Today’s Hukamnama from Gurdwara Baoli Sahib Goindwal

47

ਸਨਿੱਚਰਵਾਰ 1 ਜੂਨ 2019 (18 ਜੇਠ ਸੰਮਤ 551 ਨਾਨਕਸ਼ਾਹੀ)

ਬਿਲਾਵਲੁ ਮਹਲਾ ੧ ॥ ਆਪੇ ਸਬਦੁ ਆਪੇ ਨੀਸਾਨੁ ॥ ਆਪੇ ਸੁਰਤਾ ਆਪੇ ਜਾਨੁ ॥ ਆਪੇ ਕਰਿ ਕਰਿ ਵੇਖੈ ਤਾਣੁ ॥ ਤੂ ਦਾਤਾ ਨਾਮੁ ਪਰਵਾਣੁ ॥੧॥ ਐਸਾ ਨਾਮੁ ਨਿਰੰਜਨ ਦੇਉ ॥ ਹਉ ਜਾਚਿਕੁ ਤੂ ਅਲਖ ਅਭੇਉ ॥੧॥ ਰਹਾਉ ॥ ਮਾਇਆ ਮੋਹੁ ਧਰਕਟੀ ਨਾਰਿ ॥ ਭੂੰਡੀ ਕਾਮਣਿ ਕਾਮਣਿਆਰਿ ॥ ਰਾਜੁ ਰੂਪੁ ਝੂਠਾ ਦਿਨ ਚਾਰਿ ॥ ਨਾਮੁ ਮਿਲੈ ਚਾਨਣੁ ਅੰਧਿਆਰਿ ॥੨॥ ਚਖਿ ਛੋਡੀ ਸਹਸਾ ਨਹੀ ਕੋਇ ॥ ਬਾਪੁ ਦਿਸੈ ਵੇਜਾਤਿ ਨ ਹੋਇ ॥ ਏਕੇ ਕਉ ਨਾਹੀ ਭਉ ਕੋਇ ॥ ਕਰਤਾ ਕਰੇ ਕਰਾਵੈ ਸੋਇ ॥੩॥ ਸਬਦਿ ਮੁਏ ਮਨੁ ਮਨ ਤੇ ਮਾਰਿਆ ॥ ਠਾਕਿ ਰਹੇ ਮਨੁ ਸਾਚੈ ਧਾਰਿਆ ॥ ਅਵਰੁ ਨ ਸੂਝੈ ਗੁਰ ਕਉ ਵਾਰਿਆ ॥ ਨਾਨਕ ਨਾਮਿ ਰਤੇ ਨਿਸਤਾਰਿਆ ॥੪॥੩॥ {ਪੰਨਾ 795-796}

ਪਦਅਰਥ: ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ। ਨੀਸਾਨੁ = ਪਰਵਾਨਾ, ਰਾਹਦਾਰੀ। ਸੁਰਤਾ = ਸੁਣਨ ਵਾਲਾ। ਜਾਨੁ = ਜਾਣਨ ਵਾਲਾ। ਕਰਿ ਕਰਿ = ਸ੍ਰਿਸ਼ਟੀ ਰਚ ਰਚ ਕੇ। ਵੇਖੈ = ਸੰਭਾਲ ਕਰਦਾ ਹੈ। ਤਾਣੁ = ਤਾਕਤ, ਬਲ। ਪਰਵਾਣੁ = ਕਬੂਲ।੧।ਐਸਾ = ਏਹੋ ਜੇਹਾ ਹੀ (ਭਾਵ, ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰੱਖਣ ਵਾਲਾ) । ਨਿਰੰਜਨ = ਹੇ ਨਿਰਲੇਪ ਪ੍ਰਭੂ! ਦੇਉ = ਪ੍ਰਕਾਸ਼ = ਰੂਪ। ਹਉ = ਮੈਂ। ਜਾਚਿਕੁ = ਮੰਗਤਾ। ਅਲਖ = ਜਿਸ ਦਾ ਕੋਈ ਚਿਹਨ ਚੱਕ੍ਰ ਨਾਹ ਲੱਭ ਸਕੇ। ਅਭੇਉ = ਜਿਸ ਦਾ ਭੇਦ ਨਾ ਪਾਇਆ ਜਾ ਸਕੇ।੧।ਰਹਾਉ।ਧਰਕਟੀ ਨਾਰਿ = ਵਿਭਚਾਰਨ ਇਸਤ੍ਰੀ। ਭੂੰਡੀ = ਭੈੜੀ। ਕਾਮਣਿ = ਇਸਤ੍ਰੀ। ਕਾਮਣਿਆਰਿ = ਟੂਣੇ ਕਰਨ ਵਾਲੀ। ਝੂਠਾ = ਨਾਸਵੰਤ। ਦਿਨ ਚਾਰਿ = ਥੋੜ੍ਹੇ ਦਿਨ ਰਹਿਣ ਵਾਲਾ। ਅੰਧਿਆਰਿ = (ਮਾਇਆ ਦੇ ਮੋਹ ਦੇ) ਹਨੇਰੇ ਵਿਚ।੨।ਚਖਿ ਛੋਡੀ = ਪਰਖ ਵੇਖੀ ਹੈ {ਨੋਟ: ਲਫ਼ਜ਼ ‘ਛੋਡੀ’ ਦਾ ਭਾਵ ਸਮਝਣ ਵਾਸਤੇ ਵੇਖੋ “ਰਾਗ ਆਸਾ ਪਟੀ ਮ: ੧” ਵਿਚ ਆਇਆ ਲਫ਼ਜ਼ ‘ਛੋਡੀ’}। ਸਹਸਾ = ਸ਼ੱਕ। ਬਾਪੁ = ਪਿਉ। ਦਿਸੈ = ਹਰੇਕ ਨੂੰ ਪਤਾ ਹੋਵੇ, ਪ੍ਰਤੱਖ ਨਜ਼ਰੀਂ ਆਉਂਦਾ ਹੋਵੇ। ਵੇਜਾਤਿ = ਹਰਾਮੀ। ਏਕੇ ਕਉ = ਇੱਕ ਪ੍ਰਭੂ-ਪਿਤਾ ਵਾਲੇ ਨੂੰ।੩।ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ (ਜੁੜ ਕੇ) । ਮੁਏ = ਜੋ ਮਨੁੱਖ ਆਪਾ = ਭਾਵ ਵਲੋਂ ਮਰੇ ਹਨ। ਮਨ ਤੇ = ਮਨ ਤੋਂ, ਮਾਨਸਕ ਫੁਰਨਿਆਂ ਤੋਂ, ਮਾਇਕ ਫੁਰਨਿਆਂ ਵਲੋਂ। ਠਾਕਿ ਰਹੇ = ਠਾਕੇ ਰਹਿੰਦੇ ਹਨ, ਰੁਕੇ ਰਹਿੰਦੇ ਹਨ। ਸਾਚੈ = ਸੱਚੇ ਪ੍ਰਭੂ ਨੇ। ਧਾਰਿਆ = ਆਸਰਾ ਦਿੱਤਾ ਹੈ। ਵਾਰਿਆ = ਕੁਰਬਾਨ ਹੁੰਦੇ ਹਨ। ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ।੪।

ਅਰਥ: ਹੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਕਾਸ਼-ਰੂਪ ਪ੍ਰਭੂ! ਤੇਰਾ ਨਾਮ ਭੀ ਏਹੋ ਜੇਹਾ ਹੀ ਹੈ (ਜਿਹੋ ਜੇਹਾ ਤੂੰ ਆਪ ਹੈਂ। ਭਾਵ, ਤੇਰਾ ਨਾਮ ਭੀ ਮਾਇਆ ਦੇ ਮੋਹ ਤੋਂ ਬਚਾਂਦਾ ਹੈ) । ਹੇ ਪ੍ਰਭੂ! ਤੇਰਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ਲੱਭ ਸਕਦਾ, ਤੇਰਾ ਭੇਦ ਨਹੀਂ ਪਾਇਆ ਜਾ ਸਕਦਾ। ਮੈਂ (ਤੇਰੇ ਦਰ ਤੇ) ਮੰਗਤਾ ਹਾਂ (ਤੇ ਤੈਥੋਂ ਤੇਰੇ ਨਾਮ ਦੀ ਦਾਤਿ ਮੰਗਦਾ ਹਾਂ) ।੧।ਰਹਾਉ।(ਜਿਸ ਮਨੁੱਖ ਨੂੰ ਨਾਮ ਦੀ ਦਾਤਿ ਮਿਲ ਜਾਂਦੀ ਹੈ ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ) ਆਪ ਹੀ ਸਿਫ਼ਤਿ-ਸਾਲਾਹ ਹੈ (ਭਾਵ, ਜਿਥੇ ਉਸ ਦੀ ਸਿਫ਼ਤਿ-ਸਾਲਾਹ ਹੁੰਦੀ ਹੈ ਉਥੇ ਉਹ ਮੌਜੂਦ ਹੈ) , ਆਪ ਹੀ (ਜੀਵ ਵਾਸਤੇ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਪ੍ਰਭੂ ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣਨ ਵਾਲਾ ਹੈ, ਆਪ ਹੀ (ਜੀਵਾਂ ਦੇ ਦੁੱਖ-ਦਰਦ) ਜਾਣਨ ਵਾਲਾ ਹੈ। ਪ੍ਰਭੂ ਆਪ ਹੀ ਜਗਤ-ਰਚਨਾ ਰਚ ਕੇ ਆਪ ਹੀ ਆਪਣਾ (ਇਹ) ਬਲ ਵੇਖ ਰਿਹਾ ਹੈ।ਹੇ ਪ੍ਰਭੂ! ਤੂੰ (ਜੀਵਾਂ ਨੂੰ ਸਭ ਦਾਤਾਂ) ਦੇਣ ਵਾਲਾ ਹੈਂ, (ਜਿਸ ਨੂੰ ਤੂੰ ਆਪਣਾ ਨਾਮ ਬਖ਼ਸ਼ਦਾ ਹੈਂ, ਉਹ ਤੇਰੇ ਦਰ ਤੇ) ਕਬੂਲ ਹੋ ਜਾਂਦਾ ਹੈ।੧।

(ਨਾਮ ਜਪਣ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿ) ਮਾਇਆ ਦਾ ਮੋਹ ਇਕ ਵਿਭਚਾਰਨ ਇਸਤ੍ਰੀ ਦੇ ਮੋਹ ਸਮਾਨ ਹੈ, ਮਾਇਆ ਇਕ ਟੂਣੇ ਕਰਨ ਵਾਲੀ ਭੈੜੀ ਇਸਤ੍ਰੀ ਸਮਾਨ ਹੈ, ਦੁਨੀਆ ਦੀ ਹਕੂਮਤ ਤੇ ਸੁੰਦਰਤਾ ਨਾਸਵੰਤ ਹਨ, ਥੋੜੇ ਹੀ ਦਿਨ ਰਹਿਣ ਵਾਲੇ ਹਨ (ਪਰ ਇਹਨਾਂ ਦੇ ਅਸਰ ਹੇਠ ਮਨੁੱਖ ਜਹਾਲਤ ਦੇ ਹਨੇਰੇ ਵਿਚ ਜੀਵਨ ਵਿਚ ਜੀਵਨ-ਠੇਡੇ ਖਾਂਦਾ ਫਿਰਦਾ ਹੈ। ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿਲ ਜਾਂਦਾ ਹੈ, ਉਸ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਵਿਚ ਚਾਨਣ ਮਿਲ ਜਾਂਦਾ ਹੈ।੨।(ਇਹ ਗੱਲ ਚੰਗੀ ਤਰ੍ਹਾਂ) ਪਰਖ ਵੇਖੀ ਹੈ, ਜਿਸ ਵਿਚ ਕੋਈ ਸ਼ੱਕ ਨਹੀਂ ਕਿ ਜਿਸ ਦਾ ਪਿਉ ਪ੍ਰਤੱਖ ਦਿੱਸਦਾ ਹੋਵੇ ਉਹ ਭੈੜੇ ਅਸਲੇ ਵਾਲਾ ਨਹੀਂ ਅਖਵਾਂਦਾ (ਜੋ ਮਨੁੱਖ ਆਪਣੇ ਸਿਰ ਉਤੇ ਪਿਤਾ-ਪ੍ਰਭੂ ਨੂੰ ਰਾਖਾ ਮੰਨਦਾ ਹੈ ਉਹ ਵਿਕਾਰਾਂ ਵਲ ਨਹੀਂ ਪਰਤਦਾ) । ਇੱਕ ਪ੍ਰਭੂ-ਪਿਤਾ ਵਾਲੇ ਨੂੰ (ਕਿਸੇ ਤੋਂ) ਕੋਈ ਡਰ ਨਹੀਂ ਰਹਿੰਦਾ (ਕਿਉਂਕਿ ਉਸ ਨੂੰ) ਯਕੀਨ ਬਣਿਆ ਰਹਿੰਦਾ ਹੈ ਕਿ) ਉਹ ਪਰਮਾਤਮਾ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ।੩।ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਾ-ਭਾਵ ਮੁਕਾਂਦੇ ਹਨ ਆਪਣੇ ਮਨ ਨੂੰ ਮਾਇਕ ਫੁਰਨਿਆਂ ਵਲੋਂ ਰੋਕ ਲੈਂਦੇ ਹਨ, ਉਹ ਵਿਕਾਰਾਂ ਵਲੋਂ ਰੁਕੇ ਰਹਿੰਦੇ ਹਨ ਕਿਉਂਕਿ ਸੱਚਾ ਕਰਤਾਰ ਉਹਨਾਂ ਦੇ ਮਨ ਨੂੰ (ਆਪਣੇ ਨਾਮ ਦਾ) ਆਸਰਾ ਦੇਂਦਾ ਹੈ। ਮੈਂ ਗੁਰੂ ਤੋਂ ਸਦਕੇ ਹਾਂ, ਉਸ ਤੋਂ ਬਿਨਾ ਕੋਈ ਹੋਰ ਐਸਾ ਨਹੀਂ (ਜੋ ਮਨ ਨੂੰ ਪ੍ਰਭੂ ਵਿਚ ਜੋੜਨ ਲਈ ਸਹਾਇਤਾ ਕਰੇ) ।ਹੇ ਨਾਨਕ! ਪ੍ਰਭੂ-ਨਾਮ ਵਿਚ ਰੰਗੇ ਹੋਏ ਬੰਦਿਆਂ ਨੂੰ ਪ੍ਰਭੂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।੪।੩।