ਸਨਿੱਚਰਵਾਰ 10 ਮਾਰਚ 2018 (27 ਫੱਗਣ ਸੰਮਤ 549 ਨਾਨਕਸ਼ਾਹੀ)
ਪਹਿਲ ਪੁਰੀਏ ਪੁੰਡਰਕ ਵਨਾ ॥ ਤਾ ਚੇ ਹੰਸਾ ਸਗਲੇ ਜਨਾਂ ॥ ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥ ਪਹਿਲ ਪੁਰਸਾਬਿਰਾ ॥ ਅਥੋਨ ਪੁਰਸਾਦਮਰਾ ॥ ਅਸਗਾ ਅਸ ਉਸਗਾ ॥ ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥ ਨਾਚੰਤੀ ਗੋਪੀ ਜੰਨਾ ॥ ਨਈਆ ਤੇ ਬੈਰੇ ਕੰਨਾ ॥ ਤਰਕੁ ਨ ਚਾ ॥ ਭ੍ਰਮੀਆ ਚਾ ॥ ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥ ਪਿੰਧੀ ਉਭਕਲੇ ਸੰਸਾਰਾ ॥ ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥ {ਅੰਗ 693}
ਲਫ਼ਜ਼ ‘ਆਲਾ‘ ਦਾ ਅਰਥ ਕਈ ਸੱਜਣ ‘ਆਇਆ‘ ਕਰਦੇ ਹਨ। ਇਸ ਲਫ਼ਜ਼ ‘ਆਲਾ‘ ਨੂੰ ਉਹ ਧਾਤੂ ‘ਆ‘ ਦਾ ‘ਭੂਤਕਾਲ‘ ਮੰਨਦੇ ਹਨ। ਮਰਾਠੀ ਬੋਲੀ ਵਿਚ ਕਿਸੇ ਧਾਤੂ ਤੋਂ ‘ਭੂਤਕਾਲ‘ ਬਣਾਣ ਲਈ ਪਿਛੇਤਰ ‘ਲਾ‘ ਵਰਤੀਦਾ ਹੈ। ਪਰ ਧਾਤੂ ‘ਆ‘ ਤੋਂ ਮਰਾਠੀ ਵਿਚ ‘ਆਲਾ‘ ਭੂਤਕਾਲ ਨਹੀਂ ਬਣਦਾ, ‘ਆ‘ ਅਤੇ ‘ਲਾ‘ ਦੇ ਵਿਚਕਾਰ ‘ਇ‘ ਭੀ ਵਰਤੀ ਜਾਂਦੀ ਹੈ। ‘ਆ‘ ਤੋਂ ਭੂਤਕਾਲ ‘ਆਇਲਾ‘ ਹੈ; ਜਿਵੇਂ: “ਗਰੁੜ ਚੜੇ ਗੋਬਿੰਦੁ ਆਇਲਾ” {ਨਾਮਦੇਵ ਜੀ} ਲਫ਼ਜ਼ ‘ਤੇ‘ ਦਾ ਉਹ ਸੱਜਣ ‘ਅਤੇ‘ ਅਰਥ ਕਰਦੇ ਹਨ। ਇਹ ਭੀ ਗ਼ਲਤ ਹੈ। ‘ਤੇ‘ ਦਾ ਅਰਥ ਹੈ ‘ਤੋਂ‘। ‘ਅਤੇ‘ ਵਾਸਤੇ ਪੁਰਾਣੀ ਪੰਜਾਬੀ ਵਿਚ ਲਫ਼ਜ਼ ‘ਤੈ‘ ਹੈ।੩। ਪਹਿਲਾਂ ਪੁਰਸ਼ (ਅਕਾਲ ਪੁਰਖ) ਪਰਗਟ ਹੋਇਆ {“ਆਪੀਨ੍ਹ੍ਹੈ ਆਪੁ ਸਾਜਿਓ, ਆਪੀਨ੍ਹ੍ਹੈ ਰਚਿਓ ਨਾਉ“}। ਫਿਰ ਅਕਾਲ ਪੁਰਖ ਤੋਂ ਮਾਇਆ (ਬਣੀ) (“ਦੁਯੀ ਕੁਦਰਤਿ ਸਾਜੀਐ“) । ਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ (ਮੇਲ ਹੋਇਆ) (“ਕਰਿ ਆਸਣੁ ਡਿਠੋ ਚਾਉ“) । (ਇਸ ਤਰ੍ਹਾਂ ਇਹ ਸੰਸਾਰ) ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ (ਬਣ ਗਿਆ ਹੈ, ਜੋ) ਇਉਂ ਨੱਚ ਰਿਹਾ ਹੈ ਜਿਵੇਂ (ਖੂਹ ਦੀਆਂ) ਟਿੰਡਾਂ ਵਿਚ ਪਾਣੀ ਨੱਚਦਾ ਹੈ (ਭਾਵ, ਸੰਸਾਰ ਦੇ ਜੀਵ ਮਾਇਆ ਵਿਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ) ।੧।ਰਹਾਉ। ਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ, ਸਾਰੇ ਜੀਅ ਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ। ਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ। ਇਹ ਪ੍ਰਭੂ ਦੀ ਮਾਇਆ (ਦੀ ਪ੍ਰੇਰਨਾ) ਤੋਂ ਸਮਝੋ।੧। ਇਸਤ੍ਰੀਆਂ ਮਰਦ ਸਭ ਨੱਚ ਰਹੇ ਹਨ, (ਪਰ ਇਹਨਾਂ ਸਭਨਾਂ ਵਿਚ) ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ। (ਹੇ ਭਾਈ! ਇਸ ਵਿਚ) ਸ਼ੱਕ ਨਾ ਕਰ, (ਇਸ ਸੰਬੰਧੀ) ਭਰਮ ਦੂਰ ਕਰ ਦੇਹ। ਹਰੇਕ ਇਸਤ੍ਰੀ-ਮਰਦ ਵਿਚ ਪਰਮਾਤਮਾ ਦੇ ਬਚਨ ਹੀ ਇੱਕ-ਰਸ ਹੋ ਰਹੇ ਹਨ (ਭਾਵ, ਹਰੇਕ ਜੀਵ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ) ।੨। (ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ। ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ। ਹੇ (ਪ੍ਰਭੂ) ਜੀ! ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ? (ਤਾਂ) ਹੇ ਜੀ! ਮੈਂ ਨਾਮਾ ਹਾਂ। ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ।੩, ੪। ਸ਼ਬਦ ਦਾ ਭਾਵ: ਮਾਇਆ ਦਾ ਪ੍ਰਭਾਵ ਅਤੇ ਇਸ ਦਾ ਇਲਾਜ। ਇਹ ਸਾਰੀ ਮਾਇਕ ਰਚਨਾ ਪ੍ਰਭੂ ਤੋਂ ਹੀ ਹੋਈ ਹੈ, ਪ੍ਰਭੂ ਸਭ ਵਿਚ ਵਿਆਪਕ ਹੈ। ਪਰ ਜੀਵ ਪ੍ਰਭੂ ਨੂੰ ਵਿਸਾਰ ਕੇ ਮਾਇਆ ਦੇ ਹੱਥ ਉੱਤੇ ਨੱਚ ਰਹੇ ਹਨ। ਪ੍ਰਭੂ ਦੀ ਸ਼ਰਨ ਪਿਆਂ ਹੀ ਇਸ ਤੋਂ ਬਚੀਦਾ ਹੈ।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥
Web: thatta.in | Fb/PindThatta | Twitter@Pind_Thatta | YouTube/PindThatta | WhatsApp: 98728-98928