Today’s Hukamnama from Gurdwara Baoli Sahib Goindwal

53

ਮੰਗਲਵਾਰ 30 ਅਪ੍ਰੈਲ 2019 (17 ਵੈਸਾਖ ਸੰਮਤ 551 ਨਾਨਕਸ਼ਾਹੀ)

ਰਾਗੁ ਸੂਹੀ ਛੰਤ ਮਹਲਾ ੫ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥ ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ॥ ਸਾਰ ਨ ਜਾਣਾ ਤੂ ਵਡ ਦਾਣਾ ਕਰਿ ਮਿਹਰੰਮਤਿ ਸਾਂਈ ॥ ਕਿਰਪਾ ਕੀਜੈ ਸਾ ਮਤਿ ਦੀਜੈ ਆਠ ਪਹਰ ਤੁਧੁ ਧਿਆਈ ॥ ਗਰਬੁ ਨ ਕੀਜੈ ਰੇਣ ਹੋਵੀਜੈ ਤਾ ਗਤਿ ਜੀਅਰੇ ਤੇਰੀ ॥ ਸਭ ਊਪਰਿ ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥੧॥ {ਪੰਨਾ 779}

ਪਦਅਰਥ: ਠਾਕੁਰੋ = ਠਾਕੁਰੁ, ਮਾਲਕ, ਪਾਲਣਹਾਰ। ਬੈਰਾਗਰੋ = ਵਾਸਨਾ = ਰਹਿਤ, ਨਿਰਚਾਹ। ਮੈ ਜੇਹੀ = ਮੇਰੇ ਵਰਗੀਆਂ। ਘਣ = ਅਨੇਕਾਂ। ਚੇਰੀ = ਦਾਸੀਆਂ। ਰਾਮ = ਹੇ ਰਾਮ! ਰਤਨਾਗਰੋ = ਰਤਨਾਕਰੁ, ਰਤਨ = ਆਕਰ, ਰਤਨਾਂ ਦੀ ਖਾਣ। ਹਉ = ਹਉਂ, ਮੈਂ। ਸਾਰ = ਕਦਰ। ਦਾਣਾ = ਸਿਆਣਾ। ਮਿਹਰੰਮਤਿ = ਮਿਹਰ। ਸਾਂਈ = ਹੇ ਸਾਈਂ! ਕੀਜੈ = ਕਰ। ਦੀਜੈ = ਦੇਹ। ਮਤਿ = ਅਕਲ। ਸਾ = ਅਜਿਹੀ। ਧਿਆਈ = ਧਿਆਈਂ, ਮੈਂ ਧਿਆਵਾਂ। ਗਰਬੁ = ਅਹੰਕਾਰ। ਰੇਣ = ਚਰਨ = ਧੂੜ। ਹੋਵੀਜੈ = ਹੋ ਜਾ। ਗਤਿ = ਉੱਚੀ ਆਤਮਕ ਅਵਸਥਾ। ਜੀਅਰੇ = ਹੇ ਜੀਵ!।੧।

ਅਰਥ: ਹੇ (ਮੇਰੇ) ਰਾਮ! ਤੂੰ (ਸਭ ਜੀਵਾਂ ਦਾ) ਮਾਲਕ ਹੈਂ, ਤੇਰੇ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਮੇਰੇ ਵਰਗੀਆਂ (ਤੇਰੇ ਦਰ ਤੇ) ਅਨੇਕਾਂ ਦਾਸੀਆਂ ਹਨ। ਹੇ ਰਾਮ! ਤੂੰ ਸਮੁੰਦਰ ਹੈਂ। ਤੂੰ ਰਤਨਾਂ ਦੀ ਖਾਣ ਹੈਂ। ਹੇ ਪ੍ਰਭੂ! ਮੈਂ ਤੇਰੀ ਕਦਰ ਨਹੀਂ ਸਮਝ ਸਕੀ।ਹੇ ਮੇਰੇ ਮਾਲਕ! ਮੈਂ (ਤੇਰੇ ਗੁਣਾਂ ਦੀ) ਕਦਰ ਨਹੀਂ ਜਾਣਦੀ, ਤੂੰ ਵੱਡਾ ਸਿਆਣਾ ਹੈਂ (ਸਭ ਕੁਝ ਜਾਣਨ ਵਾਲਾ ਹੈਂ) , (ਮੇਰੇ ਉੱਤੇ) ਮਿਹਰ ਕਰ। ਕਿਰਪਾ ਕਰ, ਮੈਨੂੰ ਅਜਿਹੀ ਸਮਝ ਬਖ਼ਸ਼ ਕਿ ਅੱਠੇ ਪਹਰ ਮੈਂ ਤੇਰਾ ਸਿਮਰਨ ਕਰਦੀ ਰਹਾਂ।ਹੇ ਜਿੰਦੇ! ਅਹੰਕਾਰ ਨਹੀਂ ਕਰਨਾ ਚਾਹੀਦਾ, (ਸਭ ਦੇ) ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ, ਤਾਂ ਹੀ ਤੇਰੀ ਉੱਚੀ ਆਤਮਕ ਅਵਸਥਾ ਬਣ ਸਕੇਗੀ।ਹੇ ਨਾਨਕ! ਆਖ-) ਮੇਰਾ ਮਾਲਕ ਪ੍ਰਭੂ ਸਭ ਦੇ ਸਿਰ ਉੱਤੇ ਹੈ। ਮੇਰੇ ਜਿਹੀਆਂ (ਉਸ ਦੇ ਦਰ ਤੇ) ਅਨੇਕਾਂ ਦਾਸੀਆਂ ਹਨ।੧।

ਤੁਮ੍ਹ੍ਹ ਗਉਹਰ ਅਤਿ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ॥ ਤੁਮ ਵਡੇ ਵਡੇ ਵਡ ਊਚੇ ਹਉ ਇਤਨੀਕ ਲਹੁਰੀਆ ਰਾਮ ॥ ਹਉ ਕਿਛੁ ਨਾਹੀ ਏਕੋ ਤੂਹੈ ਆਪੇ ਆਪਿ ਸੁਜਾਨਾ ॥ ਅੰਮ੍ਰਿਤ ਦ੍ਰਿਸਟਿ ਨਿਮਖ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ॥ ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ ਤਨੁ ਹਰੀਆ ॥ ਨਾਨਕ ਠਾਕੁਰੁ ਸਰਬ ਸਮਾਣਾ ਆਪਨ ਭਾਵਨ ਕਰੀਆ ॥੨॥ {ਪੰਨਾ 779}

ਪਦਅਰਥ: ਗਉਹਰ = (ਬਹੁਤ ਹੀ ਕੀਮਤੀ) ਮੋਤੀ। ਗਹਿਰਾ = ਡੂੰਘੀ, ਅਥਾਹ (ਸਮੁੰਦਰ) । ਗੰਭੀਰਾ = ਵੱਡੇ ਜਿਗਰੇ ਵਾਲਾ। ਪਿਰ = ਖਸਮ। ਹਮ = ਅਸੀ ਜੀਵ। ਬਹੁਰੀਆ = ਵਹੁਟੀਆਂ। ਲਹੁਰੀਆ = ਛੋਟੀ। ਇਤਨੀਕ = ਬਹੁਤ ਹੀ ਛੋਟੀ। ਹਉ = ਹਉਂ, ਮੈਂ। ਆਪੇ = ਆਪ ਹੀ। ਸੁਜਾਨਾ = ਸਿਆਣਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਦ੍ਰਿਸਟਿ = ਨਿਗਾਹ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਪ੍ਰਭ = ਹੇ ਪ੍ਰਭੂ! ਜੀਵਾ = ਜੀਵਾਂ, ਮੈਂ ਜੀਊ ਪੈਂਦੀ ਹਾਂ। ਮਾਨਾ = ਮਾਣ ਲਏ। ਮਨਿ ਮਉਲੈ = ਮਨ ਖਿੜ ਪਿਆਂ। ਹਰੀਆ = ਹਰਾ = ਭਰਾ। ਭਾਵਨ = ਮਰਜ਼ੀ।੨।

ਅਰਥ: ਹੇ ਪ੍ਰਭੂ! ਤੂੰ ਇਕ (ਅਣਮੁੱਲਾ) ਮੋਤੀ ਹੈਂ, ਤੂੰ ਅਥਾਹ (ਸਮੁੰਦਰ) ਹੈਂ, ਤੂੰ ਬੜੇ ਵੱਡੇ ਜਿਗਰੇ ਵਾਲਾ ਹੈਂ, ਤੂੰ (ਸਾਡਾ) ਖਸਮ ਹੈਂ, ਅਸੀ ਜੀਵ ਤੇਰੀਆਂ ਵਹੁਟੀਆਂ ਹਾਂ। ਤੂੰ ਬੇਅੰਤ ਵੱਡਾ ਹੈਂ, ਤੂੰ ਬੇਅੰਤ ਉੱਚਾ ਹੈਂ। ਮੈਂ ਬਹੁਤ ਹੀ ਛੋਟੀ ਜਿਹੀ ਹਸਤੀ ਵਾਲੀ ਹਾਂ।ਹੇ ਭਾਈ! ਮੇਰੀ ਕੁਝ ਭੀ ਪਾਂਇਆਂ ਨਹੀਂ ਹੈ, ਇਕ ਤੂੰ ਹੀ ਤੂੰ ਹੈਂ, ਤੂੰ ਆਪ ਹੀ ਆਪ ਸਭ ਕੁਝ ਜਾਣਨ ਵਾਲਾ ਹੈਂ। ਹੇ ਪ੍ਰਭੂ! ਅੱਖ ਝਮਕਣ ਜਿਤਨੇ ਸਮੇ ਵਾਸਤੇ ਮਿਲੀ ਤੇਰੀ ਅੰਮ੍ਰਿਤ ਦ੍ਰਿਸ਼ਟੀ ਨਾਲ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ (ਇਉਂ ਹੁੰਦਾ ਹੈ ਜਿਵੇਂ) ਮੈਂ ਸਾਰੇ ਰੰਗ ਰਸ ਮਾਣ ਲਏ ਹਨ। ਮੈਂ ਤੇਰੇ ਚਰਨਾਂ ਦੀ ਸਰਨ ਲਈ ਹੈ, ਮੈਂ ਤੇਰੇ ਦਾਸਾਂ ਦੀ ਦਾਸੀ ਹਾਂ (ਆਤਮਕ ਜੀਵਨ ਦੇਣ ਵਾਲੀ ਤੇਰੀ ਨਿਗਾਹ ਦੀ ਬਰਕਤਿ ਨਾਲ) ਜਦੋਂ ਮੇਰਾ ਮਨ ਖਿੜ ਆਉਂਦਾ ਹੈ, ਮੇਰਾ ਸਰੀਰ (ਭੀ) ਹਰਾ-ਭਰਾ ਹੋ ਜਾਂਦਾ ਹੈ।ਹੇ ਨਾਨਕ! ਆਖ-ਹੇ ਭਾਈ!) ਮਾਲਕ-ਪ੍ਰਭੂ ਸਭ ਜੀਵਾਂ ਵਿਚ ਸਮਾ ਰਿਹਾ ਹੈ, ਉਹ (ਹਰ ਵੇਲੇ ਹਰ ਥਾਂ) ਆਪਣੀ ਮਰਜ਼ੀ ਕਰਦਾ ਹੈ।੨।

ਤੁਝੁ ਊਪਰਿ ਮੇਰਾ ਹੈ ਮਾਣਾ ਤੂਹੈ ਮੇਰਾ ਤਾਣਾ ਰਾਮ ॥ ਸੁਰਤਿ ਮਤਿ ਚਤੁਰਾਈ ਤੇਰੀ ਤੂ ਜਾਣਾਇਹਿ ਜਾਣਾ ਰਾਮ ॥ ਸੋਈ ਜਾਣੈ ਸੋਈ ਪਛਾਣੈ ਜਾ ਕਉ ਨਦਰਿ ਸਿਰੰਦੇ ॥ ਮਨਮੁਖਿ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ॥ ਠਾਕੁਰ ਭਾਣੀ ਸਾ ਗੁਣਵੰਤੀ ਤਿਨ ਹੀ ਸਭ ਰੰਗ ਮਾਣਾ ॥ ਨਾਨਕ ਕੀ ਧਰ ਤੂਹੈ ਠਾਕੁਰ ਤੂ ਨਾਨਕ ਕਾ ਮਾਣਾ ॥੩॥ {ਪੰਨਾ 779}

ਪਦਅਰਥ: ਮਾਣਾ = ਫ਼ਖ਼ਰ। ਤਾਣਾ = ਤਾਣ, ਬਲ, ਸਹਾਰਾ। ਮਤਿ = ਅਕਲ। ਸੁਰਤਿ = ਸੂਝ। ਜਾਣਾਇਹਿ = (ਜੋ ਕੁਝ) ਤੂੰ ਸਮਝਾਂਦਾ ਹੈਂ। ਜਾਣਾ = ਜਾਣਾਂ, ਮੈਂ ਸਮਝਦਾ ਹਾਂ। ਸੇਈ = ਉਹੀ ਮਨੁੱਖ। ਜਾ ਕਉ = ਜਿਸ ਉੱਤੇ। ਨਦਰਿ = ਮਿਹਰ ਦੀ ਨਿਗਾਹ। ਸਿਰੰਦੇ = ਸਿਰਜਣਹਾਰ ਦੀ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ = ਇਸਤ੍ਰੀ। ਭੂਲੀ = ਸਹੀ ਜੀਵਨ ਵਲੋਂ ਖੁੰਝੀ ਹੋਈ। ਰਾਹੀ = ਰਾਹੀਂ, ਰਾਹਾਂ ਵਿਚ। ਫੰਦੇ = ਫਾਹੀ ਵਿਚ। ਭਾਣੀ = ਚੰਗੀ ਲੱਗੀ। ਤਿਨ ਹੀ = {ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਲਫ਼ਜ਼ ‘ਤਿਨਿ’ ਦੀ ‘ਿ’ ਉੱਡ ਗਈ ਹੈ} ਉਸ ਨੇ ਹੀ। ਧਰ = ਆਸਰਾ। ਠਾਕੁਰ = ਹੇ ਠਾਕੁਰ!।੩।

ਅਰਥ: ਹੇ ਰਾਮ! ਮੇਰਾ ਮਾਣ ਤੇਰੇ ਉੱਤੇ ਹੀ ਹੈ, ਤੂੰ ਹੀ ਮੇਰਾ ਆਸਰਾ ਹੈਂ। (ਜਿਹੜੀ ਭੀ ਕੋਈ) ਸੂਝ, ਅਕਲ, ਸਿਆਣਪ (ਮੇਰੇ ਅੰਦਰ ਹੈ, ਉਹ) ਤੇਰੀ (ਬਖ਼ਸ਼ੀ ਹੋਈ ਹੈ) ਜੋ ਕੁਝ ਤੂੰ ਮੈਨੂੰ ਸਮਝਾਂਦਾ ਹੈਂ, ਉਹੀ ਮੈਂ ਸਮਝਦਾ ਹਾਂ।ਹੇ ਭਾਈ! ਉਹੀ ਮਨੁੱਖ (ਸਹੀ ਜੀਵਨ ਨੂੰ) ਸਮਝਦਾ ਪਛਾਣਦਾ ਹੈ, ਜਿਸ ਉਤੇ ਸਿਰਜਣਹਾਰ ਦੀ ਮਿਹਰ ਦੀ ਨਿਗਾਹ ਹੁੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਅਨੇਕਾਂ ਹੋਰ ਹੋਰ ਰਸਤਿਆਂ ਵਿਚ ਪੈ ਕੇ (ਸਹੀ ਜੀਵਨ ਵਲੋਂ) ਖੁੰਝੀ ਰਹਿੰਦੀ ਹੈ, ਮਾਇਆ ਦੀਆਂ ਫਾਹੀਆਂ ਵਿਚ ਫਸੀ ਰਹਿੰਦੀ ਹੈ। ਜਿਹੜੀ ਜੀਵ-ਇਸਤ੍ਰੀ ਮਾਲਕ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਉਹ ਗੁਣਾਂ ਵਾਲੀ ਹੋ ਜਾਂਦੀ ਹੈ, ਉਸ ਨੇ ਹੀ ਸਾਰੇ ਆਤਮਕ ਆਨੰਦ ਮਾਣੇ ਹਨ।

ਹੇ ਠਾਕੁਰ! ਨਾਨਕ ਦਾ ਸਹਾਰਾ ਤੂੰ ਹੀ ਹੈਂ, ਨਾਨਕ ਦਾ ਮਾਣ ਤੂੰ ਹੀ ਹੈਂ।੩।

ਹਉ ਵਾਰੀ ਵੰਞਾ ਘੋਲੀ ਵੰਞਾ ਤੂ ਪਰਬਤੁ ਮੇਰਾ ਓਲ੍ਹ੍ਹਾ ਰਾਮ ॥ ਹਉ ਬਲਿ ਜਾਈ ਲਖ ਲਖ ਲਖ ਬਰੀਆ ਜਿਨਿ ਭ੍ਰਮੁ ਪਰਦਾ ਖੋਲ੍ਹ੍ਹਾ ਰਾਮ ॥ ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨੁ ਮਾਨਾ ॥ ਪ੍ਰਭ ਜੀ ਭਾਣੀ ਭਈ ਨਿਕਾਣੀ ਸਫਲ ਜਨਮੁ ਪਰਵਾਨਾ ॥ ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ ਖੋਲ੍ਹ੍ਹਾ ॥ ਕਹੁ ਨਾਨਕ ਹਉ ਨਿਰਭਉ ਹੋਈ ਸੋ ਪ੍ਰਭੁ ਮੇਰਾ ਓਲ੍ਹ੍ਹਾ ॥੪॥੧॥੪॥ {ਪੰਨਾ 779-780}

ਪਦਅਰਥ: ਹਉ = ਹਉਂ, ਮੈਂ। ਵਾਰੀ ਵੰਞਾ = ਵਾਰੀ ਵੰਞਾਂ, ਮੈਂ ਕੁਰਬਾਨ ਜਾਂਦੀ ਹਾਂ। ਘੋਲੀ = ਸਦਕੇ। ਓਲ੍ਹ੍ਹਾ = ਪਰਦਾ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦੀ ਹਾਂ। ਬਰੀਆ = ਵਾਰੀ। ਜਿਨਿ = ਜਿਸ ਨੇ। ਭ੍ਰਮੁ = ਭਟਕਣਾ। ਤਜੇ = ਤਿਆਗ ਦਿੱਤੇ। ਸਿਉ = ਨਾਲ। ਮਾਨਾ = ਮੰਨ ਗਿਆ, ਗਿੱਝ ਗਿਆ। ਪ੍ਰਭ ਭਾਣੀ = ਪ੍ਰਭੂ ਨੂੰ ਚੰਗੀ ਲੱਗੀ। ਨਿਕਾਣੀ = ਬੇ = ਮੁਥਾਜ। ਭਾਰਾ ਤੋਲੀ = ਭਾਰੇ ਤੋਲ ਵਾਲੀ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜੁਗਤਿ = ਜੀਊਣ ਦੀ ਜਾਚ। ਦਰੁ = ਦਰਵਾਜ਼ਾ।੪।

ਅਰਥ: ਹੇ ਪ੍ਰਭੂ! ਮੇਰੇ ਵਾਸਤੇ ਤੂੰ ਪਹਾੜ (ਜੇਡਾ) ਓਲ੍ਹਾ ਹੈਂ, ਮੈਂ ਤੈਥੋਂ ਸਦਕੇ ਕੁਰਬਾਨ ਜਾਂਦੀ ਹਾਂ। ਮੈਂ ਤੈਥੋਂ ਲੱਖਾਂ ਵਾਰੀ ਸਦਕੇ ਜਾਂਦੀ ਹਾਂ, ਜਿਸ ਨੇ (ਮੇਰੇ ਅੰਦਰੋਂ) ਭਟਕਣਾ ਵਾਲੀ ਵਿੱਥ ਮਿਟਾ ਦਿੱਤੀ ਹੈ।ਹੇ ਭਾਈ! ਜਿਸ ਜੀਵ-ਇਸਤ੍ਰੀ ਦਾ ਮਨ ਮਾਲਕ-ਪ੍ਰਭੂ ਨਾਲ ਗਿੱਝ ਜਾਂਦਾ ਹੈ, ਉਹ ਸਾਰੇ ਵਿਕਾਰ ਤਿਆਗ ਦੇਂਦੀ ਹੈ, (ਉਸ ਦੇ ਅੰਦਰੋਂ ਮਾਇਆ ਦੇ ਮੋਹ ਵਾਲੇ) ਹਨੇਰੇ ਦੂਰ ਹੋ ਜਾਂਦੇ ਹਨ। (ਜੇਹੜੀ ਜੀਵ-ਇਸਤ੍ਰੀ) ਪ੍ਰਭੂ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ, ਉਹ (ਦੁਨੀਆ ਵਲੋਂ) ਬੇ-ਮੁਥਾਜ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਉਹ ਪ੍ਰਭੂ-ਦਰ ਤੇ ਕਬੂਲ ਹੋ ਜਾਂਦੀ ਹੈ। ਉਸ ਦੀ ਜ਼ਿੰਦਗੀ ਬਹੁਤ ਹੀ ਕੀਮਤੀ ਹੋ ਜਾਂਦੀ ਹੈ, ਭਾਰੇ ਤੋਲ ਵਾਲੀ ਹੋ ਜਾਂਦੀ ਹੈ, ਉਸ ਵਾਸਤੇ ਉਹ ਦਰਵਾਜ਼ਾ ਖੁਲ੍ਹ ਜਾਂਦਾ ਹੈ ਜਿੱਥੇ ਉਸ ਨੂੰ ਵਿਕਾਰਾਂ ਵਲੋਂ ਖ਼ਲਾਸੀ ਮਿਲ ਜਾਂਦੀ ਹੈ ਅਤੇ ਸਹੀ ਜੀਵਨ ਦੀ ਜਾਚ ਆ ਜਾਂਦੀ ਹੈ।ਹੇ ਨਾਨਕ! ਜਦੋਂ ਤੋਂ ਉਹ ਪ੍ਰਭੂ ਮੇਰਾ ਸਹਾਰਾ ਬਣ ਗਿਆ ਹੈ, ਮੈਂ (ਵਿਕਾਰਾਂ ਮਾਇਆ ਦੇ ਹੱਲਿਆਂ ਵਲੋਂ) ਨਿਡਰ ਹੋ ਗਈ ਹਾਂ।੪।੧।੪।