ਸੋਮਵਾਰ 25 ਸਤੰਬਰ 2017 (10 ਅੱਸੂ ਸੰਮਤ 549 ਨਾਨਕਸ਼ਾਹੀ)
ਬਿਹਾਗੜਾ ਮਹਲਾ ੫ ਛੰਤ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ ਰਾਮ ॥ ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ ਆਵਣੁ ਜਾਣੁ ਸਬਾਏ ਰਾਮ ॥ ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ ॥ ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏ ਇਕਿ ਭਰਮਿ ਭੂਲੇ ਫਿਰਦਿਆ ॥ ਅੰਤੁ ਤੇਰਾ ਤੂੰਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ ॥ ਸਚੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਵਰਤੈ ਧਰਮ ਨਿਆਏ ॥੧॥ {ਅੰਗ 541-542}
ਅਰਥ: ਹੇ ਮੇਰੇ ਪਿਆਰੇ! ਮੈਂ ਪਰਮਾਤਮਾ ਦਾ ਇਕ ਅਚਰਜ ਤਮਾਸ਼ਾ ਵੇਖਿਆ ਹੈ ਕਿ ਉਹ ਜੋ ਕੁਝ ਕਰਦਾ ਹੈ ਧਰਮ ਅਨੁਸਾਰ ਕਰਦਾ ਹੈ, ਨਿਆਂ ਅਨੁਸਾਰ ਕਰਦਾ ਹੈ। ਹੇ ਮੇਰੇ ਪਿਆਰੇ! ਇਹ ਜਗਤ) ਉਸ ਪਰਮਾਤਮਾ ਨੇ ਇਕ ਪਿੜ ਬਣਾ ਦਿੱਤਾ ਹੈ ਇਕ ਰੰਗ-ਭੂਮੀ ਰਚ ਦਿੱਤੀ ਹੈ ਜਿਸ ਵਿਚ ਸਾਰੇ (ਨਟਾਂ ਲਈ, ਪਹਿਲਵਾਨਾਂ ਲਈ) ਜੰਮਣਾ ਮਰਨਾ (ਭੀ ਨਿਯਤ ਕਰ ਦਿੱਤਾ ਹੈ) । (ਜਗਤ ਵਿਚ ਜੀਵਾਂ ਦਾ) ਜੰਮਣਾ ਮਰਨਾ ਉਸੇ ਪਰਮਾਤਮਾ ਨੇ ਬਣਾਇਆ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ। ਕਈ ਜੀਵਾਂ ਨੂੰ ਗੁਰੂ ਮਿਲਾ ਕੇ ਪ੍ਰਭੂ ਆਪਣੀ ਹਜ਼ੂਰੀ ਵਿਚ ਟਿਕਾ ਲੈਂਦਾ ਹੈ, ਤੇ, ਕਈ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਫਿਰਦੇ ਹਨ। ਹੇ ਪ੍ਰਭੂ! ਆਪਣੇ (ਗੁਣਾਂ ਦਾ) ਅੰਤ ਤੂੰ ਆਪ ਹੀ ਜਾਣਦਾ ਹੈਂ, ਤੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ। ਹੇ ਸੰਤ ਜਨੋ! ਸੁਣੋ, ਨਾਨਕ ਇਕ ਅਟੱਲ ਨਿਯਮ ਦੱਸਦਾ ਹੈ (ਕਿ) ਪਰਮਾਤਮਾ ਧਰਮ ਅਨੁਸਾਰ ਨਿਆਂ ਅਨੁਸਾਰ ਦੁਨੀਆ ਦੀ ਕਾਰ ਚਲਾ ਰਿਹਾ ਹੈ।੧।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥