Today’s Hukamnama from Gurdwara Baoli Sahib Goindwal

30

ਸਨਿੱਚਰਵਾਰ 18 ਮਈ 2019 (4 ਜੇਠ ਸੰਮਤ 551 ਨਾਨਕਸ਼ਾਹੀ)

ਸਲੋਕ ਮਃ ੨ ॥ ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥ ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥ {ਪੰਨਾ 791-792}

ਅਰਥ: (ਹੇ ਪ੍ਰਭੂ!) ਕਿਸੇ ਦਾ ਕੋਈ (ਮਿਥਿਆ) ਆਸਰਾ ਹੈ, ਕਿਸੇ ਦਾ ਕੋਈ ਆਸਰਾ ਹੈ, ਮੈਂ ਨਿਮਾਣੀ ਦਾ ਇਕ ਤੂੰ ਹੀ ਤੂੰ ਹੈਂ। ਜਦ ਤਕ ਤੂੰ ਮੇਰੇ ਚਿੱਤ ਵਿਚ ਨਾਹ ਵਸੇਂ, ਕਿਉਂ ਨ ਰੋ ਕੇ ਮਰਾਂ? (ਤੈਨੂੰ ਵਿਸਾਰ ਕੇ ਦੁੱਖਾਂ ਵਿਚ ਹੀ ਖਪੀਦਾ ਹੈ) ।੧।

ਮਃ ੨ ॥ ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮ੍ਹ੍ਹਾਲਿਓਇ ॥ ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥੨॥ {ਪੰਨਾ 792}

ਅਰਥ: ਜੇ ਸੁਖ ਹੈ ਤਾਂ ਭੀ ਖਸਮ-ਪ੍ਰਭੂ ਨੂੰ ਯਾਦ ਕਰੀਏ, ਦੁੱਖ ਵਿਚ ਭੀ ਮਾਲਕ ਨੂੰ ਚੇਤੇ ਰੱਖੀਏ, ਤਾਂ, ਨਾਨਕ ਆਖਦਾ ਹੈ, ਹੇ ਸਿਆਣੀ ਜੀਵ-ਇਸਤ੍ਰੀਏ! ਇਸ ਤਰ੍ਹਾਂ ਖਸਮ ਨਾਲ ਮੇਲ ਹੁੰਦਾ ਹੈ।੨।

ਪਉੜੀ ॥ ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥ ਤੂ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ ॥ ਮੈ ਤੁਝ ਬਿਨੁ ਬੇਲੀ ਕੋ ਨਹੀ ਤੂ ਅੰਤਿ ਸਖਾਈ ॥ ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥ ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ ॥੨੦॥੧॥ {ਪੰਨਾ 792}

ਅਰਥ: ਹੇ ਪ੍ਰਭੂ! ਮੈਂ ਇਕ ਕੀੜਾ ਜਿਹਾ ਹਾਂ, ਤੇਰੀ ਵਡਿਆਈ ਵੱਡੀ ਹੈ, ਮੈਂ ਤੇਰੇ ਕੀਹ ਕੀਹ ਗੁਣ ਬਿਆਨ ਕਰਾਂ? ਤੂੰ ਬੜਾ ਹੀ ਦਿਆਲ ਹੈਂ, ਅਪਹੁੰਚ ਹੈਂ ਤੂੰ ਆਪ ਹੀ ਆਪਣੇ ਨਾਲ ਮਿਲਾਂਦਾ ਹੈਂ। ਮੈਨੂੰ ਤੈਥੋਂ ਬਿਨਾ ਕੋਈ ਬੇਲੀ ਨਹੀਂ ਦਿੱਸਦਾ, ਆਖ਼ਰ ਤੂੰ ਹੀ ਸਾਥੀ ਹੋ ਕੇ ਪੁਕਾਰਦਾ ਹੈਂ, ਜੋ ਜੋ ਜੀਵ ਤੇਰੀ ਸਰਨ ਆਉਂਦਾ ਹੈ ਉਹਨਾਂ ਨੂੰ (ਹਉਮੈ ਦੇ ਗੇੜ ਤੋਂ) ਬਚਾ ਲੈਂਦਾ ਹੈਂ।ਹੇ ਨਾਨਕ! ਪ੍ਰਭੂ ਆਪ ਬੇ-ਮੁਥਾਜ ਹੈ, ਉਸ ਨੂੰ ਰਤਾ ਭੀ ਕੋਈ ਲਾਲਚ ਨਹੀਂ ਹੈ।੨੦।੧।