Today’s Hukamnama from Gurdwara Baba Darbara Singh Ji Tibba

82

ਸਨਿੱਚਰਵਾਰ 5 ਅਗਸਤ 2017 (21 ਸਾਵਣ ਸੰਮਤ 549 ਨਾਨਕਸ਼ਾਹੀ)

ਧਨਾਸਰੀ ਮਹਲਾ ੧ ਛੰਤ    ੴ ਸਤਿਗੁਰ ਪ੍ਰਸਾਦਿ ॥ ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥ ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥ ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥ ਸਾਚਿ ਨ ਲਾਗੈ ਮੈਲੁ ਕਿਆ ਮਲੁ ਧੋਈਐ ॥ ਗੁਣਹਿ ਹਾਰੁ ਪਰੋਇ ਕਿਸ ਕਉ ਰੋਈਐ ॥ ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ ॥ ਆਪਿ ਪਾਰਸੁ ਪਰਮ ਧਿਆਨੀ ਸਾਚੁ ਸਾਚੇ ਭਾਵਏ ॥ ਆਨੰਦੁ ਅਨਦਿਨੁ ਹਰਖੁ ਸਾਚਾ ਦੂਖ ਕਿਲਵਿਖ ਪਰਹਰੇ ॥ ਸਚੁ ਨਾਮੁ ਪਾਇਆ ਗੁਰਿ ਦਿਖਾਇਆ ਮੈਲੁ ਨਾਹੀ ਸਚ ਮਨੇ ॥੨॥ ਸੰਗਤਿ ਮੀਤ ਮਿਲਾਪੁ ਪੂਰਾ ਨਾਵਣੋ ॥ ਗਾਵੈ ਗਾਵਣਹਾਰੁ ਸਬਦਿ ਸੁਹਾਵਣੋ ॥ ਸਾਲਾਹਿ ਸਾਚੇ ਮੰਨਿ ਸਤਿਗੁਰੁ ਪੁੰਨ ਦਾਨ ਦਇਆ ਮਤੇ ॥ ਪਿਰ ਸੰਗਿ ਭਾਵੈ ਸਹਜਿ ਨਾਵੈ ਬੇਣੀ ਤ ਸੰਗਮੁ ਸਤ ਸਤੇ ॥ ਆਰਾਧਿ ਏਕੰਕਾਰੁ ਸਾਚਾ ਨਿਤ ਦੇਇ ਚੜੈ ਸਵਾਇਆ ॥ ਗਤਿ ਸੰਗਿ ਮੀਤਾ ਸੰਤਸੰਗਤਿ ਕਰਿ ਨਦਰਿ ਮੇਲਿ ਮਿਲਾਇਆ ॥੩॥ ਕਹਣੁ ਕਹੈ ਸਭੁ ਕੋਇ ਕੇਵਡੁ ਆਖੀਐ ॥ ਹਉ ਮੂਰਖੁ ਨੀਚੁ ਅਜਾਣੁ ਸਮਝਾ ਸਾਖੀਐ ॥ ਸਚੁ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤੁ ਮਨੁ ਮਾਨਿਆ ਮੇਰਾ ॥ ਕੂਚੁ ਕਰਹਿ ਆਵਹਿ ਬਿਖੁ ਲਾਦੇ ਸਬਦਿ ਸਚੈ ਗੁਰੁ ਮੇਰਾ ॥ ਆਖਣਿ ਤੋਟਿ ਨ ਭਗਤਿ ਭੰਡਾਰੀ ਭਰਿਪੁਰਿ ਰਹਿਆ ਸੋਈ ॥ ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ ॥੪॥੧॥ {ਅੰਗ 687-688}

ਅਰਥ: ਮੈਂ (ਭੀਤੀਰਥ ਉਤੇ ਇਸ਼ਨਾਨ ਕਰਨ ਜਾਂਦਾ ਹਾਂ (ਪਰ ਮੇਰੇ ਵਾਸਤੇ ਪਰਮਾਤਮਾ ਦਾ) ਨਾਮ (ਹੀ) ਤੀਰਥ ਹੈ। ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਟਿਕਾਣਾ (ਮੇਰੇ ਵਾਸਤੇ) ਤੀਰਥ ਹੈ (ਕਿਉਂਕਿ ਇਸ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ। ਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ ਹੈ, ਮੇਰੇ ਵਾਸਤੇ ਗੰਗਾ ਦਾ ਜਨਮ-ਦਿਨ ਹੈ। ਮੈਂ ਤਾਂ ਸਦਾ ਪ੍ਰਭੂ ਦਾ ਨਾਮ ਹੀ ਮੰਗਦਾ ਹਾਂ ਤੇ (ਅਰਦਾਸ ਕਰਦਾ ਹਾਂ-) ਹੇ ਧਰਤੀ ਦੇ ਆਸਰੇ ਪ੍ਰਭੂ! ਮੈਨੂੰ ਆਪਣਾ ਨਾਮਦੇਹ। ਜਗਤ (ਵਿਕਾਰਾਂ ਵਿਚ) ਰੋਗੀ ਹੋਇਆ ਪਿਆ ਹੈ, ਪਰਮਾਤਮਾ ਦਾ ਨਾਮ (ਇਹਨਾਂ ਰੋਗਾਂ ਦਾ) ਇਲਾਜ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ (ਮਨ ਨੂੰ ਵਿਕਾਰਾਂ ਦੀ) ਮੈਲ ਲੱਗ ਜਾਂਦੀ ਹੈ। ਗੁਰੂ ਦਾ ਪਵਿਤ੍ਰ ਸ਼ਬਦ (ਮਨੁੱਖ ਨੂੰ) ਸਦਾ (ਆਤਮਕ) ਚਾਨਣ (ਦੇਂਦਾ ਹੈ, ਇਹੀ) ਨਿੱਤ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ, ਇਹੀ ਤੀਰਥ-ਇਸ਼ਨਾਨ ਹੈ।੧। ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਮਨ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ, (ਫਿਰ ਤੀਰਥ ਆਦਿਕਾਂ ਤੇ ਜਾ ਕੇ) ਕੋਈ ਮੈਲ ਧੋਣ ਦੀ ਲੋੜ ਹੀ ਨਹੀਂ ਪੈਂਦੀ। ਪਰਮਾਤਮਾ ਦੇ ਗੁਣਾਂ ਦਾ ਹਾਰ (ਹਿਰਦੇ ਵਿਚ) ਪ੍ਰੋ ਕੇ ਕਿਸੇ ਅੱਗੇ ਪੁਕਾਰ ਕਰਨ ਦੀ ਭੀ ਲੋੜ ਨਹੀਂ ਪੈਂਦੀ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ (ਆਪਣੇ ਮਨ ਨੂੰ ਵਿਕਾਰਾਂ ਵਲੋਂ) ਮਾਰ ਲੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, (ਹੋਰਨਾਂ ਨੂੰ ਭੀ) ਪਾਰ ਲੰਘਾ ਲੈਂਦਾ ਹੈ, ਉਹ ਮੁੜ ਜੂਨਾਂ (ਦੇ ਚੱਕਰਵਿਚ ਨਹੀਂ ਆਉਂਦਾ। ਉਹ ਮਨੁੱਖ ਆਪ ਪਾਰਸ ਬਣ ਜਾਂਦਾ ਹੈ, ਬੜੀ ਹੀ ਉੱਚੀ ਸੁਰਤਿ ਦਾ ਮਾਲਕ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਰੂਪ ਬਣ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਉਸ ਦੇ ਅੰਦਰ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲੀ ਖ਼ੁਸ਼ੀ ਪੈਦਾ ਹੋ ਜਾਂਦੀ ਹੈ, ਉਹ ਮਨੁੱਖ ਆਪਣੇ (ਸਾਰੇ) ਦੁੱਖ ਪਾਪ ਦੂਰ ਕਰ ਲੈਂਦਾ ਹੈ। ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ-ਨਾਮ ਪ੍ਰਾਪਤ ਕਰ ਲਿਆ, ਜਿਸ ਨੂੰ ਗੁਰੂ ਨੇ (ਪ੍ਰਭੂ) ਵਿਖਾ ਦਿੱਤਾ, ਉਸ ਦੇ ਸਦਾ-ਥਿਰ ਨਾਮ ਜਪਦੇ ਮਨ ਨੂੰ ਕਦੇ ਵਿਕਾਰਾਂ ਦੀ ਮੈਲ ਨਹੀਂ ਲੱਗਦੀ।੨। ਸਾਧ ਸੰਗਤਿ ਵਿਚ ਮਿੱਤਰ-ਪ੍ਰਭੂ ਦਾ ਮਿਲਾਪ ਹੋ ਜਾਣਾ-ਇਹੀ ਉਹ ਤੀਰਥ-ਇਸ਼ਨਾਨ ਹੈ ਜਿਸ ਵਿਚ ਕੋਈ ਉਕਾਈ ਨਹੀਂ ਰਹਿ ਜਾਂਦੀ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਗਾਵਣ-ਜੋਗ ਪ੍ਰਭੂ (ਦੇ ਗੁਣ) ਗਾਂਦਾ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ। ਸਤਿਗੁਰੂ ਨੂੰ (ਜੀਵਨ-ਦਾਤਾ) ਮੰਨ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਮਨੁੱਖ ਦੀ ਮਤਿ ਦੂਜਿਆਂ ਦੀ ਸੇਵਾ ਕਰਨ ਵਾਲੀ ਸਭ ਤੇ ਦਇਆ ਕਰਨ ਵਾਲੀ ਬਣ ਜਾਂਦੀ ਹੈ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ) ਪਤੀ-ਪ੍ਰਭੂ ਦੀ ਸੰਗਤਿ ਵਿਚ ਰਹਿ ਕੇ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਆਤਮਕ ਅਡੋਲਤਾ ਵਿਚ (ਮਾਨੋ, ਆਤਮਕ) ਇਸ਼ਨਾਨ ਕਰਦਾ ਹੈਇਹੀ ਉਸ ਦੇ ਵਾਸਤੇ ਸੁੱਚੇ ਤੋਂ ਸੁੱਚਾ ਤ੍ਰਿਬੇਣੀ ਸੰਗਮ (ਦਾ ਇਸ਼ਨਾਨ) ਹੈ। (ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਇੱਕ ਅਕਾਲ ਪੁਰਖ ਨੂੰ ਸਿਮਰ, ਜੋ ਸਦਾ (ਸਭ ਜੀਵਾਂ ਨੂੰ ਦਾਤਾਂ) ਦੇਂਦਾ ਹੈ ਤੇ (ਜਿਸ ਦੀਆਂ ਦਿੱਤੀਆਂ ਦਾਤਾਂ ਦਿਨੋ ਦਿਨ) ਵਧਦੀਆਂ ਹਨ। ਮਿੱਤਰ-ਪ੍ਰਭੂ ਦੀ ਸੰਗਤਿ ਵਿਚ, ਗੁਰੂ ਸੰਤ ਦੀ ਸੰਗਤਿ ਵਿਚ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਪ੍ਰਭੂ ਮੇਹਰ ਦੀ ਨਜ਼ਰ ਕਰ ਕੇ ਆਪਣੀ ਸੰਗਤਿ ਵਿਚ ਮਿਲਾ ਲੈਂਦਾ ਹੈ।੩। ਹਰੇਕ ਜੀਵ (ਪਰਮਾਤਮਾ ਬਾਰੇ) ਕਥਨ ਕਰਦਾ ਹੈ (ਤੇ ਆਖਦਾ ਹੈ ਕਿ ਪਰਮਾਤਮਾ ਬਹੁਤ ਵੱਡਾ ਹੈ, ਪਰ) ਕੋਈ ਨਹੀਂ ਦੱਸ ਸਕਦਾ ਕਿ ਉਹ ਕੇਡਾ ਵੱਡਾ ਹੈ। (ਮੈਂ ਇਤਨੇ ਜੋਗਾ ਨਹੀਂ ਕਿ ਪਰਮਾਤਮਾ ਦਾ ਸਰੂਪ ਬਿਆਨ ਕਰ ਸਕਾਂ) ਮੈਂ (ਤਾਂ) ਮੂਰਖ ਹਾਂ, ਨੀਵੇਂ ਸੁਭਾਵ ਦਾ ਹਾਂ, ਅੰਞਾਣ ਹਾਂ, ਮੈਂ ਤਾਂ ਗੁਰੂ ਦੇ ਉਪਦੇਸ਼ ਨਾਲ ਹੀ (ਕੁਝ) ਸਮਝ ਸਕਦਾ ਹਾਂ (ਭਾਵ, ਮੈਂ ਤਾਂ ਉਤਨਾ ਕੁਝ ਹੀ ਮਸਾਂ ਸਮਝ ਸਕਦਾ ਹਾਂ ਜਿਤਨਾ ਗੁਰੂ ਆਪਣੇ ਸ਼ਬਦ ਦੀ ਰਾਹੀਂ ਸਮਝਾਏ। ਮੇਰਾ ਮਨ ਤਾਂ ਉਸ ਗੁਰ-ਸ਼ਬਦ ਵਿਚ ਹੀ ਪਤੀਜ ਗਿਆ ਹੈ ਜੋ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤੇ ਜੋ ਆਤਮਕ ਜੀਵਨ ਦੇਣ ਵਾਲਾ ਹੈ। ਜੇਹੜੇ ਜੀਵ (ਮਾਇਆ-ਮੋਹ ਦੇ) ਜ਼ਹਰ ਨਾਲ ਲੱਦੇ ਹੋਏ ਜਗਤ ਵਿਚ ਆਉਂਦੇ ਹਨ (ਗੁਰੂ ਦੇ ਸ਼ਬਦ ਨੂੰ ਵਿਸਾਰ ਕੇ ਤੇ ਤੀਰਥ-ਇਸ਼ਨਾਨ ਆਦਿਕ ਦੀ ਟੇਕ ਰੱਖ ਕੇ, ਉਸੇ ਜ਼ਹਰ ਨਾਲ ਲੱਦੇ ਹੋਏ ਹੀ ਜਗਤ ਤੋਂ) ਕੂਚ ਕਰ ਜਾਂਦੇ ਹਨ, ਪਰ ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜਦੇ ਹਨ, ਉਹਨਾਂ ਨੂੰ ਮੇਰਾ ਗੁਰੂ ਉਸ ਜ਼ਹਰ ਦੇ ਭਾਰ ਤੋਂ ਬਚਾ ਲੈਂਦਾ ਹੈ। (ਪਰਮਾਤਮਾ ਦੇ ਗੁਣ ਬੇਅੰਤ ਹਨ, ਗੁਣ) ਬਿਆਨ ਕਰਨ ਨਾਲ ਮੁੱਕਦੇ ਨਹੀਂ, (ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ, ਜੀਵਾਂ ਨੂੰ ਭਗਤੀ ਦੀ ਦਾਤਿ ਵੰਡਿਆਂ) ਭਗਤੀ ਦੇ ਖ਼ਜ਼ਾਨਿਆਂ ਵਿਚ ਕੋਈ ਕਮੀ ਨਹੀਂ ਹੁੰਦੀ, (ਪਰ ਭਗਤੀ ਕਰਨ ਨਾਲ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਨਾਲ ਮਨੁੱਖ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਪਰਮਾਤਮਾ ਹੀ ਹਰ ਥਾਂ ਵਿਆਪਕ ਹੈ। ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ, ਜੋ ਪ੍ਰਭੂ-ਦਰ ਤੇ ਅਰਦਾਸਾਂ ਕਰਦਾ ਹੈ (ਤੇ ਇਸ ਤਰ੍ਹਾਂ) ਆਪਣੇ ਮਨ ਨੂੰ ਵਿਕਾਰਾਂ ਦੀ ਮੈਲ ਤੋਂ ਸਾਫ਼ ਕਰ ਲੈਂਦਾ ਹੈ ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ (ਤੀਰਥ-ਇਸ਼ਨਾਨਾਂ ਨਾਲ ਇਹ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ੪।੧।

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥