Today’s Hukamnama from Gurdwara Baba Darbara Singh Ji

104

ਸ਼ੁੱਕਰਵਾਰ 21 ਦਸੰਬਰ 2018 (6 ਪੋਹ ਸੰਮਤ 550 ਨਾਨਕਸ਼ਾਹੀ)

ਸਲੋਕੁ ਮਃ ੩ ॥ ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ {ਅੰਗ 647-648}

ਪਦਅਰਥ: ਸਿਰਿ = ਸਿਰ ਉਤੇ। ਅੰਕਸੁ = ਮਹਾਵਤ ਦਾ ਕੁੰਡਾ। ਊਭੀ = ਖਲੋ ਕੇ, ਸੁਚੇਤ ਹੋ ਕੇ। ਆਪੁ = ਆਪਾ = ਭਾਵ, ਅਪਣੱਤ। ਨਿਵਾਰੀਐ = ਦੂਰ ਕੀਤੀ ਜਾਂਦੀ ਹੈ।

ਅਰਥ: ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਜਿਵੇਂ ਅਹਰਣ (ਵਦਾਨ ਹੇਠਾਂ) ਸਿਰ ਦੇਂਦੀ ਹੈ, ਤਿਵੇਂ ਸਰੀਰ ਤੇ ਮਨ (ਸਤਿਗੁਰੂ ਨੂੰ) ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰੋਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ-ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ।

ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥ {ਪੰਨਾ 648}

ਅਰਥ: ਹੇ ਨਾਨਕ! ਜਦੋਂ ਹਰੀ ਆਪ ਕ੍ਰਿਪਾ ਦੀ ਨਜ਼ਰ ਕਰਦਾ ਹੈ ਤਦੋਂ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਆਉਂਦੀ ਹੈ।੧।

ਮਃ ੩ ॥ ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥ ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥ {ਪੰਨਾ 648}

ਅਰਥ: (ਸੰਸਾਰ ਵਿਚ) ਆਏ ਉਹ ਮਨੁੱਖ ਕਬੂਲ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈਹੇ ਨਾਨਕ! ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਦਰਗਾਹ ਵਿਚ ਆਦਰ ਪਾਂਦੇ ਹਨ।੨।

ਪਉੜੀ ॥ ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥ ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥ ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥ ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥ {ਪੰਨਾ 648}

ਅਰਥ: ਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਆਪੋ ਵਿਚਮਿਲਾਈਆਂ ਹਨਉਹਨਾਂ ਵਿਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ, ਕਈਆਂ ਨੂੰ ਸਤਿਗੁਰੂ ਨੇ (ਹੋਰ) ਕਾਰੇ ਲਾਇਆ ਹੋਇਆ ਹੈਜਿਨ੍ਹਾਂ ਦੇ ਮਨ ਵਿਚ ਪਿਆਰਾ ਗੁਰੂ ਵੱਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ, ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤ੍ਰਾਂ ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ। (ਹੇ ਸਿੱਖ ਸਹੇਲੀਓ!) ਸਾਰੀਆਂ ‘ਗੁਰੂ, ਗੁਰੂ‘ ਆਖੋ, ‘ਗੁਰੂ, ਗੁਰੂ‘ ਆਖਿਆਂ ਗੁਰੂ ਆਤਮਕ ਜੀਵਨ ਦੇ ਦੇਂਦਾ ਹੈ।੧੪।