ਮੰਗਲਵਾਰ 13 ਜੂਨ 2017 (31 ਜੇਠ ਸੰਮਤ 549 ਨਾਨਕਸ਼ਾਹੀ)
ਸੂਹੀ ਕਬੀਰ ਜੀਉ ॥ ਅਮਲੁ ਸਿਰਾਨੋ ਲੇਖਾ ਦੇਨਾ ॥ ਆਏ ਕਠਿਨ ਦੂਤ ਜਮ ਲੇਨਾ ॥ ਕਿਆ ਤੈ ਖਟਿਆ ਕਹਾ ਗਵਾਇਆ ॥ ਚਲਹੁ ਸਿਤਾਬ ਦੀਬਾਨਿ ਬੁਲਾਇਆ ॥੧॥ ਚਲੁ ਦਰਹਾਲੁ ਦੀਵਾਨਿ ਬੁਲਾਇਆ ॥ ਹਰਿ ਫੁਰਮਾਨੁ ਦਰਗਹ ਕਾ ਆਇਆ ॥੧॥ ਰਹਾਉ ॥ਕਰਉ ਅਰਦਾਸਿ ਗਾਵ ਕਿਛੁ ਬਾਕੀ ॥ ਲੇਉ ਨਿਬੇਰਿ ਆਜੁ ਕੀ ਰਾਤੀ ॥ ਕਿਛੁ ਭੀ ਖਰਚੁ ਤੁਮ੍ਹ੍ਹਾਰਾ ਸਾਰਉ ॥ ਸੁਬਹ ਨਿਵਾਜ ਸਰਾਇ ਗੁਜਾਰਉ ॥੨॥ ਸਾਧਸੰਗਿ ਜਾ ਕਉ ਹਰਿ ਰੰਗੁ ਲਾਗਾ ॥ ਧਨੁ ਧਨੁ ਸੋ ਜਨੁ ਪੁਰਖੁ ਸਭਾਗਾ ॥ ਈਤ ਊਤ ਜਨ ਸਦਾ ਸੁਹੇਲੇ ॥ ਜਨਮੁ ਪਦਾਰਥੁ ਜੀਤਿ ਅਮੋਲੇ ॥੩॥ ਜਾਗਤੁ ਸੋਇਆ ਜਨਮੁ ਗਵਾਇਆ ॥ ਮਾਲੁ ਧਨੁ ਜੋਰਿਆ ਭਇਆ ਪਰਾਇਆ ॥ ਕਹੁ ਕਬੀਰ ਤੇਈ ਨਰ ਭੂਲੇ ॥ ਖਸਮੁ ਬਿਸਾਰਿ ਮਾਟੀ ਸੰਗਿ ਰੂਲੇ ॥੪॥੩॥ {ਪੰਨਾ 792}
ਪਦਅਰਥ: ਅਮਲੁ—ਅਮਲ ਦਾ ਸਮਾ, ਮੁਲਾਜ਼ਮਤ ਦੇ ਕੰਮ ਦਾ ਸਮਾ, ਜ਼ਿੰਦਗੀ—ਰੂਪ ਮੁਲਾਜ਼ਮਤ ਦੇ ਕੰਮ ਦਾ ਸਮਾ। ਸਿਰਾਨੋ—ਬੀਤ ਗਿਆ ਹੈ। ਕਠਿਨ—ਕਰੜੇ। ਕਹਾ—ਕਿੱਥੇ? ਸਿਤਾਬ—ਛੇਤੀ। ਦੀਬਾਨਿ—ਦੀਵਾਨ ਨੇ, ਧਰਮ—ਰਾਜ ਨੇ।੧।
ਦਰਹਾਲੁ—ਹੁਣੇ। ਫੁਰਮਾਨੁ—ਹੁਕਮ।੧।ਰਹਾਉ।
ਕਰਉ—ਕਰਉਂ, ਮੈਂ ਕਰਦਾ ਹਾਂ। ਗਾਵ—ਪਿੰਡ। ਲੇਉ ਨਿਬੇਰਿ—ਲੇਉਂ ਨਿਬੇਰਿ, ਮੁਕਾ ਲਵਾਂਗਾ। ਸਾਰਉ—ਮੈਂ ਪ੍ਰਬੰਧ ਕਰਾਂਗਾ।੨।
ਰੰਗੁ—ਪਿਆਰ। ਸਭਾਗਾ—ਭਾਗਾਂ ਵਾਲਾ। ਈਤ ਊਤ—ਲੋਕ—ਪਰਲੋਕ ਵਿਚ।੩।
ਰੂਲੇ—ਰੁਲ ਗਏ।੪।
ਅਰਥ: (ਹੇ ਜੀਵ! ਜਗਤ ਵਿਚ) ਮੁਲਾਜ਼ਮਤ ਦਾ ਸਮਾ (ਭਾਵ, ਉਮਰ ਦਾ ਨਿਯਤ ਸਮਾ) ਲੰਘ ਗਿਆ ਹੈ, (ਇੱਥੇ ਜੇ ਕੁਝ ਕਰਦਾ ਰਿਹਾ ਹੈਂ) ਉਸ ਦਾ ਹਿਸਾਬ ਦੇਣਾ ਪਏਗਾ; ਕਰੜੇ ਜਮ-ਦੂਤ ਲੈਣ ਆ ਗਏ ਹਨ। (ਉਹ ਆਖਣਗੇ-) ਛੇਤੀ ਚੱਲ, ਧਰਮਰਾਜ ਨੇ ਸੱਦਿਆ ਹੈ। ਇੱਥੇ ਰਹਿ ਕੇ ਤੂੰ ਕੀਹ ਖੱਟੀ ਖੱਟੀ ਹੈ, ਤੇ ਕਿੱਥੇ ਗਵਾਇਆ ਹੈ?।੧।
ਛੇਤੀ ਚੱਲ, ਧਰਮ-ਰਾਜ ਨੇ ਸੱਦਿਆ ਹੈ; ਪ੍ਰਭੂ ਦੀ ਦਰਗਾਹ ਦਾ ਹੁਕਮ ਆਇਆ ਹੈ।੧।ਰਹਾਉ।
ਮੈਂ ਬੇਨਤੀ ਕਰਦਾ ਹਾਂ ਕਿ ਕੁਝ ਪਿੰਡ ਦਾ ਹਿਸਾਬ-ਕਿਤਾਬ ਰਹਿ ਗਿਆ ਹੈ, (ਜੇ ਆਗਿਆ ਦੇਵੋ) ਤਾਂ ਮੈਂ ਅੱਜ ਰਾਤ ਹੀ ਉਹ ਹਿਸਾਬ ਮੁਕਾ ਲਵਾਂਗਾ, ਕੁਝ ਤੁਹਾਡੇ ਲਈ ਭੀ ਖ਼ਰਚ ਦਾ ਪ੍ਰਬੰਧ ਕਰ ਲਵਾਂਗਾ, ਤੇ ਸਵੇਰ ਦੀ ਨਿਮਾਜ਼ ਰਾਹ ਵਿਚ ਪੜ੍ਹ ਲਵਾਂਗਾ (ਭਾਵ, ਬਹੁਤ ਸਵਖਤੇ ਹੀ ਤੁਹਾਡੇ ਨਾਲ ਤੁਰ ਪਵਾਂਗਾ)।੨।
ਜਿਸ ਮਨੁੱਖ ਨੂੰ ਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੁੰਦਾ ਹੈ, ਉਹ ਮਨੁੱਖ ਧੰਨ ਹੈ, ਭਾਗਾਂ ਵਾਲਾ ਹੈ। ਪ੍ਰਭੂ ਦੇ ਸੇਵਕ ਲੋਕ ਪਰਲੋਕ ਵਿਚ ਸੌਖੇ ਰਹਿੰਦੇ ਹਨ ਕਿਉਂਕਿ ਉਹ ਇਸ ਅਮੋਲਕ ਜਨਮ-ਰੂਪ ਕੀਮਤੀ ਸ਼ੈ ਨੂੰ ਜਿੱਤ ਲੈਂਦੇ ਹਨ।੩।
ਜੋ ਮਨੁੱਖ ਜਾਗਦਾ ਹੀ (ਮਾਇਆ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ, ਉਹ ਮਨੁੱਖਾ ਜੀਵਨ ਅਜਾਈਂ ਗਵਾ ਲੈਂਦਾ ਹੈ; (ਕਿਉਂਕਿ) ਉਸ ਦਾ ਸਾਰਾ ਮਾਲ ਧਨ ਇਕੱਠਾ ਕੀਤਾ ਹੋਇਆ (ਤਾਂ ਆਖ਼ਰ) ਬਿਗਾਨਾ ਹੋ ਜਾਂਦਾ ਹੈ।
ਹੇ ਕਬੀਰ! ਆਖ-ਉਹ ਮਨੁੱਖ ਖੁੰਝ ਗਏ ਹਨ, ਉਹ ਮਿੱਟੀ ਵਿਚ ਹੀ ਰੁਲ ਗਏ ਹਨ ਜਿਨ੍ਹਾਂ ਨੇ ਪਰਮਾਤਮਾ-ਪਤੀ ਨੂੰ ਵਿਸਾਰਿਆ।੪।੩।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥