ਸ਼ੁੱਕਰਵਾਰ 29 ਮਾਰਚ 2019 (16 ਚੇਤ ਸੰਮਤ 551 ਨਾਨਕਸ਼ਾਹੀ)
ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥ ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥ ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥ ਮੇਰੇ ਮਨ ਜਪੀਐ ਹਰਿ ਭਗਵੰਤਾ ॥ ਨਾਮ ਦਾਨੁ ਦੇਇ ਜਨ ਅਪਨੇ ਦੂਖ ਦਰਦ ਕਾ ਹੰਤਾ ॥ ਰਹਾਉ ॥ ਜਾ ਕੈ ਘਰਿ ਸਭੁ ਕਿਛੁ ਹੈ ਭਾਈ ਨਉ ਨਿਧਿ ਭਰੇ ਭੰਡਾਰ ॥ ਤਿਸ ਕੀ ਕੀਮਤਿ ਨਾ ਪਵੈ ਭਾਈ ਊਚਾ ਅਗਮ ਅਪਾਰ ॥ ਜੀਅ ਜੰਤ ਪ੍ਰਤਿਪਾਲਦਾ ਭਾਈ ਨਿਤ ਨਿਤ ਕਰਦਾ ਸਾਰ ॥ ਸਤਿਗੁਰੁ ਪੂਰਾ ਭੇਟੀਐ ਭਾਈ ਸਬਦਿ ਮਿਲਾਵਣਹਾਰ ॥੨॥ {ਅੰਗ 639}
ਪਦਅਰਥ: ਸਭੁ = ਸਾਰਾ। ਜਿਨਹਿ = ਜਿਨਿ ਹੀ, ਜਿਸ ਨੇ ਹੀ {ਲਫ਼ਜ਼ ‘ਜਿਨਿ’ ਦੀ ‘ਿ’ ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ}। ਭਾਈ = ਹੇ ਭਾਈ! ਕਰਣ = ਜਗਤ। ਕਰਣ ਕਾਰਣ = ਜਗਤ ਦਾ ਮੂਲ। ਸਮਰਥੁ = ਸਭੁ ਤਾਕਤਾਂ ਦਾ ਮਾਲਕ। ਜੀਉ = ਜਿੰਦ। ਪਿੰਡੁ = ਸਰੀਰ। ਦੇ ਕਰਿ = ਦੇ ਕੇ। ਵਥੁ = ਵਸਤ, ਸੱਤਿਆ। ਕਿਨਿ = ਕਿਸ ਦੀ ਰਾਹੀਂ? ਕਿਸ ਪਾਸੋਂ? ਕਹੀਐ = ਕਿਹਾ ਜਾ ਸਕਦਾ ਹੈ, ਬਿਆਨ ਕੀਤਾ ਜਾ ਸਕਦਾ ਹੈ। ਕਿਉ = ਕਿਵੇਂ? ਅਕਥੁ = ਉਹ ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਗੁਰੁ ਗੋਬਿੰਦੁ = ਗੋਬਿੰਦ ਦਾ ਰੂਪ ਗੁਰੂ। ਜਿਸ ਤੇ = {ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਤੇ’ ਦੇ ਕਾਰਨ ਉੱਡ ਗਿਆ ਹੈ} ਜਿਸ ਪਾਸੋਂ। ਜਾਪੈ = ਸਮਝੀਦਾ ਹੈ। ਤਥੁ = ਅਸਲੀਅਤ।੧।
ਦੇਇ = ਦੇਂਦਾ ਹੈ। ਹੰਤਾ = ਨਾਸ ਕਰਨ ਵਾਲਾ।ਰਹਾਉ।
ਜਾ ਕੈ ਘਰਿ = ਜਿਸ (ਪ੍ਰਭੂ) ਦੇ ਘਰ ਵਿਚ। ਨਉ ਨਿਧਿ = ਜਗਤ ਦੇ ਸਾਰੇ ਨੌ ਹੀ ਖ਼ਜ਼ਾਨੇ। ਭੰਡਾਰ = ਖ਼ਜ਼ਾਨੇ। ਤਿਸ ਕੀ = {ਲਫ਼ਜ਼ ‘ਤਿਸ’ ਦਾ ੁ ਸੰਬੰਧਕ ‘ਕੀ’ ਦੇ ਕਾਰਨ ਉੱਡ ਗਿਆ ਹੈ}। ਅਗਮ = ਅਪਹੁੰਚ। ਅਪਾਰ = ਬੇਅੰਤ, ਜਿਸ ਦਾ ਪਾਰਲਾ ਬੰਨਾ ਨਹੀਂ ਦਿੱਸਦਾ। ਸਾਰ = ਸੰਭਾਲ। ਭੇਟੀਐ = ਲੱਭੀਏ। ਸਬਦਿ = ਸ਼ਬਦ ਵਿਚ (ਜੋੜ ਕੇ) । ਮਿਲਾਵਣਹਾਰ = ਮਿਲਾ ਸਕਣ ਵਾਲਾ।੨।
ਅਰਥ: ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ। ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ।ਰਹਾਉ।
ਹੇ ਭਾਈ! ਜਿਸ ਪਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ, ਜਿਸ ਨੇ ਆਪਣੀ ਸੱਤਿਆ ਦੇ ਕੇ (ਮਨੁੱਖ ਦਾ) ਜਿੰਦ ਤੇ ਸਰੀਰ ਪੈਦਾ ਕੀਤਾ ਹੈ, ਉਹ ਕਰਤਾਰ (ਤਾਂ) ਕਿਸੇ ਪਾਸੋਂ ਭੀ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਭਾਈ! ਉਹ ਕਰਤਾਰ ਦਾ ਸਰੂਪ ਦਸਿਆ ਨਹੀਂ ਜਾ ਸਕਦਾ। ਉਸ ਨੂੰ ਕਿਵੇਂ ਵੇਖਿਆ ਜਾਏ? ਹੇ ਭਾਈ! ਗੋਬਿੰਦ ਦੇ ਰੂਪ ਗੁਰੂ ਦੀ ਸਿਫ਼ਤਿ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈ ਸਕਦੀ ਹੈ।੧।
ਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਹਰੇਕ ਚੀਜ਼ ਮੌਜੂਦ ਹੈ, ਜਿਸ ਦੇ ਘਰ ਵਿਚ ਜਗਤ ਦੇ ਸਾਰੇ ਨੌ ਹੀ ਖ਼ਜ਼ਾਨੇ ਮੌਜੂਦ ਹਨ, ਜਿਸ ਦੇ ਘਰ ਵਿਚ ਭੰਡਾਰੇ ਭਰੇ ਪਏ ਹਨ ਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਸਭ ਤੋਂ ਉੱਚਾ ਹੈ, ਉਹ ਅਪਹੁੰਚ ਹੈ, ਉਹ ਬੇਅੰਤ ਹੈ। ਹੇ ਭਾਈ! ਉਹ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਸਦਾ ਹੀ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ। (ਉਸ ਦਾ ਦਰਸਨ ਕਰਨ ਲਈ) ਹੇ ਭਾਈ! ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, (ਗੁਰੂ ਹੀ ਆਪਣੇ) ਸ਼ਬਦ ਵਿਚ ਜੋੜ ਕੇ ਪਰਮਾਤਮਾ ਨਾਲ ਮਿਲਾ ਸਕਣ ਵਾਲਾ ਹੈ।੨।
ਸਚੇ ਚਰਣ ਸਰੇਵੀਅਹਿ ਭਾਈ ਭ੍ਰਮੁ ਭਉ ਹੋਵੈ ਨਾਸੁ ॥ ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ ॥ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸੁ ॥ ਗੁਰ ਬਚਨੀ ਸੁਖੁ ਊਪਜੈ ਭਾਈ ਸਭਿ ਫਲ ਸਤਿਗੁਰ ਪਾਸਿ ॥੩॥ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰਿ ॥ ਘਟਿ ਘਟਿ ਬ੍ਰਹਮੁ ਪਸਾਰਿਆ ਭਾਈ ਪੇਖੈ ਸੁਣੈ ਹਜੂਰਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਭਾਈ ਤਿਤੁ ਦਿਨਿ ਮਰੀਐ ਝੂਰਿ ॥ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰਿ ॥੪॥ ਪ੍ਰੇਮ ਪਦਾਰਥੁ ਨਾਮੁ ਹੈ ਭਾਈ ਮਾਇਆ ਮੋਹ ਬਿਨਾਸੁ ॥ ਤਿਸੁ ਭਾਵੈ ਤਾ ਮੇਲਿ ਲਏ ਭਾਈ ਹਿਰਦੈ ਨਾਮ ਨਿਵਾਸੁ ॥ ਗੁਰਮੁਖਿ ਕਮਲੁ ਪ੍ਰਗਾਸੀਐ ਭਾਈ ਰਿਦੈ ਹੋਵੈ ਪਰਗਾਸੁ ॥ ਪ੍ਰਗਟੁ ਭਇਆ ਪਰਤਾਪੁ ਪ੍ਰਭ ਭਾਈ ਮਉਲਿਆ ਧਰਤਿ ਅਕਾਸੁ ॥੫॥ {ਪੰਨਾ 639-640}
ਪਦਅਰਥ: ਸਚੇ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ। ਸਰੇਵੀਅਹਿ = ਸੇਵੇ ਜਾਣੇ ਚਾਹੀਦੇ ਹਨ। ਭ੍ਰਮੁ = ਭਟਕਣਾ। ਮਿਲਿ = ਮਿਲ ਕੇ। ਮਾਂਜੀਐ = ਮਾਂਜਣਾ ਚਾਹੀਦਾ ਹੈ। ਕੈ ਨਾਮਿ = ਦੇ ਨਾਮ ਵਿਚ। ਗਿਆਨ = ਆਤਮਕ ਜੀਵਨ ਦੀ ਸੂਝ। ਅਗਿਆਨਤਾ = ਆਤਮਕ ਜੀਵਨ ਵਲੋਂ ਬੇ = ਸਮਝੀ। ਕਮਲ ਪਰਗਾਸੁ = (ਹਿਰਦੇ ਦੇ) ਕੌਲ ਫੁੱਲ ਦਾ ਖਿੜਾਉ। ਸਭਿ = ਸਾਰੇ।੩।
ਮੇਰਾ ਤੇਰਾ = ਮੇਰ = ਤੇਰ, ਵਿਤਕਰਾ। ਹੋਈਐ = ਬਣ ਜਾਣਾ ਚਾਹੀਦਾ ਹੈ। ਧੂਰਿ = ਖ਼ਾਕ। ਘਟਿ ਘਟਿ = ਹਰੇਕ ਘਟ ਵਿਚ। ਹਜੂਰਿ = ਅੰਗ = ਸੰਗ ਹੋ ਕੇ। ਜਿਤੁ = ਜਿਸ ਵਿਚ। ਦਿਨਿ = ਦਿਨ ਵਿਚ। ਜਿਤੁ ਦਿਨਿ = ਜਿਸ ਦਿਨ ਵਿਚ। ਤਿਤੁ ਦਿਨਿ = ਉਸ ਦਿਨ ਵਿਚ। ਮਰੀਐ = ਮਰੀਦਾ ਹੈ। ਝੂਰਿ = ਪਛੁਤਾ ਕੇ। ਕਰਨ ਕਰਾਵਨ ਸਮਰਥੋ = ਸਭ ਕੁਝ ਕਰ ਸਕਣ ਵਾਲਾ ਅਤੇ (ਜੀਵਾਂ ਪਾਸੋਂ) ਕਰਾ ਸਕਣ ਵਾਲਾ। ਕਲਾ = ਤਾਕਤ।੪।
ਪਦਾਰਥੁ = ਕੀਮਤੀ ਧਨ। ਮੋਹ ਬਿਨਾਸੁ = ਮੋਹ ਦਾ ਨਾਸ। ਤਿਸੁ ਭਾਵੈ = ਉਸ (ਪਰਮਾਤਮਾ) ਨੂੰ ਚੰਗਾ ਲੱਗੇ। ਹਿਰਦੈ = ਹਿਰਦੇ ਵਿਚ। ਗੁਰਮੁਖਿ = ਗੁਰੂ ਦੀ ਸ਼ਰਨ ਪਿਆਂ। ਰਿਦੈ = ਹਿਰਦੈ ਵਿਚ। ਪਰਗਾਸੁ = ਚਾਨਣ। ਪ੍ਰਗਟ ਭਇਆ = ਉੱਘੜ ਪੈਂਦਾ ਹੈ। ਪਰਤਾਪੁ = ਤਾਕਤ। ਮਉਲਿਆ = ਖਿੜਿਆ ਹੋਇਆ।੫।
ਅਰਥ: ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਚਰਨ ਹਿਰਦੇ ਵਿਚ ਵਸਾਈ ਰੱਖਣੇ ਚਾਹੀਦੇ ਹਨ, (ਇਸ ਤਰ੍ਹਾਂ ਮਨ ਦੀ) ਭਟਕਣਾ ਦਾ, (ਹਰੇਕ ਕਿਸਮ ਦੇ) ਡਰ ਦਾ ਨਾਸ ਹੋ ਜਾਂਦਾ ਹੈ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਮਨ ਨੂੰ ਸਾਫ਼ ਕਰਨਾ ਚਾਹੀਦਾ ਹੈ (ਇਸ ਤਰ੍ਹਾਂ) ਪਰਮਾਤਮਾ ਦੇ ਨਾਮ ਵਿਚ (ਮਨ ਦਾ) ਨਿਵਾਸ ਹੋ ਜਾਂਦਾ ਹੈ। (ਸਾਧ ਸੰਗਤਿ ਦੀ ਬਰਕਤਿ ਨਾਲ) ਹੇ ਭਾਈ! ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ (ਮਨੁੱਖ ਦੇ ਅੰਦਰੋਂ) ਮਿਟ ਜਾਂਦਾ ਹੈ (ਹਿਰਦੇ ਦੇ) ਕੌਲ-ਫੁੱਲ ਦਾ ਖਿੜਾਉ ਹੋ ਜਾਂਦਾ ਹੈ। ਹੇ ਭਾਈ! ਗੁਰੂ ਦੇ ਬਚਨਾਂ ਉੱਤੇ ਤੁਰਿਆਂ ਆਤਮਕ ਆਨੰਦ ਪੈਦਾ ਹੁੰਦਾ ਹੈ। ਸਾਰੇ ਫਲ ਗੁਰੂ ਦੇ ਕੋਲ ਹਨ।੩।
ਹੇ ਭਾਈ! ਵਿਤਕਰਾ ਛੱਡ ਦੇਣਾ ਚਾਹੀਦਾ ਹੈ, ਸਭਨਾਂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ। ਹੇ ਭਾਈ! ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ, ਉਹ ਸਭ ਦੇ ਅੰਗ-ਸੰਗ ਹੋ ਕੇ (ਸਭ ਦੇ ਕੰਮਾਂ ਨੂੰ) ਵੇਖਦਾ ਹੈ (ਸਭਨਾਂ ਦੀਆਂ ਗੱਲਾਂ) ਸੁਣਦਾ ਹੈ। ਹੇ ਭਾਈ! ਜਿਸ ਦਿਨ ਪਰਮਾਤਮਾ ਭੁੱਲ ਜਾਏ, ਉਸ ਦਿਨ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲਈਦੀ ਹੈ। ਹੇ ਭਾਈ! (ਇਹ ਯਾਦ ਰੱਖੋ ਕਿ) ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਅਤੇ (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈ। ਪਰਮਾਤਮਾ ਵਿਚ ਸਾਰੀਆਂ ਤਾਕਤਾਂ ਮੌਜੂਦ ਹਨ।੪।
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ) ਪਿਆਰ ਦਾ ਕੀਮਤੀ ਧਨ ਮੌਜੂਦ ਹੈ, ਹਰਿ-ਨਾਮ ਮੌਜੂਦ ਹੈ (ਉਸ ਦੇ ਅੰਦਰੋਂ) ਮਾਇਆ ਦੇ ਮੋਹ ਦਾ ਨਾਸ ਹੋ ਜਾਂਦਾ ਹੈ। ਹੇ ਭਾਈ! ਉਸ ਪਰਮਾਤਮਾ ਨੂੰ (ਜਦੋਂ) ਚੰਗਾ ਲੱਗੇ ਤਦੋਂ ਉਹ (ਜਿਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ (ਉਸ ਦੇ) ਹਿਰਦੇ ਵਿਚ ਉਸ ਪ੍ਰਭੂ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ। ਹੇ ਭਾਈ! ਗੁਰੂ ਦੇ ਸਨਮੁਖ ਹੋਇਆਂ (ਹਿਰਦੇ ਦਾ) ਕੌਲ-ਫੁੱਲ ਖਿੜ ਪੈਂਦਾ ਹੈ, ਹਿਰਦੇ ਵਿਚ (ਆਤਮਕ ਜੀਵਨ ਦੀ ਸੋਝੀ ਦਾ) ਚਾਨਣ ਹੋ ਜਾਂਦਾ ਹੈ। ਹੇ ਭਾਈ! ਗੁਰੂ ਦੀ ਸਰਨ ਪਿਆਂ ਮਨੁੱਖ ਦੇ ਅੰਦਰ) ਪਰਮਾਤਮਾ ਦੀ ਤਾਕਤ ਪਰਗਟ ਹੋ ਜਾਂਦੀ ਹੈ (ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ, ਅਤੇ ਪ੍ਰਭੂ ਦੀ ਤਾਕਤ ਨਾਲ ਹੀ) ਧਰਤੀ ਖਿੜੀ ਹੋਈ ਹੈ, ਆਕਾਸ਼ ਖਿੜਿਆ ਹੋਇਆ ਹੈ।੫।