Today’s Hukamnama from Gurdwara Baoli Sahib Goindwal

48

ਬੁੱਧਵਾਰ 22 ਮਈ 2019 (8 ਜੇਠ ਸੰਮਤ 551 ਨਾਨਕਸ਼ਾਹੀ)

ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ    ੴ ਸਤਿਗੁਰ ਪ੍ਰਸਾਦਿ ॥ ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥ ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥੧॥ ਰਾਮ ਰਾਇ ਹੋਹਿ ਬੈਦ ਬਨਵਾਰੀ ॥ ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥ ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥ ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥੨॥ ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥ ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥ {ਪੰਨਾ 659}

ਪਦਅਰਥ: ਨੈਨਹੁ = ਅੱਖਾਂ ਵਿਚੋਂ। ਨੀਰੁ = ਪਾਣੀ। ਖੀਨਾ = ਕਮਜ਼ੋਰ, ਲਿੱਸਾ। ਦੁਧਵਾਨੀ = ਦੁੱਧ ਦੇ ਵੰਨ ਦੇ, ਦੁੱਧ ਵਰਗੇ ਚਿੱਟੇ। ਰੂਧਾ = ਰੁਕਿਆ ਹੋਇਆ (ਕਫ ਨਾਲ) । ਕੰਠੁ = ਗਲਾ। ਪਰਾਨੀ = ਹੇ ਜੀਵ!।੧।ਹੋਹਿ = ਜੇ ਤੂੰ ਹੋਵੇਂ, ਜੇ ਤੂੰ ਬਣੇਂ। ਬਨਵਾਰੀ = {Skt. वनमालिन् adorned with a chaplet of wood flowers. ਜੰਗਲੀ ਫੁੱਲਾਂ ਦੀ ਮਾਲਾ ਪਾਣ ਵਾਲਾ। An epithet of Krishna} ਪਰਮਾਤਮਾ। ਲੇਹੁ ਉਬਾਰੀ = ਬਚਾ ਲੈਂਦੇ ਹੋ।ਰਹਾਉ।ਸਰੀਰਿ = ਸਰੀਰ ਵਿਚ। ਜਲਨਿ = ਸੜਨ। ਕਰਕ = ਦਰਦ। ਬੇਦਨ = ਰੋਗ। ਖਰੀ ਬੇਦਨ = ਵਡਾ ਰੋਗ। ਵਾ ਕਾ = ਉਸ ਦਾ। ਅਉਖਧੁ = ਦਾਰੂ, ਦਵਾਈ।੨।ਜਗਿ = ਜਗਤ ਵਿਚ। ਸਾਰਾ = ਸ੍ਰੇਸ਼ਟ। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਪਾਵਉ = ਮੈਂ ਹਾਸਲ ਕਰਦਾ ਹਾਂ, ਮੈਂ ਪ੍ਰਾਪਤ ਕਰ ਲਿਆ ਹੈ। ਮੋਖ = ਮੁਕਤੀ, ਸਰੀਰਕ ਮੋਹ ਤੋਂ ਖ਼ਲਾਸੀ ਦੇਹ = ਅੱਧਿਆਸ ਤੋਂ ਅਜ਼ਾਦੀ।ਮੋਖ ਦੁਆਰਾ = ਮੁਕਤੀ ਦਾ ਰਸਤਾ, ਉਹ ਤਰੀਕਾ ਜਿਸ ਨਾਲ ਸਰੀਰਕ ਮੋਹ ਤੋਂ ਖ਼ਲਾਸੀ ਹੋ ਜਾਏ।੩।

ਅਰਥ: ਹੇ ਸੋਹਣੇ ਰਾਮ! ਹੇ ਪ੍ਰਭੂ! ਜੇ ਤੂੰ ਹਕੀਮ ਬਣੇਂ ਤਾਂ ਤੂੰ ਆਪਣੇ ਸੰਤਾਂ ਨੂੰ (ਦੇਹ-ਅੱਧਿਆਸ ਤੋਂ) ਬਚਾ ਲੈਂਦਾ ਹੈਂ (ਭਾਵ, ਤੂੰ ਆਪ ਹੀ ਹਕੀਮ ਬਣ ਕੇ ਸੰਤਾਂ ਨੂੰ ਦੇਹ-ਅੱਧਿਆਸ ਤੋਂ ਬਚਾ ਲੈਂਦਾ ਹੈਂ) ।੧।ਰਹਾਉ।ਹੇ ਜੀਵ! ਬਿਰਧ ਅਵਸਥਾ ਵਿਚ ਕਮਜ਼ੋਰ ਹੋਣ ਕਰਕੇ) ਤੇਰੀਆਂ ਅੱਖਾਂ ਵਿਚੋਂ ਪਾਣੀ ਵਗ ਰਿਹਾ ਹੈ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਤੇਰੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਹਨ, ਤੇਰਾ ਗਲਾ (ਕਫ ਨਾਲ) ਰੁਕਣ ਕਰਕੇ ਬੋਲ ਨਹੀਂ ਸਕਦਾ; ਅਜੇ (ਭੀ) ਤੂੰ ਕੀਹ ਕਰ ਰਿਹਾ ਹੈਂ? (ਭਾਵ, ਹੁਣ ਭੀ ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ? ਤੂੰ ਕਿਉਂ ਸਰੀਰ ਦੇ ਮੋਹ ਵਿਚ ਫਸਿਆ ਪਿਆ ਹੈਂ? ਤੂੰ ਕਿਉਂ ਦੇਹ-ਅੱਧਿਆਸ ਨਹੀਂ ਛੱਡਦਾ?) ।੧।

ਹੇ ਪ੍ਰਾਣੀ! ਬਿਰਧ ਹੋਣ ਦੇ ਕਾਰਨ) ਤੇਰੇ ਸਿਰ ਵਿਚ ਪੀੜ ਟਿਕੀ ਰਹਿੰਦੀ ਹੈ, ਸਰੀਰ ਵਿਚ ਸੜਨ ਰਹਿੰਦੀ ਹੈ, ਕਲੇਜੇ ਵਿਚ ਦਰਦ ਉਠਦੀ ਹੈ (ਕਿਸ ਕਿਸ ਅੰਗ ਦਾ ਫ਼ਿਕਰ ਕਰੀਏ? ਸਾਰੇ ਹੀ ਜਿਸਮ ਵਿਚ ਬੁਢੇਪੇ ਦਾ) ਇੱਕ ਐਸਾ ਵੱਡਾ ਰੋਗ ਉੱਠ ਖਲੋਤਾ ਹੈ ਕਿ ਇਸ ਦਾ ਕੋਈ ਇਲਾਜ ਨਹੀਂ ਹੈ (ਫਿਰ ਭੀ ਇਸ ਸਰੀਰ ਨਾਲੋਂ ਤੇਰਾ ਮੋਹ ਨਹੀਂ ਮਿਟਦਾ) ।੨।(ਇਸ ਸਰੀਰਕ ਮੋਹ ਨੂੰ ਮਿਟਾਣ ਦਾ) ਇੱਕੋ ਹੀ ਸ੍ਰੇਸ਼ਟ ਇਲਾਜ ਜਗਤ ਵਿਚ ਹੈ, ਉਹ ਹੈ ਪ੍ਰਭੂ ਦਾ ਨਾਮ-ਰੂਪ ਅੰਮ੍ਰਿਤ, ਪਰਮਾਤਮਾ ਦਾ ਨਾਮ-ਰੂਪ ਨਿਰਮਲ ਜਲ। ਦਾਸ ਭੀਖਣ ਆਖਦਾ ਹੈ-(ਆਪਣੇ) ਗੁਰੂ ਦੀ ਕਿਰਪਾ ਨਾਲ ਮੈਂ ਇਹ ਨਾਮ ਜਪਣ ਦਾ ਰਸਤਾ ਲੱਭ ਲਿਆ ਹੈ, ਜਿਸ ਕਰਕੇ ਮੈਂ ਸਰੀਰਕ ਮੋਹ ਤੋਂ ਖ਼ਲਾਸੀ ਪਾ ਲਈ ਹੈ।੩।੧।

ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥ ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥੧॥ ਹਰਿ ਗੁਨ ਕਹਤੇ ਕਹਨੁ ਨ ਜਾਈ ॥ ਜੈਸੇ ਗੂੰਗੇ ਕੀ ਮਿਠਿਆਈ ॥੧॥ ਰਹਾਉ ॥ ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ ॥ ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥੨॥੨॥ {ਪੰਨਾ 659}

ਪਦਅਰਥ: ਨਿਰਮੋਲਕੁ = ਜਿਸ ਦਾ ਮੁੱਲ ਨਹੀਂ ਪੈ ਸਕਦਾ, ਜੋ ਕਿਸੇ ਮੁੱਲ ਨਹੀਂ ਮਿਲ ਸਕਦਾ। ਪੁੰਨਿ = ਪੁੰਨ ਨਾਲ, ਭਾਗਾਂ ਨਾਲ। ਪਾਇਆ = ਪਾਈਦਾ ਹੈ, ਮਿਲਦਾ ਹੈ।੧।ਕਹਨੁ ਨ ਜਾਈ = (ਸੁਆਦ) ਦੱਸਿਆ ਨਹੀਂ ਜਾ ਸਕਦਾ।ਰਹਾਉ।ਰਸਨਾ = ਜੀਭ। ਰਮਤ = ਜਪਦਿਆਂ। ਸ੍ਰਵਨਾ = ਕੰਨਾਂ ਨੂੰ। ਚੇਤੇ = ਯਾਦ ਕਰਦਿਆਂ। ਹੋਈ = ਹੁੰਦਾ ਹੈ। ਕਹੁ = ਆਖ। ਭੀਖਨ = ਹੇ ਭੀਖਨ! ਸੰਤੋਖੇ = ਸ਼ਾਂਤ ਹੋ ਗਏ ਹਨ, ਠੰਡ ਪੈ ਗਈ ਹੈ। ਦੇਖਾਂ = ਮੈਂ ਵੇਖਦਾ ਹਾਂ। ਤਹ = ਉਧਰ ਹੀ।੨।

ਅਰਥ: ਪਰਮਾਤਮਾ ਦਾ ਨਾਮ ਇਕ ਐਸਾ ਅਮੋਲਕ ਪਦਾਰਥ ਹੈ ਜੋ ਭਾਗਾਂ ਨਾਲ ਮਿਲਦਾ ਹੈ। ਇਸ ਰਤਨ ਨੂੰ ਜੇ ਅਨੇਕਾਂ ਜਤਨ ਕਰ ਕੇ ਭੀ ਹਿਰਦੇ ਵਿਚ (ਗੁਪਤ) ਰੱਖਏ, ਤਾਂ ਭੀ ਲੁਕਾਇਆਂ ਇਹ ਲੁਕਦਾ ਨਹੀਂ।੧।(ਉਂਞ ਉਹ ਸੁਆਦ) ਦੱਸਿਆ ਨਹੀਂ ਜਾ ਸਕਦਾ (ਜੋ) ਪਰਮਾਤਮਾ ਦੇ ਗੁਣ ਗਾਉਂਦਿਆਂ (ਆਉਂਦਾ ਹੈ) , ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਠਿਆਈ (ਦਾ ਸੁਆਦ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ, ਗੁੰਗਾ ਦੱਸ ਨਹੀਂ ਸਕਦਾ) ।੧।ਰਹਾਉ।(ਇਹ ਰਤਨ-ਨਾਮ) ਜਪਦਿਆਂ ਜੀਭ ਨੂੰ ਸੁਖ ਮਿਲਦਾ ਹੈ, ਸੁਣਦਿਆਂ ਕੰਨਾਂ ਨੂੰ ਸੁਖ ਮਿਲਦਾ ਹੈ ਤੇ ਚੇਤਦਿਆਂ ਚਿੱਤ ਨੂੰ ਸੁਖ ਪ੍ਰਾਪਤ ਹੁੰਦਾ ਹੈ। ਹੇ ਭੀਖਨ! ਤੂੰ ਭੀ) ਆਖ-(ਇਹ ਨਾਮ ਸਿਮਰਦਿਆਂ) ਮੇਰੀਆਂ ਦੋਹਾਂ ਅੱਖਾਂ ਵਿਚ (ਐਸੀ) ਠੰਢ ਪਈ ਹੈ ਕਿ ਮੈਂ ਜਿੱਧਰ ਤੱਕਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ।੨।੨।

ਨੋਟ: ਭਗਤ-ਬਾਣੀ ਦੇ ਵਿਰੋਧੀ ਸੱਜਣ ਭਗਤ ਭੀਖਨ ਜੀ ਬਾਰੇ ਇਉਂ ਲਿਖਦੇ ਹਨ “ਦਸਿਆ ਹੈ ਕਿ ਭਗਤ ਭੀਖਨ ਜੀ ਇਬਰਾਹੀਮ ਦੇ ਸ਼ਿਸ਼ ਸਨ, ਪਰ ਇਹ ਖੋਜ ਸੱਚੀ ਸਿਧ ਨਹੀਂ ਹੁੰਦੀ। ਆਮ ਤੌਰ ਪਰ ਇਹਨਾਂ ਦੇ ਦੇਹਾਂਤ ਸੰਮਤ ੧੬੨੫ ਦੇ ਗਿਰਦੇ ਮੰਨੀਦਾ ਹੈ। ਵਾਸਤਵ ਵਿਚ ਭੀਖਨ ਜੀ ਕੋਈ ਬੇ-ਮਲੂਮ ਜਿਹੇ ਭਗਤ ਜਾਪਦੇ ਹਨ। ਭਗਤ-ਮੰਡਲੀ ਵਿਚ ਇਹਨਾਂ ਦੀ ਕੋਈ ਖ਼ਾਸ ਪ੍ਰਸਿੱਧੀ ਸਿਧ ਨਹੀਂ ਹੁੰਦੀ। ਇਸ ਨਾਲੋਂ ਜੱਲਣ, ਕਾਹਨਾ, ਛੱਜੂ ਆਦਿ ਭੀ ਵਧ ਪ੍ਰਸਿੱਧ ਹਨ। ਆਪ ਅਸਲੋਂ ਸੂਫ਼ੀ ਮੁਸਲਮਾਨ ਫ਼ਕੀਰਾਂ ਵਿਚੋਂ ਸਨ। ਆਪ ਜੀ ਨੂੰ ਸੇਖ਼ ਫ਼ਰੀਦ ਜੀ ਨਾਲ ਮਿਲਾ ਦੇਂਦੇ ਹਨ, ਪਰ ਇਹ ਪੁਸ਼ਟੀ ਇਹਨਾਂ ਦੀ ਬਾਣੀ ਤੋਂ ਨਹੀਂ ਹੁੰਦੀ। ਵੈਸੇ ਇਹਨਾਂ ਦੀ ਰਚਨਾ ਹਿੰਦੂ ਬੈਰਾਗੀ ਸਾਧੂਆਂ ਨਾਲ ਮਿਲਦੀ ਹੈ, ਇਸਲਾਮੀ ਸ਼ਰਹ ਦਾ ਇਕ ਲਫ਼ਜ਼ ਭੀ ਨਹੀਂ ਮਿਲਦਾ ਜਾਪਦਾ। ਇਸਲਾਮ ਮਤ ਛੱਡ ਕੇ ਜੀਵ-ਅਹਿੰਸਕ ਸਾਧਾਂ ਨਾਲ ਵਿਚਰਦੇ ਰਹੇ। ਆਪ ਜੀ ਦੇ ਦੋ ਸ਼ਬਦ ਭਗਤ ਬਾਣੀ ਸੰਗ੍ਰਹਿ ਵਿਖੇ ਆਏ ਹਨ, ਜਿਹਾ ਕਿ-

“ਨੈਨਹੁ…………ਮੋਹ ਦੁਆਰਾ।”-ਸੋਰਠਿ।”ਇਸ ਸ਼ਬਦ ਤੋਂ ਸਿੱਧ ਹੁੰਦਾ ਹੈ ਕਿ ਭਗਤ ਜੀ ਬੁਢੇਪੇ ਅਥਵਾ ਮੌਤ ਦੇ ਨੇੜ ਨੂੰ ਵੇਖ ਕੇ ਕਾਫ਼ੀ ਘਾਬਰ ਗਏ ਹਨ। ਉਸ ਵੇਲੇ ਬਨਵਾਰੀ (ਕ੍ਰਿਸ਼ਨ) ਜੀ ਨੂੰ ਯਾਦ ਕਰਦੇ ਹੋਏ ਵਾਸਤੇ ਕੱਢਦੇ ਹਨ। ਪਰ ਗੁਰਮਤਿ ਅੰਦਰ ਮੌਤ ਨੂੰ ਇਕ ਖੇਡ ਸਮਝਿਆ ਗਿਆ ਹੈ ਅਤੇ ਜੰਮਨ ਮਰਨ ਨੂੰ ਸੰਸਾਰੀ ਖੇਡ ਸਮਝ ਕੇ ਕੋਈ ਵੁਕਅਤ ਨਹੀਂ ਦਿੱਤੀ ਜਾਂਦੀ।……ਖਾਲਸੇ ਦੇ ਸਾਹਮਣੇ ਮੌਤ ਖੇਡ ਅਤੇ ਇਕ ਬਾਜ਼ੀ ਹੈ।”