭਨਾਂ ਵਾਂਗ) ਪਰਮਾਤਮਾ ਹੀ ਨਾਨਕ ਦਾ ਮਦਦਗਾਰ ਬਣਿਆ ਹੋਇਆ ਹੈ।੧।
ਹੇ ਭਾਈ! ਪ੍ਰਭੂ ਆਪ ਹੀ (ਸਰਨ ਪਏ ਮਨੁੱਖ ਦੇ) ਸਾਰੇ ਕੰਮ ਸਿਰੇ ਚਾੜ੍ਹਨ ਦੇ ਪ੍ਰਬੰਧ ਕਰਦਾ ਹੈ, ਉਸ ਪ੍ਰਭੂ ਦਾ ਨਾਮ ਜਪਿਆਂ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ।੨।
ਹੇ ਭਾਈ! ਦੁਨੀਆ ਦੇ ਪ੍ਰਸਿੱਧ ਮੰਨੇ ਹੋਏ ਚਾਰ ਪਦਾਰਥਾਂ) ਧਰਮ ਅਰਥ ਕਾਮ ਮੋਖ ਦਾ ਦੇਣ ਵਾਲਾ ਪਰਮਾਤਮਾ ਆਪ ਹੀ ਹੈ। ਉਸ ਸਿਰਜਣਹਾਰ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਦੀ) ਘਾਲ-ਕਮਾਈ ਸਫਲ ਹੋ ਜਾਂਦੀ ਹੈ।੩।
ਹੇ ਭਾਈ! ਨਾਨਕ ਨੇ (ਤਾਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਆਤਮਕ ਆਨੰਦ ਮਾਣਿਆ ਹੈ, (ਗੁਰੂ ਦੀ ਕਿਰਪਾ ਨਾਲ) ਪਰਮਾਤਮਾ (ਨਾਨਕ ਦੇ) ਹਿਰਦੇ ਵਿਚ ਆ ਵੱਸਿਆ ਹੈ, ਪੂਰੇ ਗੁਰੂ ਨੇ ਲਿਆ ਕੇ ਵਸਾ ਦਿੱਤਾ ਹੈ।੪।੧੨।੧੭।