Sultanpur Lodhi: ਡਾਕਟਰ ਅਮਨਪ੍ਰੀਤ ਸਿੰਘ ਦੀ ਪਤਨੀ ਸਮੇਤ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ

170

ਸੁਲਤਾਨਪੁਰ ਲੋਧੀ ਸ਼ਹਿਰ ਦੇ ਇਕ ਡਾਕਟਰ ਨੂੰ ਦੇਰ ਰਾਤ ਇਕ ਸਾਜ਼ਿਸ਼ ਤਹਿਤ ਘਰ ਤੋਂ ਅਗਵਾ ਕਰਕੇ ਨਵੀਂ ਦਿੱਲੀ ਦੇ ਨਸ਼ਾ ਛੁਡਾਓ ਕੇਂਦਰ ਵਿਚ ਭਰਤੀ ਕਰਵਾ ਕੇ ਹਸਪਤਾਲ ਵਿਚੋਂ ਕਥਿਤ ਤੌਰ ‘ਤੇ ਲੱਖਾਂ ਰੁਪਏ ਦੀ ਨਗਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਪੀੜਤ ਡਾਕਟਰ ਦੀ ਪਤਨੀ ਸਮੇਤ 5 ਵਿਅਕਤੀਆਂ ਖਿਲਾਫ਼ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਡਾ: ਅਮਨਪ੍ਰੀਤ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਅਮਨਪ੍ਰੀਤ ਹਸਪਤਾਲ ਸੁਲਤਾਨਪੁਰ ਲੋਧੀ ਨੇ ਐਸ. ਐਸ. ਪੀ. ਕਪੂਰਥਲਾ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਐਮ. ਬੀ. ਬੀ. ਐਸ. ਡਾਕਟਰ ਹੈ ਤੇ ਸੁਲਤਾਨਪੁਰ ਲੋਧੀ ਵਿਚ ਉਸ ਦਾ ਆਪਣਾ ਹਸਪਤਾਲ ਹੈ |

ਉਸ ਨੇ ਸ਼ਿਕਾਇਤ ਵਿਚ ਦੱਸਿਆ ਕਿ 25-26 ਫਰਵਰੀ ਦੀ ਦੇਰ ਰਾਤ ਉਸ ਦੀ ਪਤਨੀ ਨੇ ਨਵੀਂ ਦਿੱਲੀ ਵਿਚ ਸੰਪਰਕ ਫਾਉਂਡੇਸ਼ਨ ਨਾਲ ਸਬੰਧਿਤ ਕੌਾਸਲਰ ਸੁਖਦੇਵ ਸਿੰਘ, ਫ਼ਤਿਹ ਸਿੰਘ ਸ਼ੈਂਕੀ, ਨਵਨੀਤ ਤੇ ਨੀਰਜ ਕੁਮਾਰ ਵਾਸੀ ਨਵੀਂ ਦਿੱਲੀ ਨਾਲ ਮਿਲ ਕੇ ਜਬਰੀ ਇਥੋਂ ਦੇ ਹਸਪਤਾਲ ਵਿਚ ਸਥਿਤ ਉਸ ਦੇ ਘਰ ਵਿਚੋਂ ਅਗਵਾ ਕਰ ਲਿਆ ਜਿਸ ਦੌਰਾਨ ਉਸ ਦੀ ਪਤਨੀ ਨੇ ਕਥਿਤ ਤੌਰ ‘ਤੇ ਨਸ਼ੇ ਦਾ ਇੰਜੈੱਕਸ਼ਨ ਦੇ ਕੇ ਉਸ ਨੂੰ ਬੇਹੋਸ਼ ਕਰ ਦਿੱਤਾ।

ਉਕਤ ਪੰਜ ਦੋਸ਼ੀ ਉਸ ਨੂੰ ਦਿੱਲੀ ਦੇ ਸੰਪਰਕ ਫਾਉਂਡੇਸ਼ਨ ਨਾਂਅ ਦੇ ਨਸ਼ਾ ਛੁਡਾਓ ਕੇਂਦਰ ਵਿਚ ਲੈ ਗਏ ਜਿਥੇ ਉਸ ਨੂੰ ਦੱਸਿਆ ਗਿਆ ਕਿ ਉਸ ਦੀ ਪਤਨੀ 7 ਮਹੀਨੇ ਲਈ ਉਸ ਨੂੰ ਨਸ਼ਾ ਛੁਡਾਓ ਕੇਂਦਰ ਵਿਚ ਭਰਤੀ ਕਰਵਾ ਗਈ ਹੈ ਤੇ ਨਸ਼ੇੜੀ ਬਣਾਉਣ ਲਈ 5 ਦਿਨ ਤੱਕ ਉਸ ਨੂੰ ਨਸ਼ੀਲੇ ਟੀਕੇ ਲਗਾਏ ਗਏ | ਇਸ ਦੌਰਾਨ ਸੁਲਤਾਨਪੁਰ ਲੋਧੀ ਪੁਲਿਸ ਜਦੋਂ ਉਸ ਨੂੰ ਲੈਣ ਦਿੱਲੀ ਪੁੱਜੀ ਤਾਂ ਫਾਉਂਡੇਸ਼ਨ ਦੇ ਕਰਮਚਾਰੀਆਂ ਨੇ ਉਸ ਨੂੰ ਵਾਪਸ ਦੇਣ ਤੋਂ ਨਾਂਹ ਕਰ ਦਿੱਤੀ ਜਿਸ ‘ਤੇ ਉਸ ਦੇ ਪਿਤਾ ਸੁਰਜਨ ਸਿੰਘ ਨੇ ਦਿੱਲੀ ਪੁਲਿਸ ਥਾਣੇ ਵਿਚ ਸ਼ਿਕਾਇਤ ਦੇ ਕੇ ਦਿੱਲੀ ਪੁਲਿਸ ਦੀ ਮਦਦ ਨਾਲ ਉਸ ਨੂੰ ਨਸ਼ਾ ਛੁਡਾਓ ਕੇਂਦਰ ਤੋਂ ਛੁਡਵਾਇਆ |

ਆਪਣੀ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਜਦੋਂ ਆਪਣੇ ਪਿਤਾ ਨਾਲ ਉਹ ਘਰ ਪੁੱਜਾ ਤਾਂ ਵੇਖਿਆ ਕਿ ਘਰ ਦੇ ਕਪਬੋਰਡ ਵਿਚ ਲੱਗਾ ਲਾਕਰ ਟੁੱਟਾ ਪਿਆ ਸੀ ਜਿਸ ਵਿਚੋਂ ਉਸ ਦੀ ਪਤਨੀ ਨੇ 8 ਲੱਖ ਰੁਪਏ ਨਕਦ ਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਹਸਪਤਾਲ ਨਾਲ ਸਬੰਧਿਤ ਸਾਰੇ ਦਸਤਾਵੇਜ਼ ਚੋਰੀ ਕਰ ਲਏ ਸਨ | ਸ਼ਿਕਾਇਤਕਰਤਾ ਡਾ: ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਨਸ਼ਾ ਛੁਡਾਓ ਕੇਂਦਰ ਵਿਚ ਭਰਤੀ ਕਰਵਾਉਣ ਦਾ ਮਕਸਦ ਉਸ ਨੂੰ ਸਰੀਰਕ ਤੌਰ ‘ਤੇ ਖ਼ਤਮ ਕਰਨਾ ਸੀ |

ਐਸ. ਐਸ. ਪੀ. ਕਪੂਰਥਲਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਸ. ਪੀ. ਹੈੱਡ ਕੁਆਰਟਰ ਨੂੰ ਜਾਂਚ ਦੇ ਹੁਕਮ ਦਿੱਤੇ ਤੇ ਡਾਕਟਰ ਵਲੋਂ ਲਗਾਏ ਦੋਸ਼ ਸਹੀ ਪਾਏ ਗਏ ਜਿਸ ਦੇ ਆਧਾਰ ‘ਤੇ ਪੁਲਿਸ ਨੇ ਸੰਦੀਪ ਕੌਰ ਪਤਨੀ ਡਾ: ਅਮਨਪ੍ਰੀਤ ਸਿੰਘ, ਸੁਖਦੇਵ ਸਿੰਘ, ਫ਼ਤਿਹ ਸਿੰਘ ਸ਼ੈਂਕੀ, ਨਵਨੀਤ ਸਿੰਘ ਤੇ ਨੀਰਜ ਕੁਮਾਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ |