ਧੀਆਂ
ਨੇ ਰੌਣਕ ਵਿਹੜਿਆਂ ਦੀ ਤੇ ਘਰਾਂ ਦੇ ਭਾਗ ਨੇ ਧੀਆਂ।
ਸਦਾ ਤਹਿਜ਼ੀਬ ਦੇ ਦੁੱਧਾਂ ਨੂੰ ਅੰਮ੍ਰਿਤ ਜਾਗ ਨੇ ਧੀਆਂ।
ਨੇ ਗੰਢਾਂ ਮੋਹ ਦੀਆਂ ਇਹਨਾਂ ਦੇ ਰਾਹੀਂ ਸਾਕ ਬਣਦੇ ਨੇ ,
ਧੀਆਂ ਭੈਣਾਂ ਤੋਂ ਕਈ ਰਿਸ਼ਤੇ ਪਵਿੱਤਰ ਪਾਕ ਬਣਦੇ ਨੇ।
ਨੇ ਪੋਤਰੀਆਂ ਤੇ ਦੋਹਤਰੀਆਂ ਇਹ ਭੈਣਾਂ ਤੇ ਭਤੀਜੜੀਆਂ ,
ਇਹ ਸਾਕਾਗੀਰੀਆਂ ਦੇ ਰਾਹ ਮਿਲਾਵਣ ਵਾਲੀਆਂ ਕੜੀਆਂ।
ਕਦੇ ਇਹ ਹੁੰਦੀਆਂ ਨਣਦਾਂ ਕਦੇ ਬਣ ਜਾਣ ਭਰਜਾਈਆਂ ,
ਕਦੇ ਇਹ ਮਾਸੀਆਂ ਭੂਆ ਕਦੇ ਨੇ ਚਾਚੀਆਂ ਤਾਈਆਂ।
ਮਨਾਵਣ ਖੈਰ ਹਰ ਵੇਲੇ ਅਸੀਸਾਂ ਦੇਂਦੀਆਂ ਧੀਆਂ ,
ਤੇ ਜਾ ਸਹੁਰੇ ਘਰੀਂ ਬਾਬਲ ਦਾ ਰਸਤਾ ਵਿੰਹਦੀਆਂ ਧੀਆਂ।
ਕਿਸੇ ਵੀਰੇ ਦੀ ਵਹੁਟੀ ਦਾ ਇਹਨਾਂ ਨੂੰ ਚਾਅ ਬੜਾ ਹੁੰਦੈ ,
ਤੇ ਬਾਬਲ ਦੀ ਹਵੇਲੀ ਦਾ ਇਹਨਾਂ ਨੂੰ ਭਾਅ ਬੜਾ ਹੁੰਦੈ।
ਇਹਨਾਂ ਦੀ ਰੀਝ ਤੋਂ ਲੰਮੀ ਉਡਾਰੀ ਲਾ ਨਹੀਂ ਹੁੰਦੀ,
ਦਿਲਾਂ ਦੀ ਵੇਦਨਾ ਅੰਮੀ ਨੂੰ ਵੀ ਸਮਝਾ ਨਹੀਂ ਹੁੰਦੀ।
ਹੁਕਮ ਬਾਪੂ ਦਾ ਰੱਬ ਦਾ ਹੀ ਕੋਈ ਫੁਰਮਾਨ ਲਗਦਾ ਹੈ
ਤੇ ਵੀਰੇ ਤੋਂ ਬਿਨਾਂ ਸੁੰਨਾ ਧਰਤ ਅਸਮਾਨ ਲਗਦਾ ਹੈ।
ਅਸੀਸਾਂ ਦੇਣੀਆਂ ਇਹਨਾਂ ਇਹ ਕੁਝ ਵੀ ਲੈਣ ਨਹੀਂ ਆਈਆਂ,
ਇਹ ਪ੍ਰਦੇਸਾਂ ਦੀਆਂ ਕੂੰਜਾਂ ਸਦਾ ਲਈ ਰਹਿਣ ਨਹੀਂ ਆਈਆਂ,
ਇਹਨਾਂ ਦਾ ਜੰਮਣਾ ਨੇਕੀ ਦੇ ਵਿਹੜੇ ਆਉਣ ਵਰਗਾ ਹੈ,
ਧੀਆਂ ਦਾ ਆਉਣ ਸੜਦੇ ਹਾੜ੍ਹ ਮਗਰੋਂ ਸਾਉਣ ਵਰਗਾ ਹੈ।
ਨੇ ਰੌਣਕ ਵਿਹੜਿਆਂ ਦੀ ਤੇ ਘਰਾਂ ਦੇ ਭਾਗ ਨੇ ਧੀਆਂ
ਸਦਾ ਤਹਿਜ਼ੀਬ ਦੇ ਦੁੱਧਾਂ ਨੂੰ ਅੰਮ੍ਰਿਤ ਜਾਗ ਨੇ ਧੀਆਂ।
-ਗੁਰਮੀਤ ਕੌਰ ਸੰਧਾ