ਵੀਰਵਾਰ 3 ਜਨਵਰੀ 2019 (19 ਪੋਹ ਸੰਮਤ 550 ਨਾਨਕਸ਼ਾਹੀ)
ਸੂਹੀ ਮਹਲਾ ੫ ॥ ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ ॥ ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਊਤਮ ਬਾਣੀ ॥ ਸਹਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ ॥ ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ ॥ ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣਿ ਆਈ ॥੧॥ {ਅੰਗ 781}
ਪਦਅਰਥ: ਹਰਿ ਜਪੇ = ਹਰੀ ਦਾ ਨਾਮ ਜਪਣ ਲਈ। ਮੰਦਰੁ = ਘਰ। ਹਰਿ ਸਾਜਿਆ = ਹਰੀ ਨੇ ਬਣਾਇਆ ਹੈ। ਗਾਵਹਿ = ਗਾਂਦੇ ਹਨ। ਸਿਮਰਿ = ਸਿਮਰ ਕੇ। ਸਗਲੇ = ਸਾਰੇ। ਤਜਾਵਹਿ = ਦੂਰ ਕਰਾ ਲੈਂਦੇ ਹਨ। ਗਾਇ = ਗਾ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਸਹਜ ਕਥਾ = ਆਤਮਕ ਅਡੋਲਤਾ ਪੈਦਾ ਕਰਨ ਵਾਲੀ ਕਥਾ। ਕਥਾ = ਸਿਫ਼ਤਿ-ਸਾਲਾਹ। ਕਥੀ = (ਸੰਤ ਜਨਾਂ ਨੇ) ਬਿਆਨ ਕੀਤੀ। ਅਕਥ = ਅ = ਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਕਥ ਕਹਾਣੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ। ਭਲਾ = ਸ਼ੁਭ। ਸੰਜੋਗੁ = ਮਿਲਾਪ (ਦਾ ਸਮਾ) । ਮੂਰਤੁ = ਮੁਹੂਰਤ। ਸਾਚਾ = ਸਦਾ-ਥਿਰ ਰਹਿਣ ਵਾਲਾ। ਅਬਿਚਲ = ਨਾਹ ਹਿੱਲਣ ਵਾਲੀ। ਨੀਵ = ਨੀਂਹ। ਅਬਿਚਲ ਨੀਵ = ਕਦੇ ਨਾਹ ਹਿੱਲਣ ਵਾਲੀ ਨੀਂਹ, ਬਹੁਤ ਹੀ ਪੱਕੀ ਨੀਂਹ, ਸਿਫ਼ਤਿ-ਸਾਲਾਹ ਦੀ ਪੱਕੀ ਨੀਂਹ। ਕਲਾ = ਸੱਤਾ, ਤਾਕਤ।੧।
ਅਰਥ: ਹੇ ਭਾਈ! ਮਨੁੱਖ ਦਾ ਇਹ ਸਰੀਰ-) ਘਰ ਪਰਮਾਤਮਾ ਨੇ ਨਾਮ ਜਪਣ ਲਈ ਬਣਾਇਆ ਹੈ, (ਇਸ ਘਰ ਵਿਚ) ਸੰਤ-ਜਨ ਭਗਤ-ਜਨ (ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ। ਆਪਣੇ ਮਾਲਕ-ਪ੍ਰਭੂ (ਦਾ ਨਾਮ) ਹਰ ਵੇਲੇ ਸਿਮਰ ਸਿਮਰ ਕੇ (ਸੰਤ ਜਨ ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰਾ ਲੈਂਦੇ ਹਨ।
ਹੇ ਭਾਈ! ਇਸ ਸਰੀਰ-ਘਰ ਵਿਚ ਸੰਤ ਜਨਾਂ ਨੇ) ਪਰਮਾਤਮਾ ਦੀ ਪਵਿੱਤਰ ਸਿਫ਼ਤਿ-ਸਾਲਾਹ ਦੀ ਬਾਣੀ ਗਾ ਕੇ, ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕੀਤਾ ਹੈ। (ਇਸ ਸਰੀਰ-ਘਰ ਵਿਚ ਸੰਤ-ਜਨਾਂ ਨੇ) ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੍ਰਭੂ ਦੀ ਅਤਿ ਮਿੱਠੀ ਸਿਫ਼ਤਿ-ਸਾਲਾਹ ਕੀਤੀ ਹੈ ਜੋ ਆਤਮਕ ਅਡੋਲਤਾ ਪੈਦਾ ਕਰਦੀ ਹੈ।
ਹੇ ਦਾਸ ਨਾਨਕ! ਜਿਸ ਮਨੁੱਖ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ (ਉਸ ਦੇ ਸਰੀਰ-ਘਰ ਵਿਚ ਉਹ) ਸ਼ੁਭ ਸੰਜੋਗ ਆ ਬਣਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੁਹੂਰਤ ਆ ਬਣਦਾ ਹੈ ਜਦੋਂ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ ਰੱਖੀ ਜਾਂਦੀ ਹੈ (ਤੇ, ਜਿਸ ਦੇ ਅੰਦਰ ਇਹ ਨੀਂਹ ਰੱਖੀ ਜਾਂਦੀ ਹੈ, ਉਸ ਦੇ ਅੰਦਰ) ਤਕੜੀ ਆਤਮਕ ਤਾਕਤ ਪੈਦਾ ਹੋ ਜਾਂਦੀ ਹੈ।
ਆਨੰਦਾ ਵਜਹਿ ਨਿਤ ਵਾਜੇ ਪਾਰਬ੍ਰਹਮੁ ਮਨਿ ਵੂਠਾ ਰਾਮ ॥ ਗੁਰਮੁਖੇ ਸਚੁ ਕਰਣੀ ਸਾਰੀ ਬਿਨਸੇ ਭ੍ਰਮ ਭੈ ਝੂਠਾ ਰਾਮ ॥ ਅਨਹਦ ਬਾਣੀ ਗੁਰਮੁਖਿ ਵਖਾਣੀ ਜਸੁ ਸੁਣਿ ਸੁਣਿ ਮਨੁ ਤਨੁ ਹਰਿਆ ॥ ਸਰਬ ਸੁਖਾ ਤਿਸ ਹੀ ਬਣਿ ਆਏ ਜੋ ਪ੍ਰਭਿ ਅਪਨਾ ਕਰਿਆ ॥ ਘਰ ਮਹਿ ਨਵ ਨਿਧਿ ਭਰੇ ਭੰਡਾਰਾ ਰਾਮ ਨਾਮਿ ਰੰਗੁ ਲਾਗਾ ॥ ਨਾਨਕ ਜਨ ਪ੍ਰਭੁ ਕਦੇ ਨ ਵਿਸਰੈ ਪੂਰਨ ਜਾ ਕੇ ਭਾਗਾ ॥੨॥ {ਪੰਨਾ 781}
ਪਦਅਰਥ: ਨਿਤ = ਸਦਾ। ਵਜਹਿ = ਵੱਜਦੇ ਰਹਿੰਦੇ ਹਨ। ਮਨਿ = (ਜਿਸ ਮਨੁੱਖ ਦੇ) ਮਨ ਵਿਚ। ਵੂਠਾ = ਆ ਵੱਸਦਾ ਹੈ। ਗੁਰਮੁਖੇ = ਗੁਰੂ ਦੇ ਸਨਮੁਖ ਰਹਿ ਕੇ। ਸਚੁ = ਸਦਾ-ਥਿਰ ਹਰਿ = ਨਾਮ ਦਾ ਸਿਮਰਨ। ਸਾਰੀ = ਸ਼੍ਰੇਸ਼ਟ। ਕਰਣੀ = ਕਰਤੱਬ। ਭੈ = ਸਾਰੇ ਡਰ {ਲਫ਼ਜ਼ ‘ਭਉ‘ ਤੋਂ ਬਹੁ-ਵਚਨ}। ਅਨਹਦ = ਇਕ-ਰਸ। ਵਖਾਣੀ = ਉਚਾਰੀ, ਉਚਾਰਦਾ ਹੈ। ਜਸੁ = ਸਿਫ਼ਤਿ-ਸਾਲਾਹ। ਸੁਣਿ = ਸੁਣ ਕੇ। ਹਰਿਆ = ਹਰਾ = ਭਰਾ, ਆਤਮਕ ਜੀਵਨ ਵਾਲਾ। ਤਿਸ ਹੀ = {ਕ੍ਰਿਆ = ਵਿਸ਼ੇਸ਼ਣ ‘ਹੀ‘ ਦੇ ਕਾਰਨ ਲਫ਼ਜ਼ ‘ਤਿਸੁ‘ ਦਾ ੁ ਉੱਡ ਗਿਆ ਹੈ}। ਪ੍ਰਭਿ = ਪ੍ਰਭੂ ਨੇ। ਨਵ ਨਿਧਿ = ਨੌ ਖ਼ਜ਼ਾਨੇ, ਧਰਤੀ ਦੇ ਸਾਰੇ ਖ਼ਜ਼ਾਨੇ। ਨਾਮਿ = ਨਾਮ ਵਿਚ। ਰੰਗੁ = ਪਿਆਰ। ਜਾ ਕੇ = ਜਿਸ ਜਨ ਦੇ।੨।
ਅਰਥ: ਹੇ ਭਾਈ! ਸਿਫ਼ਤਿ-ਸਾਲਾਹ ਦੀ ‘ਅਬਿਚਲ ਨੀਵ‘ ਦੀ ਬਰਕਤਿ ਨਾਲ ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਆ ਵੱਸਦਾ ਹੈ (ਉਸ ਦੇ ਸਰੀਰ-ਮੰਦਰ ਵਿਚ ਆਤਮਕ) ਆਨੰਦ ਦੇ ਸਦਾ (ਮਾਨੋ,) ਵਾਜੇ ਵੱਜਦੇ ਰਹਿੰਦੇ ਹਨ, (ਉਸ ਦੇ ਸਰਰਿ-ਘਰ ਵਿਚੋਂ) ਸਾਰੇ ਭਰਮ ਡਰ ਝੂਠ ਨਾਸ ਹੋ ਜਾਂਦੇ ਹਨ, ਗੁਰੂ ਦੇ ਸਨਮੁਖ ਰਹਿ ਕੇ ਸਦਾ-ਥਿਰ ਹਰਿ-ਨਾਮ ਸਿਮਰਨਾ (ਉਸ ਮਨੁੱਖ ਦਾ) ਸ਼੍ਰੇਸ਼ਟ ਕਰਤੱਬ ਬਣ ਜਾਂਦਾ ਹੈ।
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਉਹ ਮਨੁੱਖ ਸਦਾ ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪਣਾ (ਪਿਆਰਾ) ਬਣਾ ਲਿਆ, ਸਾਰੇ ਸੁਖ ਉਸ ਦੇ ਅੰਦਰ ਆ ਇਕੱਠੇ ਹੋਏ। ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਦੇ (ਹਿਰਦੇ-) ਘਰ ਵਿਚ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨਿਆਂ ਦੇ ਭੰਡਾਰੇ ਭਰ ਜਾਂਦੇ ਹਨ।
ਹੇ ਨਾਨਕ! ਜਿਸ ਦਾਸ ਦੇ ਪੂਰੇ ਭਾਗ ਜਾਗ ਪੈਂਦੇ ਹਨ, ਉਸ ਨੂੰ ਪਰਮਾਤਮਾ ਕਦੇ ਨਹੀਂ ਭੁੱਲਦਾ।੨।
ਛਾਇਆ ਪ੍ਰਭਿ ਛਤ੍ਰਪਤਿ ਕੀਨ੍ਹ੍ਹੀ ਸਗਲੀ ਤਪਤਿ ਬਿਨਾਸੀ ਰਾਮ ॥ ਦੂਖ ਪਾਪ ਕਾ ਡੇਰਾ ਢਾਠਾ ਕਾਰਜੁ ਆਇਆ ਰਾਸੀ ਰਾਮ ॥ ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ ਸਾਚੁ ਧਰਮੁ ਪੁੰਨੁ ਫਲਿਆ ॥ ਸੋ ਪ੍ਰਭੁ ਅਪੁਨਾ ਸਦਾ ਧਿਆਈਐ ਸੋਵਤ ਬੈਸਤ ਖਲਿਆ ॥ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲਿ ਥਲਿ ਮਹੀਅਲਿ ਸੋਈ ॥ ਜਨ ਨਾਨਕ ਪ੍ਰਭ ਕੀ ਸਰਣਾਈ ਤਿਸੁ ਬਿਨੁ ਅਵਰੁ ਨ ਕੋਈ ॥੩॥ {ਪੰਨਾ 781-782}
ਪਦਅਰਥ: ਛਾਇਆ = ਛਾਂ। ਪ੍ਰਭਿ = ਪ੍ਰਭੂ ਨੇ। ਛਤ੍ਰਪਤਿ = ਪਾਤਿਸ਼ਾਹ। ਪ੍ਰਭਿ ਛਤ੍ਰਪਤਿ = ਪ੍ਰਭੂ ਪਾਤਿਸ਼ਾਹ ਨੇ। ਸਗਲੀ = ਸਾਰੀ। ਤਪਤਿ = ਤਪਸ਼, ਸੜਨ। ਢਾਠਾ = ਢਹਿ ਗਿਆ। ਕਾਰਜੁ = ਜੀਵਨ = ਮਨੋਰਥ। ਆਇਆ ਰਾਸੀ = ਕਾਮਯਾਬ ਹੋ ਗਿਆ। ਸਾਚੁ ਧਰਮੁ = ਸਦਾ-ਥਿਰ ਹਰਿ = ਨਾਮ ਸਿਮਰਨ (ਵਾਲਾ) ਧਰਮ। ਸਾਚੁ ਪੁੰਨੁ = ਸਦਾ-ਥਿਰ ਹਰਿ = ਨਾਮ ਸਿਮਰਨ (ਵਾਲਾ) ਨੇਕ ਕਰਮ। ਫਲਿਆ = ਵਧਣਾ ਸ਼ੁਰੂ ਹੋਇਆ।
ਧਿਆਈਐ = ਸਿਮਰਨਾ ਚਾਹੀਦਾ ਹੈ। ਸੋਵਤ ਬੈਸਤ ਖਲਿਆ = ਸੁੱਤਿਆਂ, ਬੈਠਿਆਂ, ਖਲੋਤਿਆਂ। ਨਿਧਾਨ = ਖ਼ਜ਼ਾਨਾ। ਸਾਗਰੁ = ਸਮੁੰਦਰ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੀ ਤਹ ਉੱਤੇ, ਪੁਲਾੜ ਵਿਚ, ਆਕਾਸ਼ ਵਿਚ।੩।
ਅਰਥ: ਹੇ ਭਾਈ! ਪ੍ਰਭੂ-ਪਾਤਿਸ਼ਾਹ ਨੇ (ਜਿਸ ਮਨੁੱਖ ਦੇ ਸਿਰ ਉਤੇ) ਆਪਣਾ ਹੱਥ ਰੱਖਿਆ, (ਉਸ ਦੇ ਅੰਦਰੋਂ ਵਿਕਾਰਾਂ ਦੀ) ਸਾਰੀ ਸੜਨ ਨਾਸ ਹੋ ਗਈ, (ਉਸ ਦੇ ਅੰਦਰੋਂ) ਦੁੱਖਾਂ ਦਾ ਵਿਕਾਰਾਂ ਦਾ ਅੱਡਾ ਹੀ ਢਹਿ ਗਿਆ, ਉਸ ਮਨੁੱਖ ਦਾ ਜੀਵਨ-ਮਨੋਰਥ ਕਾਮਯਾਬ ਹੋ ਗਿਆ। ਹਰੀ ਪ੍ਰਭੂ ਨੇ ਹੁਕਮ ਦੇ ਦਿੱਤਾ (ਤੇ, ਉਸ ਮਨੁੱਖ ਦੇ ਅੰਦਰੋਂ ਮਾਇਆ) ਬਲਾ (ਦਾ ਪ੍ਰਭਾਵ) ਮੁੱਕ ਗਿਆ, ਸਦਾ-ਥਿਰ ਹਰਿ-ਨਾਮ ਸਿਮਰਨ ਦਾ ਧਰਮ ਪੁੰਨ (ਉਸ ਦੇ ਅੰਦਰ) ਵਧਣਾ ਸ਼ੁਰੂ ਹੋ ਗਿਆ।
ਹੇ ਭਾਈ! ਸੁੱਤਿਆਂ ਬੈਠਿਆਂ ਖਲੋਤਿਆਂ (ਹਰ ਵੇਲੇ) ਉਸ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ। ਹੇ ਦਾਸ ਨਾਨਕ! (ਜਿਹੜਾ ਮਨੁੱਖ ਧਿਆਨ ਧਰਦਾ ਹੈ, ਉਸ ਨੂੰ) ਉਹ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਸੁਖਾਂ ਦਾ ਸਮੁੰਦਰ ਪ੍ਰਭੂ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ (ਹਰ ਥਾਂ ਵਿਆਪਕ ਦਿੱਸਦਾ ਹੈ) , ਉਹ ਮਨੁੱਖ ਪ੍ਰਭੂ ਦੀ ਸਰਨ ਹੀ ਪਿਆ ਰਹਿੰਦਾ ਹੈ, ਉਸ (ਪ੍ਰਭੂ) ਤੋਂ ਬਿਨਾ ਉਸ ਨੂੰ ਕੋਈ ਹੋਰ ਆਸਰਾ ਨਹੀਂ ਦਿੱਸਦਾ।੩।
ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ ॥ ਮੇਰਾ ਮਨੁ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰਿ ਗਾਇਆ ਰਾਮ ॥ ਗੁਣ ਗਾਇ ਪ੍ਰਭੂ ਧਿਆਇ ਸਾਚਾ ਸਗਲ ਇਛਾ ਪਾਈਆ ॥ ਗੁਰ ਚਰਣ ਲਾਗੇ ਸਦਾ ਜਾਗੇ ਮਨਿ ਵਜੀਆ ਵਾਧਾਈਆ ॥ ਕਰੀ ਨਦਰਿ ਸੁਆਮੀ ਸੁਖਹ ਗਾਮੀ ਹਲਤੁ ਪਲਤੁ ਸਵਾਰਿਆ ॥ ਬਿਨਵੰਤਿ ਨਾਨਕ ਨਿਤ ਨਾਮੁ ਜਪੀਐ ਜੀਉ ਪਿੰਡੁ ਜਿਨਿ ਧਾਰਿਆ ॥੪॥੪॥੭॥{ਪੰਨਾ 782}
ਪਦਅਰਥ: ਘਰੁ = (ਸਰੀਰ-) ਘਰ। ਬਨਿਆ = ਸੋਹਣਾ ਬਣ ਗਿਆ ਹੈ। ਬਨੁ = ਬਾਗ਼ (ਸਰੀਰ) । ਤਾਲੁ = (ਹਿਰਦਾ-) ਤਾਲਾਬ। ਪ੍ਰਭ ਪਰਸੇ = ਜਦੋਂ ਪ੍ਰਭੂ (ਦੇ ਚਰਨ) ਛੋਹੇ। ਹਰਿ ਰਾਇਆ = ਪ੍ਰਭੂ ਪਾਤਿਸ਼ਾਹ। ਸੋਹਿਆ = ਸੋਹਣਾ ਬਣ ਗਿਆ। ਮੀਤ ਸਾਜਨ = ਮੇਰੇ ਮਿੱਤਰ ਸੱਜਣ, ਮੇਰੇ ਸਾਰੇ ਗਿਆਨ = ਇੰਦ੍ਰੇ। ਸਰਸੇ = ਆਤਮਕ ਰਸ ਵਾਲੇ ਹੋ ਗਏ ਹਨ, ਆਤਮਕ ਜੀਵਨ ਵਾਲੇ ਬਣ ਗਏ ਹਨ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ।
ਗਾਇ = ਗਾ ਕੇ। ਧਿਆਇ = ਸਿਮਰ ਕੇ। ਸਾਚਾ = ਸਦਾ-ਥਿਰ ਪ੍ਰਭੂ। ਸਗਲ = ਸਾਰੀਆਂ। ਜਾਗੇ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ਗਏ। ਮਨਿ = ਮਨ ਵਿਚ। ਵਜੀਆ ਵਾਧਾਈਆ = ਉਤਸ਼ਾਹ ਬਣਿਆ ਰਹਿਣ ਲੱਗ ਪਿਆ। ਕਰੀ = ਕੀਤੀ। ਨਦਰਿ = ਮਿਹਰ ਦੀ ਨਿਗਾਹ। ਸੁਖਹ ਗਾਮੀ = ਸੁਖ ਅਪੜਾਣ ਵਾਲੇ ਨੇ। ਹਲਤੁ = ਇਹ ਲੋਕ। ਪਲਤੁ = ਪਰਲੋਕ। ਜਪੀਐ = ਜਪਣਾ ਚਾਹੀਦਾ ਹੈ। ਜਿਉ = ਜਿੰਦ। ਪਿੰਡੁ = ਸਰੀਰ। ਜਿਨਿ = ਜਿਸ (ਪਰਮਾਤਮਾ) ਨੇ।੪।
ਅਰਥ: ਹੇ ਭਾਈ! ਜਦੋਂ ਦੇ) ਪ੍ਰਭੂ-ਪਾਤਿਸ਼ਾਹ ਦੇ ਚਰਨ ਪਰਸੇ ਹਨ, ਮੇਰਾ ਸਰੀਰ ਮੇਰਾ ਹਿਰਦਾ (ਸਭ ਕੁਝ) ਸੋਹਣਾ (ਸੋਹਣੀ ਆਤਮਕ ਰੰਗਣ ਵਾਲਾ) ਬਣ ਗਿਆ ਹੈ (ਜਦੋਂ ਤੋਂ) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ, ਮੇਰਾ ਮਨ ਸੋਹਣਾ (ਸੋਹਣੇ ਸੰਸਕਾਰਾਂ ਵਾਲਾ) ਹੋ ਗਿਆ ਹੈ, ਮੇਰੇ ਸਾਰੇ ਮਿੱਤਰ (ਸਾਰੇ ਗਿਆਨ-ਇੰਦ੍ਰੇ) ਆਤਮਕ ਜੀਵਨ ਵਾਲੇ ਬਣ ਗਏ ਹਨ।
ਹੇ ਭਾਈ! ਪ੍ਰਭੂ ਦੇ ਗੁਣ ਗਾ ਕੇ ਸਦਾ-ਥਿਰ ਹਰੀ ਦਾ ਨਾਮ ਸਿਮਰ ਕੇ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ। ਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹ (ਮਾਇਆ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦੇ ਹਨ, ਉਹਨਾਂ ਦੇ ਅੰਦਰ ਉਤਸ਼ਾਹ-ਭਰਿਆ ਆਤਮਕ ਜੀਵਨ ਬਣਿਆ ਰਹਿੰਦਾ ਹੈ।
ਹੇ ਭਾਈ! ਸੁਖਾਂ ਦੇ ਦਾਤੇ ਮਾਲਕ-ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮਿਹਰ ਦੀ ਨਿਗਾਹ ਕੀਤੀ, (ਉਸ ਦਾ ਉਸ ਨੇ) ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦਿੱਤਾ। ਨਾਨਕ ਬੇਨਤੀ ਕਰਦਾ ਹੈ-ਹੇ ਭਾਈ! ਜਿਸ (ਪਰਮਾਤਮਾ) ਨੇ ਇਹ ਜਿੰਦ ਤੇ ਇਹ ਸਰੀਰ ਟਿਕਾ ਰੱਖਿਆ ਹੈ, ਉਸ ਦਾ ਨਾਮ ਸਦਾ ਜਪਣਾ ਚਾਹੀਦਾ ਹੈ।੪।੪।੭।