ਸ਼ੁੱਕਰਵਾਰ 14 ਸਤੰਬਰ 2018 (29 ਭਾਦੋਂ ਸੰਮਤ 550 ਨਾਨਕਸ਼ਾਹੀ)
ਵਡਹੰਸੁ ਮਹਲਾ ੩ ॥ ਗੁਰਮੁਖਿ ਸਚੁ ਸੰਜਮੁ ਤਤੁ ਗਿਆਨੁ ॥ ਗੁਰਮੁਖਿ ਸਾਚੇ ਲਗੈ ਧਿਆਨੁ ॥੧॥ ਗੁਰਮੁਖਿ ਮਨ ਮੇਰੇ ਨਾਮੁ ਸਮਾਲਿ ॥ ਸਦਾ ਨਿਬਹੈ ਚਲੈ ਤੇਰੈ ਨਾਲਿ ॥ ਰਹਾਉ ॥ ਗੁਰਮੁਖਿ ਜਾਤਿ ਪਤਿ ਸਚੁ ਸੋਇ ॥ ਗੁਰਮੁਖਿ ਅੰਤਰਿ ਸਖਾਈ ਪ੍ਰਭੁ ਹੋਇ ॥੨॥ ਗੁਰਮੁਖਿ ਜਿਸ ਨੋ ਆਪਿ ਕਰੇ ਸੋ ਹੋਇ ॥ ਗੁਰਮੁਖਿ ਆਪਿ ਵਡਾਈ ਦੇਵੈ ਸੋਇ ॥੩॥ ਗੁਰਮੁਖਿ ਸਬਦੁ ਸਚੁ ਕਰਣੀ ਸਾਰੁ ॥ ਗੁਰਮੁਖਿ ਨਾਨਕ ਪਰਵਾਰੈ ਸਾਧਾਰੁ ॥੪॥੬॥ {ਅੰਗ 559-560}
ਪਦਅਰਥ: ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਚੁ = ਸਦਾ-ਥਿਰ ਪ੍ਰਭੂ (ਦਾ ਨਾਮ ਸਿਮਰਨਾ) । ਸੰਜਮੁ = ਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ। ਤਤੁ = ਅਸਲ। ਸਾਚੇ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ।੧।
ਮਨ = ਹੇ ਮਨ! ਸਮਾਲਿ = ਸਾਂਭ, ਯਾਦ ਕਰਦਾ ਰਹੁ।ਰਹਾਉ।
ਜਾਤਿ ਪਤਿ = ਜਾਤਿ ਪਾਤਿ, ਉੱਚੀ ਕੁਲ। ਸਖਾਈ = ਮਿੱਤਰ, ਸਾਥੀ।੨।
ਜਿਸ ਨੋ = {ਲਫ਼ਜ਼ ‘ਜਿਸ‘ ਦਾ ੁ ਸੰਬੰਧਕ ‘ਨੋ‘ ਦੇ ਕਾਰਨ ਉੱਡ ਗਿਆ ਹੈ}। ਵਡਾਈ = ਇੱਜ਼ਤ।੩।
ਕਰਣੀ = ਕਰਤੱਬ, ਜੀਵਨ = ਮਨੋਰਥ। ਪਰਵਾਰੈ = ਪਰਵਾਰ ਵਾਸਤੇ। ਸਾਧਾਰੁ = ਸੁ = ਆਧਾਰੁ, ਆਧਾਰ ਸਹਿਤ, ਆਸਰਾ ਦੇਣ = ਜੋਗ।੪।
ਅਰਥ: ਹੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਯਾਦ ਕਰਦਾ ਰਹੁ। ਇਹ ਨਾਮ ਹੀ ਤੇਰੇ ਨਾਲ ਜਾਣ ਵਾਲਾ ਹੈ ਸਾਥ ਨਿਬਾਹੁਣ ਵਾਲਾ ਹੈ।ਰਹਾਉ।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਾਮ-ਸਿਮਰਨ ਹੀ ਇੰਦ੍ਰਿਆਂ ਨੂੰ ਵੱਸ ਕਰਨ ਦਾ ਸਹੀ ਜਤਨ ਹੈ, ਤੇ, ਆਤਮਕ ਜੀਵਨ ਦੀ ਸੂਝ ਦਾ ਮੂਲ ਹੈ। ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤਿ ਜੁੜੀ ਰਹਿੰਦੀ ਹੈ।੧।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਉਸ ਸਦਾ-ਥਿਰ ਹਰੀ ਦਾ ਨਾਮ-ਸਿਮਰਨ ਉੱਚੀ ਜਾਤਿ ਤੇ ਉੱਚੀ ਕੁਲ (ਦਾ ਮੂਲ) ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਪਰਮਾਤਮਾ ਆ ਵੱਸਦਾ ਹੈ, ਤੇ, ਉਸ ਦਾ (ਸਦਾ ਦਾ) ਸਾਥੀ ਬਣ ਜਾਂਦਾ ਹੈ।੨।
ਪਰ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ (ਇਸ ਜੋਗ) ਬਣਾਂਦਾ ਹੈ, ਉਹ ਪਰਮਾਤਮਾ ਆਪ ਮਨੁੱਖ ਨੂੰ ਗੁਰੂ ਦੇ ਸਨਮੁਖ ਕਰ ਕੇ ਇੱਜ਼ਤ ਬਖ਼ਸ਼ਦਾ ਹੈ।੩।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਹਿਰਦੇ ਵਿਚ) ਸੰਭਾਲ, ਇਹੀ ਕਰਨ-ਜੋਗ ਕੰਮ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਪਰਵਾਰ ਵਾਸਤੇ ਭੀ ਆਸਰਾ ਦੇਣ ਜੋਗਾ ਹੋ ਜਾਂਦਾ ਹੈ।੪।੬।