ਸਨਿੱਚਰਵਾਰ 4 ਨਵੰਬਰ 2017 (19 ਕੱਤਕ ਸੰਮਤ 549 ਨਾਨਕਸ਼ਾਹੀ)
ਸੋਰਠਿ ਮਹਲਾ ੯ ॥ ਮਨ ਰੇ ਕਉਨੁ ਕੁਮਤਿ ਤੈ ਲੀਨੀ ॥ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥ ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥ ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥ ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥ ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥ ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥ ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥ {ਅੰਗ 631-632}
ਅਰਥ: ਹੇ ਮਨ! ਤੂੰ ਕੇਹੜੀ ਭੈੜੀ ਸਿੱਖਿਆ ਲੈ ਲਈ ਹੈ? ਤੂੰ ਪਰਾਈ ਇਸਤ੍ਰੀ, ਪਰਾਈ ਨਿੰਦਿਆ ਦੇ ਰਸ ਵਿਚ ਮਸਤ ਰਹਿੰਦਾ ਹੈਂ। ਪਰਮਾਤਮਾ ਦੀ ਭਗਤੀ ਤੂੰ (ਕਦੇ) ਨਹੀਂ ਕੀਤੀ।੧।ਰਹਾਉ। ਹੇ ਭਾਈ! ਤੂੰ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਰਸਤਾ (ਅਜੇ ਤਕ) ਨਹੀਂ ਸਮਝਿਆ, ਧਨ ਇਕੱਠਾ ਕਰਨ ਲਈ ਤੂੰ ਸਦਾ ਦੌੜ-ਭਜ ਕਰ ਰਿਹਾ ਹੈਂ। (ਦੁਨੀਆ ਦੇ ਪਦਾਰਥਾਂ ਵਿਚੋਂ) ਕਿਸੇ ਨੇ ਭੀ ਆਖ਼ਰ ਕਿਸੇ ਦਾ ਸਾਥ ਨਹੀਂ ਦਿੱਤਾ। ਤੂੰ ਵਿਅਰਥ ਹੀ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ) ਜਕੜ ਰੱਖਿਆ ਹੈ।੧। ਹੇ ਭਾਈ! ਅਜੇ ਤਕ) ਨਾਹ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾਹ ਗੁਰੂ ਦੀ ਸ਼ਰਨ ਪਿਆ ਹੈਂ, ਨਾਹ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਝੀ ਪਈ ਹੈ। ਮਾਇਆ ਤੋਂ ਨਿਰਲੇਪ ਪ੍ਰਭੂ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਪਰ ਤੂੰ (ਬਾਹਰ) ਜੰਗਲਾਂ ਵਿਚ ਉਸ ਨੂੰ ਭਾਲ ਰਿਹਾ ਹੈਂ।੨। ਹੇ ਭਾਈ! ਅਨੇਕਾਂ ਜਨਮਾਂ ਵਿਚ ਭਟਕ ਭਟਕ ਕੇ ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ, ਤੂੰ ਅਜੇਹੀ ਅਕਲ ਨਹੀਂ ਸਿੱਖੀ ਜਿਸ ਦੀ ਬਰਕਤਿ ਨਾਲ (ਜਨਮਾਂ ਦੇ ਗੇੜ ਵਿਚੋਂ) ਤੈਨੂੰ ਅਡੋਲਤਾ ਹਾਸਲ ਹੋ ਸਕੇ। ਹੇ ਨਾਨਕ! ਆਖ-ਹੇ ਭਾਈ! ਗੁਰੂ ਨੇ ਤਾਂ ਇਹ) ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ (ਉੱਚਾ) ਦਰਜਾ ਹਾਸਲ ਕਰ ਕੇ ਪਰਮਾਤਮਾ ਦਾ ਭਜਨ ਕਰ।੩।੩।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥