ਬੀਤੀ ਦੇਰ ਰਾਤ ਨਵੀਂ ਸਬਜ਼ੀ ਮੰਡੀ ਦੇ ਬਾਹਰ ਬਣੀਆਂ ਅਸਥਾਈ ਦੁਕਾਨਾਂ ਨੂੰ ਅਚਾਨਕ ਅੱਗ ਲੱਗ ਗਈ | ਸੂਚਨਾ ਮਿਲਦਿਆਂ ਹੀ ਪੀ.ਸੀ.ਆਰ. ਟੀਮਾਂ ਤੇ ਫਾਇਰਬਿ੍ਗੇਡ ਦੇ ਅਧਿਕਾਰੀ ਅਜੇ ਗੋਇਲ ਮੌਕੇ ‘ਤੇ ਪਹੁੰਚੇ ਤੇ ਚਾਰ ਘੰਟੇ ਦੀ ਮਸ਼ੱਕਤ ਦੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ | ਇਸ ਮੌਕੇ ਕਰਤਾਰਪੁਰ ਤੇ ਰੇਲ ਕੋਚ ਫ਼ੈਕਟਰੀ ਤੋਂ ਵੀ ਫਾਇਰਬਿ੍ਗੇਡ ਗੱਡੀਆਂ ਦੀ ਮਦਦ ਲਈ ਗਈ |
ਅੱਗ ਲੱਗਣ ਦਾ ਮੁੱਢਲਾ ਕਾਰਨ ਬਿਜਲੀ ਦਾ ਸ਼ਾਰਟਸਰਕਟ ਦੱਸਿਆ ਜਾ ਰਿਹਾ ਹੈ | ਇਸ ਅੱਗ ਦੀ ਘਟਨਾ ਦੌਰਾਨ 11 ਦੁਕਾਨਾਂ ਤੇ 4 ਰੇਹੜੀਆਂ ਸੜ ਕੇ ਸੁਆਹ ਹੋ ਗਈਆਂ | ਪੀ.ਸੀ.ਆਰ. ਤੇ ਫਾਇਰਬਿ੍ਗੇਡ ਦੇ ਕਰਮਚਾਰੀਆਂ ਨੇ ਬੜੀ ਮੁਸ਼ਕਿਲ ਨਾਲ ਅੱਗ ‘ਤੇ ਕਾਬੂ ਪਾਇਆ ਤੇ ਅੱਗ ਲੱਗਣ ਵਾਲੇ ਸਥਾਨ ਦੇ ਨੇੜੇ ਖੜੇ ਕੁਝ ਵਾਹਨਾਂ ਨੂੰ ਬਾਹਰ ਕੱਢ ਕੇ ਅੱਗ ਤੋਂ ਬਚਾਇਆ ਗਿਆ | ਉਕਤ ਘਟਨਾ ਨਾਲ ਦੁਕਾਨਦਾਰਾਂ ਦਾ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਅੱਗ ਬੁਝਾਉਣ ਲਈ ਤਿੰਨ ਗੱਡੀਆਂ ਕਪੂਰਥਲਾ, ਇਕ ਗੱਡੀ ਕਰਤਾਰਪੁਰ ਤੇ ਇਕ ਗੱਡੀ ਆਰ.ਸੀ.ਐਫ. ਤੋਂ ਆਈ ਤੇ ਚਾਰ ਘੰਟੇ ਦੀ ਮਿਹਨਤ ਤੋਂ ਬਾਅਦ 14 ਟੈਂਕਰ ਪਾਣੀ ਦੀ ਵਰਤੋਂ ਕਰਕੇ ਇਸ ਅੱਗ ‘ਤੇ ਕਾਬੂ ਪਾਇਆ ਗਿਆ |
ਜੇ ਸਮੇਂ ਸਿਰ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਨਾ ਹੁੰਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ | ਇਨ੍ਹਾਂ ਦੁਕਾਨਾਂ ਵਿਚ ਰੇਡੀਮੈਡ ਕੱਪੜੇ ਦੀ ਦੁਕਾਨ, ਸਬਜ਼ੀ ਦੀ ਦੁਕਾਨ, ਫਰੂਟ ਦੀਆਂ ਦੁਕਾਨਾਂ ਆਦਿ ਸ਼ਾਮਿਲ ਹਨ | ਪੀੜਤ ਦੁਕਾਨਦਾਰਾਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਮੁੜ ਆਪਣੇ ਪੈਰਾਂ ‘ਤੇ ਖੜੇ ਹੋ ਸਕਣ |
ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ, ਸ਼ਿਵ ਸੈਨਾ ਬਾਲ ਠਾਕਰ ਦੇ ਸੂਬਾਈ ਆਗੂ ਜਗਦੀਸ਼ ਕਟਾਰੀਆ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਮਨੋਜ ਭਸੀਨ ਕੌਾਸਲਰ, ਬ੍ਰਾਹਮਣ ਸਭਾ ਦੇ ਸੂਬਾ ਪ੍ਰਧਾਨ ਲਾਲੀ ਭਾਸਕਰ, ਬਲਵਿੰਦਰ ਸਿੰਘ ਪਿੰਕਾ, ਦੀਪੂ ਪੰਡਿਤ, ਹੈਪੀ ਅਰੋੜਾ ਤੇ ਹੋਰ ਆਗੂਆਂ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਪੀੜਤ ਵਿਅਕਤੀਆਂ ਲਈ ਮੁਆਵਜ਼ੇ ਦੀ ਮੰਗ ਕੀਤੀ |