Today’s Hukamnama from Gurdwara Baoli Sahib Goindwal

15

ਬੁੱਧਵਾਰ 5 ਜੂਨ 2019 (22 ਜੇਠ ਸੰਮਤ 551 ਨਾਨਕਸ਼ਾਹੀ)

ਬਿਲਾਵਲੁ ਮਹਲਾ ੫ ॥ ਤੁਮ੍ਹ੍ਹ ਸਮਰਥਾ ਕਾਰਨ ਕਰਨ ॥ ਢਾਕਨ ਢਾਕਿ ਗੋਬਿਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ॥੧॥ ਰਹਾਉ ॥ ਜੋ ਜੋ ਕੀਨੋ ਸੋ ਤੁਮ੍ਹ੍ਹ ਜਾਨਿਓ ਪੇਖਿਓ ਠਉਰ ਨਾਹੀ ਕਛੁ ਢੀਠ ਮੁਕਰਨ ॥ ਬਡ ਪਰਤਾਪੁ ਸੁਨਿਓ ਪ੍ਰਭ ਤੁਮ੍ਹ੍ਹਰੋ ਕੋਟਿ ਅਘਾ ਤੇਰੋ ਨਾਮ ਹਰਨ ॥੧॥ ਹਮਰੋ ਸਹਾਉ ਸਦਾ ਸਦ ਭੂਲਨ ਤੁਮ੍ਹ੍ਹਰੋ ਬਿਰਦੁ ਪਤਿਤ ਉਧਰਨ ॥ ਕਰੁਣਾ ਮੈ ਕਿਰਪਾਲ ਕ੍ਰਿਪਾ ਨਿਧਿ ਜੀਵਨ ਪਦ ਨਾਨਕ ਹਰਿ ਦਰਸਨ ॥੨॥੨॥੧੧੮॥ {ਪੰਨਾ 828}

ਪਦਅਰਥ: ਸਮਰਥਾ = ਸਾਰੀਆਂ ਤਾਕਤਾਂ ਦਾ ਮਾਲਕ। ਕਾਰਨ = ਸਬੱਬ, ਮੂਲ। ਕਰਨ = ਜਗਤ। ਕਰਨ ਕਾਰਨ = ਜਗਤ ਦਾ ਮੂਲ। ਢਾਕਨ = ਪਰਦਾ। ਗੋਬਿਦ = ਹੇ ਗੋਬਿੰਦ! ਗੁਰ = ਹੇ ਸਭ ਤੋਂ ਵੱਡੇ! ਮੋਹਿ = ਮੈਂ।੧।ਰਹਾਉ।ਕੀਨੋ = ਕੀਤਾ। ਪੇਖਿਓ = ਵੇਖਿਆ। ਠਉਰ ਮੁਕਰਨ = ਮੁਕਰਨ ਦੀ ਥਾਂ, ਇਨਕਾਰੀ ਹੋਣ ਦੀ ਗੁੰਜ਼ੈਸ਼। ਢੀਠ = ਮੁੜ ਮੁੜ ਉਹੀ ਕਰੀ ਜਾਣ ਵਾਲਾ, ਨਿਰਲੱਜ। ਪ੍ਰਭ = ਹੇ ਪ੍ਰਭੂ! ਕੋਟਿ = ਕ੍ਰੋੜਾਂ। ਅਘਾ = ਪਾਪ। ਹਰਨ = ਦੂਰ ਕਰਨ ਵਾਲਾ।੧।ਸਹਾਉ = ਸੁਭਾਉ। ਸਦ = ਸਦਾ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਉਧਰਨ = (ਵਿਕਾਰਾਂ ਵਿਚੋਂ) ਕੱਢਣਾ। ਕਰੁਣਾ ਮੈ = ਤਰਸ = ਭਰਪੂਰ {ਕਰੁਣਾ = ਤਰਸ}। ਨਿਧਿ = ਖ਼ਜ਼ਾਨਾ। ਜੀਵਨ ਪਦ = ਆਤਮਕ ਜੀਵਨ ਦਾ ਦਰਜਾ।੨।

ਅਰਥ: ਹੇ ਮੇਰੇ ਗੋਬਿੰਦ! ਹੇ ਮੇਰੇ ਸਭ ਤੋਂ ਵੱਡੇ (ਮਾਲਕ) ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਜਗਤ ਦਾ ਰਚਨਹਾਰ ਹੈਂ, ਮੇਰਾ ਪਰਦਾ ਢੱਕ ਲੈ, ਮੈਂ ਪਾਪੀ ਤੇਰੇ ਚਰਨਾਂ ਦੀ ਸਰਨ ਆਇਆ ਹਾਂ।੧।ਰਹਾਉ।ਜੋ ਕੁਝ ਮੈਂ ਨਿੱਤ ਕਰਦਾ ਰਹਿੰਦਾ ਹਾਂ, ਹੇ ਪ੍ਰਭੂ! ਉਹ ਤੂੰ ਸਭ ਕੁਝ ਜਾਣਦਾ ਹੈਂ ਅਤੇ ਵੇਖਦਾ ਹੈਂ, (ਇਹਨਾਂ ਕਰਤੂਤਾਂ ਤੋਂ) ਮੈਨੂੰ ਢੀਠ ਨੂੰ ਮੁੱਕਰਨ ਦੀ ਕੋਈ ਗੁੰਜੈਸ਼ ਨਹੀਂ, (ਫਿਰ ਭੀ ਮੈਂ ਕਰੀ ਭੀ ਜਾਂਦਾ ਹਾਂ, ਤੇ ਲੁਕਾਂਦਾ ਭੀ ਹਾਂ) । ਹੇ ਪ੍ਰਭੂ! ਮੈਂ ਸੁਣਿਆ ਹੈ ਕਿ ਤੂੰ ਬੜੀ ਸਮਰੱਥਾ ਵਾਲਾ ਹੈਂ, ਤੇਰਾ ਨਾਮ ਕ੍ਰੋੜਾਂ ਪਾਪ ਦੂਰ ਕਰ ਸਕਦਾ ਹੈ (ਮੈਨੂੰ ਭੀ ਆਪਣਾ ਨਾਮ ਬਖ਼ਸ਼) ।੧।ਹੇ ਪ੍ਰਭੂ! ਅਸਾਂ ਜੀਵ ਦਾ ਸੁਭਾਉ ਹੀ ਹੈ ਨਿੱਤ ਭੁੱਲਾਂ ਕਰਦੇ ਰਹਿਣਾ। ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣਾ। ਹੇ ਤਰਸ ਦੇ ਸੋਮੇ! ਹੇ ਕਿਰਪਾਲ! ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਨੂੰ ਆਪਣਾ ਦਰਸਨ ਦੇਹ, ਤੇਰਾ ਦਰਸਨ ਉੱਚੇ ਆਤਮਕ ਜੀਵਨ ਦਾ ਦਰਜਾ ਬਖ਼ਸ਼ਣ ਵਾਲਾ ਹੈ।੨।੨।੧੧੮।